ਲੇਡੀ ਡੌਨ ਜ਼ੋਇਆ ਖਾਨ ਲੈ ਲਈ ਅੜਿੱਕੇ

0
114

ਨਵੀਂ ਦਿੱਲੀ : ਦਿੱਲੀ ਦੀ ‘ਲੇਡੀ ਡੌਨ’ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਹਾਸ਼ਿਮ ਬਾਬਾ ਦੀ 33 ਸਾਲਾ ਤੀਜੀ ਪਤਨੀ ਜ਼ੋਇਆ ਖਾਨ ਨੂੰ ਪੁਲਸ ਨੇ ਅਖੀਰ ਗਿ੍ਰਫਤਾਰ ਕਰ ਲਿਆ ਹੈ। ਉਸ ਨੂੰ 225 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੀਬ 1 ਕਰੋੜ ਰੁਪਏ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਜ਼ੋਇਆ ਪੇਜ ਥ੍ਰੀ ਪਾਰਟੀਆਂ ਵਿੱਚ ਜਾਣ ਅਤੇ ਮਹਿੰਗੇ ਕੱਪੜੇ ਪਾਉਣ ਦੀ ਸ਼ੌਕੀਨ ਹੈ। ਪੁਲਸ ਮੁਤਾਬਕ ਗੁਪਤ ਸੂਚਨਾ ਮਿਲੀ ਸੀ ਕਿ ਜ਼ੋਇਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੈ, ਜਿਸ ਮਗਰੋਂ ਉਸ ਖਿਲਾਫ ਹੋਰ ਸਬੂਤ ਜੁਟਾਏ ਗਏ। ਜ਼ੋਇਆ ਬੁੱਧਵਾਰ ਇੱਕ ਅਣਜਾਣ ਵਿਅਕਤੀ ਨੂੰ ਨਸ਼ੀਲੇ ਪਦਾਰਥ ਦੀ ਸਪਲਾਈ ਦੇਣ ਲਈ ਆਈ ਸੀ, ਜਿਸ ਦੌਰਾਨ ਉਸ ਨੂੰ ਕਾਬੂ ਕਰ ਲਿਆ ਗਿਆ। ਜ਼ੋਇਆ ਦਾ ਪਤੀ ਹਾਸ਼ਿਮ ਬਾਬਾ ਦੱਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿੱਚ ਇੱਕ ਜਿੰਮ ਮਾਲਕ ਦੀ ਹੱਤਿਆ ਵਿੱਚ ਕਥਿਤ ਭੂਮਿਕਾ ਲਈ ਪਿਛਲੇ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ। ਜ਼ੋਇਆ ਖਾਨ ਲੰਮੇ ਸਮੇਂ ਤੋਂ ਪੁਲਸ ਦੇ ਨਿਸ਼ਾਨੇ ’ਤੇ ਸੀ, ਪਰ ਹਰ ਵਾਰ ਬਚ ਨਿਕਲਦੀ ਸੀ। ਉਹ ਜੇਲ੍ਹ ਵਿੱਚ ਬੰਦ ਹਾਸ਼ਿਮ ਬਾਬਾ ਦੇ ਅਪਰਾਧਕ ਸਾਮਰਾਜ ਨੂੰ ਚਲਾਉਂਦੀ ਸੀ, ਪਰ ਪ੍ਰਸ਼ਾਸਨ ਕੋਲ ਉਸ ਵਿਰੁੱਧ ਕੋਈ ਪੱਕੇ ਸਬੂਤ ਨਹੀਂ ਸਨ।
