ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)
ਕਪੂਰਥਲਾ ਪੁਲਸ ਦੋ ਇਮੀਗ੍ਰੇਸ਼ਨ ਏਜੰਟਾਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਦੀ ਸੁਲਤਾਨਪੁਰ ਲੋਧੀ ਸਥਿਤ ਇੱਕ ਯੂ ਐੱਸ ਡਿਪੋਰਟੀ ਨੇ ਉਸ ਨਾਲ ਧੋਖਾਧੜੀ ਕਰਨ ਅਤੇ ਡੰਕੀ ਰੂਟ ਰਾਹੀਂ ਉਸ ਨੂੰ ਸੁਰੱਖਿਅਤ ਪਹੁੰਚਾਉਣ ਦੀ ਗੱਲ ਨੂੰ ਯਕੀਨੀ ਬਣਾਉਣ ਲਈ ਸਹਿਮਤੀ ਤੋਂ ਵੱਧ ਰਕਮ ਵਸੂਲਣ ਦਾ ਦੋਸ਼ ਲਾਇਆ ਹੈ।
ਪਿੰਡ ਤਰਫ ਨੇਹਬਲ ਬਹਾਦਰ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏਜੰਟਾਂ ਨੇ ਉਸ ਦੀ ਗੈਰ-ਹਾਜ਼ਰੀ ਵਿੱਚ ਉਸ ਦੇ ਪਰਵਾਰ ਤੋਂ ਵਾਅਦੇ ਤੋਂ ਵਾਧੂ ਪੈਸੇ ਲਏ ਹਨ। ਪੁਲਸ ਨੇ ਇਮੀਗ੍ਰੇਸ਼ਨ ਏਜੰਟ ਮਨਿੰਦਰ, ਜੋ ਕਿ ਲੁਧਿਆਣਾ ਦੇ ਸ਼ੇਰਪੁਰ ਦਾ ਵਸਨੀਕ ਹੈ ਅਤੇ ਧਰਮਿੰਦਰ, ਜੋ ਕਿ ਦਿੱਲੀ ਦੇ ਪਹਾੜਗੰਜ ਦਾ ਵਸਨੀਕ ਹੈ, ਵਿਰੁੱਧ ਧੋਖਾਧੜੀ, ਲੋਕਾਂ ਦੀ ਤਸਕਰੀ ਅਤੇ ਭਰੋਸੇ ਨੂੰ ਤੋੜਨ ਦੇ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। 10ਵੀਂ ਜਮਾਤ ਪਾਸ ਆਊਟ ਗੁਰਪ੍ਰੀਤ ਨੇ ਦੱਸਿਆ ਕਿ ਉਸ ਨੂੰ ਮਨਿੰਦਰ ਸਿੰਘ ਦਾ ਸੰਪਰਕ ਨੰਬਰ ਇੱਕ ਦੋਸਤ ਤੋਂ ਮਿਲਿਆ ਸੀ। ਗੁਰਪ੍ਰੀਤ ਨੇ ਦੱਸਿਆ ਕਿ ਮਨਿੰਦਰ ਨੇ ਉਸ ਨੂੰ ਕਿਹਾ ਕਿ ਉਸ ਨੂੰ ਇਕ ਮਹੀਨੇ ਦੇ ਅੰਦਰ 38 ਲੱਖ ਰੁਪਏ ਵਿਚ ਮੈਕਸੀਕੋ ਰਾਹੀਂ ਅਮਰੀਕਾ ਭੇਜ ਦਿੱਤਾ ਜਾਵੇਗਾ। ਗੁਰਪ੍ਰੀਤ ਨੇ ਦੋਸ਼ ਲਾਇਆ ਕਿ ਅਸਲ ਸਹਿਮਤੀ ਵਾਲੀ ਰਕਮ 38 ਲੱਖ ਰੁਪਏ ਹੋਣ ਦੇ ਬਾਵਜੂਦ ਦੋਵੇਂ ਏਜੰਟਾਂ ਨੇ ਉਸ ਦੇ ਪਰਵਾਰ ਤੋਂ 40 ਲੱਖ ਰੁਪਏ ਲੈ ਲਏ।ਐਡੀਸ਼ਨਲ ਇੰਸਪੈਕਟਰ ਜਨਰਲ ਆਫ ਪੁਲਿਸ (ਐੱਨ ਆਰ ਆਈ ਵਿੰਗ), ਜਲੰਧਰ ਬਲਵੀਰ ਸਿੰਘ ਭੱਟੀ ਨੇ ਕਿਹਾ ਕਿ ਜਲਦੀ ਹੀ ਏਜੰਟਾਂ ਦਾ ਪਤਾ ਲਗਾ ਲਿਆ ਜਾਵੇਗਾ।
ਗੁਰਪ੍ਰੀਤ ਪਿਛਲੇ ਸਾਲ 28 ਅਗਸਤ ਨੂੰ ਗੁਆਨਾ ਲਈ ਫਲਾਈਟ ਲੈ ਕੇ ਅਗਲੇ ਦਿਨ ਉੱਥੇ ਪਹੁੰਚ ਗਿਆ ਸੀ। ਏਜੰਟਾਂ ਦਾ ਇੱਕ ਸਾਥੀ ਉਸ ਨੂੰ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਗੁਰਪ੍ਰੀਤ 25 ਦਿਨਾਂ ਤੱਕ ਰਿਹਾ। ਗੁਆਨਾ ਤੋਂ ਉਸ ਨੂੰ ਬ੍ਰਾਜ਼ੀਲ, ਬੋਲੀਵੀਆ, ਪੇਰੂ, ਇਕਵਾਡੋਰ ਅਤੇ ਕੋਲੰਬੀਆ ਲਿਜਾਇਆ ਗਿਆ ਅਤੇ ਅੱਗੇ ਪੈਦਲ ਡੰਕੀ ਰੂਟ ਰਾਹੀਂ ਪਨਾਮਾ ਤੱਕ ਪਹੁੰਚਾਇਆ ਗਿਆ। ਪਨਾਮਾ ਤੋਂ ਗਿ੍ਰਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਤਿੰਨ ਹੋਰਨਾਂ ਨਾਲ ਪੁਲਸ ਨੇ 15 ਦਿਨਾਂ ਲਈ ਇੱਕ ਕੈਂਪ ਵਿੱਚ ਰੱਖਿਆ। ਫਿਰ ਪੁਲਸ ਦੀ ਇੱਕ ਬੱਸ ਉਨ੍ਹਾਂ ਨੂੰ ਹੋਂਡੂਰਸ ਅਤੇ ਗੁਆਟੇਮਾਲਾ ਲੈ ਗਈ। ਗੁਆਟੇਮਾਲਾ ਤੋਂ ਡੋਂਕਰ ਉਨ੍ਹਾਂ ਨੂੰ ਮੈਕਸੀਕੋ ਲੈ ਗਏ। 15 ਜਨਵਰੀ ਨੂੰ ਉਹ ਅਮਰੀਕਾ ਚਲਾ ਗਿਆ, ਜਿੱਥੇ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ।




