ਬਿਲਕਿਸ ਬਾਨੋ ਨਾਲ ਸਮੂਹਕ ਬਲਾਤਕਾਰ ਤੇ ਉਸ ਦੇ ਪਰਵਾਰ ਦੇ ਸੱਤ ਜੀਆਂ ਦੀ ਹੱਤਿਆ ਦੇ ਮਾਮਲੇ ਵਿਚ 11 ਦੋਸ਼ੀਆਂ ਨੂੰ ਗੁਜਰਾਤ ਸਰਕਾਰ ਦੀ ਖਿਮਾ ਨੀਤੀ ਤਹਿਤ ਰਿਹਾਅ ਕੀਤੇ ਜਾਣ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਉਣ ਵਾਲੇ ਬੰਬੇ ਹਾਈ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਯੂ ਡੀ ਸਾਲਵੀ ਨੇ ਕਿਹਾ ਕਿ ਇਸ ਨਾਲ ਬਹੁਤ ਹੀ ਬੁਰੀ ਮਿਸਾਲ ਕਾਇਮ ਕੀਤੀ ਗਈ ਹੈ। ਹੁਣ ਸਮੂਹਕ ਬਲਾਤਕਾਰ ਦੇ ਹੋਰ ਮਾਮਲਿਆਂ ਦੇ ਦੋਸ਼ੀ ਵੀ ਅਜਿਹੀ ਰਾਹਤ ਦੇਣ ਦੀ ਮੰਗ ਕਰਨਗੇ। ਯਕੀਨਨ ਇਹ ਇਕ ਵਿਡੰਬਨਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੇ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਹੈ ਅਤੇ ਜਿਸ ਰਾਜ ਤੋਂ ਉਹ ਆਉਦੇ ਹਨ, ਉਸ ਨੇ ਉਨ੍ਹਾਂ ਲੋਕਾਂ ਨੂੰ ਰਿਹਾਅ ਕਰ ਦਿੱਤਾ, ਜਿਨ੍ਹਾਂ ਇਕ ਬੇਵੱਸ ਮਹਿਲਾ ਨਾਲ ਸਮੂਹਕ ਬਲਾਤਕਾਰ ਕੀਤਾ ਸੀ।
ਜਸਟਿਸ ਸਾਲਵੀ ਨੇ ਹੇਠਲੀ ਅਦਾਲਤ ਦੇ ਜੱਜ ਵਜੋਂ 2008 ਵਿਚ 11 ਲੋਕਾਂ ਨੂੰ ਦੋਸ਼ੀ ਠਹਿਰਾ ਕੇ ਉਮਰ ਕੈਦ ਦੀ ਸਜ਼ਾ ਦਿੱਤੀ ਸੀ, ਜਦਕਿ 7 ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਹਾਲਾਂਕਿ 2017 ਵਿਚ ਬੰਬੇ ਹਾਈ ਕੋਰਟ ਦੀ ਜਸਟਿਸ ਵਿਜਯਾ ਤਾਹਿਲਰਮਾਨੀ ਤੇ ਮਿ੍ਰਦੁਲਾ ਭਟਕਰ ਦੀ ਬੈਂਚ ਨੇ 11 ਦੀ ਸਜ਼ਾ ਬਰਕਰਾਰ ਰੱਖਦਿਆਂ, ਜਸਟਿਸ ਸਾਲਵੀ ਵੱਲੋਂ ਬਰੀ ਕੀਤੇ 7 ਲੋਕਾਂ ਨੂੰ ਵੀ ਦੋਸ਼ੀ ਠਹਿਰਾਇਆ ਸੀ। ਦੋਸ਼ੀਆਂ ਨੂੰ ਗੁਜਰਾਤ ਸਰਕਾਰ ਨੇ ਆਪਣੀ 1992 ਦੀ ਖਿਮਾ ਨੀਤੀ ਤਹਿਤ ਰਿਹਾਅ ਕੀਤਾ ਹੈ। ਹਾਲਾਂਕਿ 2014 ਦੀ ਨੀਤੀ ਤਹਿਤ ਇਹ ਰਿਹਾਅ ਨਹੀਂ ਹੋਣੇ ਸੀ। ਇਸ ਦੇ ਇਲਾਵਾ ਰਾਜ ਸਰਕਾਰ ਨੇ ਕੇਂਦਰ ਦੀਆਂ ਨਵੀਆਂ ਸੇਧ-ਲੀਹਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਾਲ ਜੂਨ ਵਿਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਹਿੱਸੇ ਵਜੋਂ ਸੇਧ-ਲੀਹਾਂ ਜਾਰੀ ਕੀਤੀਆਂ ਸਨ ਕਿ 15 ਅਗਸਤ 2022, 26 ਜਨਵਰੀ 2023 ਤੇ 15 ਅਗਸਤ 2023 