ਹਾਸ਼ਿਮ ਬਾਬਾ ਦੇ ਵਿਰੁੱਧ ਹੱਤਿਆ, ਫਿਰੌਤੀ, ਹਥਿਆਰ ਤਸਕਰੀ ਸਮੇਤ ਕਈ ਸੰਗੀਨ ਮਾਮਲੇ ਦਰਜ ਹਨ। ਬਾਬਾ ਨੇ ਜੇਲ੍ਹ ਤੋਂ ਹੀ ਕੋਡ ਭਾਸ਼ਾ ਵਿੱਚ ਜ਼ੋਇਆ ਨੂੰ ਗਰੋਹ ਚਲਾਉਣ ਦੀ ਟਰੇਨਿੰਗ ਦਿੱਤੀ ਸੀ। ਜ਼ੋਇਆ ਖ਼ੁਦ ਆਲੀਸ਼ਾਨ ਜ਼ਿੰਦਗੀ ਜਿਉਂਦੀ ਸੀ ਅਤੇ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਸੀ।
ਜ਼ੋਇਆ ਦੇ ਪਰਵਾਰ ਦਾ ਅਪਰਾਧ ਨਾਲ ਡੂੰਘਾ ਸੰਬੰਧ ਰਿਹਾ ਹੈ। ਉਸ ਦੀ ਮਾਂ 2024 ਵਿੱਚ ਮਨੁੱਖੀ ਤਸਕਰੀ ਦੇ ਦੋਸ਼ਾਂ ਵਿੱਚ ਗਿ੍ਰਫਤਾਰ ਹੋਈ ਸੀ, ਹਾਲਾਂਕਿ ਇਸ ਸਮੇਂ ਜ਼ਮਾਨਤ ’ਤੇ ਬਾਹਰ ਹੈ, ਜਦੋਂ ਕਿ ਉਸ ਦੇ ਪਿਤਾ ਦਾ ਡਰੱਗਜ਼ ਸਪਲਾਈ ਨੈੱਟਵਰਕ ਨਾਲ ਸੰਬੰਧ ਸੀ।
ਜ਼ੋਇਆ ਦੇ ਪਤੀ ਹਾਸ਼ਿਮ ਬਾਬਾ ਦਾ ਨਾਂਅ ਨਾਦਿਰ ਸ਼ਾਹ ਹੱਤਿਆ ਕਾਂਡ ਵਿੱਚ ਵੀ ਸਾਹਮਣੇ ਆਇਆ ਸੀ। ਉਸ ਨੇ ਜੇਲ੍ਹ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸੰਬੰਧ ਬਣਾ ਲਏ ਸਨ। ਲਾਰੈਂਸ ਬਿਸ਼ਨੋਈ ਦਾ ਨਾਂਅ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਅਤੇ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਵਿੱਚ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਹਾਸ਼ਿਮ ਬਾਬਾ ਅਤੇ ਬਿਸ਼ਨੋਈ 2021 ਤੋਂ ਜੇਲ੍ਹ ਵਿੱਚੋਂ ਹੀ ਸੰਪਰਕ ਵਿੱਚ ਸਨ ਅਤੇ ਗੈਰਕਾਨੂੰਨੀ ਮੋਬਾਈਲ ਨੈੱਟਵਰਕ ਦੇ ਜ਼ਰੀਏ ਵੀਡੀਓ ਕਾਲ ਅਤੇ ਮੈਸੇਜਿੰਗ ਨਾਲ ਆਪਣੇ ਗੈਂਗ ਨੂੰ ਚਲਾ ਰਹੇ ਸਨ। ਜ਼ੋਇਆ ਦਾ ਗੈਂਗ ਚੀਨੂ, ਹਾਸ਼ਿਮ ਬਾਬਾ ਅਤੇ ਨਾਸਿਰ ਭਲਵਾਨ ਗੈਂਗ ਨਾਲ ਮਿਲ ਕੇ ਉਤਰ-ਪੂਰਬੀ ਦਿੱਲੀ ਵਿੱਚ ਸਰਗਰਮ ਸੀ। ਇਹ ਗੈਂਗ ਪਹਿਲਾਂ ਡਰੱਗਜ਼ ਤਸਕਰੀ ਵਿੱਚ ਸ਼ਾਮਲ ਸੀ, ਪਰ 2007 ਤੋਂ ਬਾਅਦ ਖੂਨੀ ਗੈਂਗਵਾਰ ਵਿੱਚ ਵੀ ਸ਼ਾਮਲ ਹੋ ਗਏ।