ਨੂੰ ਕੈਦੀਆਂ ਨੂੰ ਵਿਸ਼ੇਸ਼ ਮੁਆਫੀ ਦਿੱਤੀ ਜਾਵੇਗੀ। ਹਾਲਾਂਕਿ ਸੇਧ-ਲੀਹਾਂ ਵਿਚ ਸਪੱਸ਼ਟ ਕੀਤਾ ਗਿਆ ਸੀ ਕਿ ਰਾਜ ਸਰਕਾਰਾਂ ਬਲਾਤਕਾਰ ਤੇ ਹੱਤਿਆ ਦੇ ਦੋਸ਼ੀਆਂ ਨੂੰ ਰਿਹਾਅ ਨਹੀਂ ਕਰ ਸਕਦੀਆਂ। ਜਸਟਿਸ ਸਾਲਵੀ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਕਿ ਕੀ ਰਾਜ ਸਰਕਾਰ ਨੇ ਤਾਜ਼ੀਰਾਤੇ ਹਿੰਦ ਦੀ ਦਫਾ 376 (2) ਜੀ ਤੇ ਇਸ ਦੀ ਪਰਿਭਾਸ਼ਾ ਵਿਚ ਸੋਧ ਕੀਤੀ ਹੈ? ਕੀ ਰਾਜ ਸਰਕਾਰ ਨੇ ਸਮੂਹਕ ਬਲਾਤਕਾਰ ਦੇ ਇਸ ਅਪਰਾਧ ਦੀ ਗੰਭੀਰਤਾ ਦੀ ਪਰਿਭਾਸ਼ਾ ਬਦਲ ਦਿੱਤੀ ਹੈ? ਜੇ ਪਰਿਭਾਸ਼ਾ ਵਿਚ ਸੋਧ ਕੀਤੀ ਹੈ ਤਾਂ ਹੀ 1992 ਦੀ ਨੀਤੀ ਲਾਗੂ ਹੋਵੇਗੀ। ਜੇ ਸਮੂਹਕ ਬਲਾਤਕਾਰ ਦੀ ਪਰਿਭਾਸ਼ਾ ਤੇ ਗੰਭੀਰਤਾ ਬਿਨਾਂ ਸੋਧ ਦੇ ਪਹਿਲਾਂ ਵਾਲੀ ਬਣੀ ਹੋਈ ਹੈ ਤਾਂ 2014 ਦੀ ਨੀਤੀ ਲਾਗੂ ਹੋਵੇਗੀ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਮੁਆਫੀ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਸਜ਼ਾ ਇਹ ਯਕੀਨੀ ਬਣਾਉਣ ਲਈ ਦਿੱਤੀ ਜਾਂਦੀ ਹੈ ਕਿ ਮੁਲਜ਼ਮ ਨੂੰ ਪਤਾ ਲੱਗੇ ਕਿ ਉਸ ਨੇ ਕੁਝ ਗਲਤ ਕੀਤਾ ਹੈ। ਮੁਲਜ਼ਮ ਨੂੰ ਪਛਤਾਵਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਪਸ਼ਚਾਤਾਪ ਕਰਨਾ ਚਾਹੀਦਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਲੋਕਾਂ ਨੇ ਵਰਤਮਾਨ ਮਾਮਲੇ ਵਿਚ ਅਜਿਹਾ ਪਛਤਾਵਾ ਜਾਂ ਪਸ਼ਚਾਤਾਪ ਕੀਤਾ ਹੈ। ਕੀ ਉਨ੍ਹਾਂ ਇਹ ਕਿਹਾ ਹੈ ਕਿ ਉਨ੍ਹਾਂ ਨੂੰ ਅਫਸੋਸ ਹੈ ਅਤੇ ਉਨ੍ਹਾਂ ਨੂੰ ਆਪਣੇ ਅਪਰਾਧ ਦਾ ਅਹਿਸਾਸ ਹੋ ਗਿਆ ਹੈ। ਦੋਸ਼ੀਆਂ ਨੂੰ ਰਿਹਾਅ ਹੋਣ ਦੇ ਬਾਅਦ ਜੇਲ੍ਹ ਦੇ ਬਾਹਰ ਮਿਠਾਈਆਂ ਖੁਆਈਆਂ ਗਈਆਂ ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਹ ਬਹੁਤ ਹੀ ਬੁਰਾ ਹੈ। ਪਤਾ ਨਹੀਂ ਕਿ ਲੋਕ ਉਨ੍ਹਾਂ ਦਾ ਇਸ ਤਰ੍ਹਾਂ ਸਵਾਗਤ ਕਿਉਂ ਕਰ ਰਹੇ ਹਨ। ਦੋਸ਼ੀਆਂ ਨੂੰ ਸਨਮਾਨਤ ਕਰਨ ਵਾਲਿਆਂ ਦਾ ਸਿਆਸੀ ਉਦੇਸ਼ ਤੇ ਏਜੰਡਾ ਹੈ। ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ।