ਅਹਿਮਦਾਬਾਦ : ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਕਿਹਾ ਕਿ ਉਨ੍ਹਾ ਦੇ ਡਿਪਟੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਸਕੂਲਾਂ ਦਾ ਮਿਆਰ ਸੁਧਾਰਨ ਲਈ ਭਾਰਤ ਰਤਨ ਦਿੱਤਾ ਜਾਣਾ ਚਾਹੀਦਾ ਸੀ, ਪਰ ਕੇਂਦਰ ਸਰਕਾਰ ਸਿਆਸੀ ਮੁਫਾਦਾਂ ਲਈ ਉਨ੍ਹਾ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਮਹੀਨੇ ਗੁਜਰਾਤ ਦੀ ਆਪਣੀ ਪੰਜਵੀਂ ਫੇਰੀ ਦੌਰਾਨ ਕੇਜਰੀਵਾਲ ਨੇ ਕਿਹਾ-ਨਿਊ ਯਾਰਕ ਟਾਈਮਜ਼ ਨੇ ਸਾਡੇ ਸਿੱਖਿਆ ਮਾਡਲ ਦੀ ਤਾਰੀਫ ਕੀਤੀ ਹੈ, ਪਰ ਕੇਂਦਰ ਸਰਕਾਰ ਸਿਸੋਦੀਆ ਦੀ ਤਾਰੀਫ ਕਰਨ ਦੀ ਥਾਂ ਉਸ ਨੂੰ ਨਿਸ਼ਾਨਾ ਬਣਾ ਰਹੀ ਹੈ।
ਕੇਜਰੀਵਾਲ ਨੇ ਖਦਸ਼ਾ ਜਤਾਇਆ ਕਿ ਸਿਸੋਦੀਆ ਨੂੰ ਜਲਦੀ ਹੀ ਗਿ੍ਰਫਤਾਰ ਕੀਤਾ ਜਾ ਸਕਦਾ ਹੈ। ਉਨ੍ਹਾ ਕਿਹਾ-ਮਨੀਸ਼ ਸਿਸੋਦੀਆ ਨੂੰ ਗਿ੍ਰਫਤਾਰ ਕੀਤਾ ਜਾ ਸਕਦਾ ਹੈ; ਕੀ ਪਤਾ ਮੈਨੂੰ ਵੀ ਗਿ੍ਰਫਤਾਰ ਕਰ ਲੈਣ। ਇਹ ਸਭ ਗੁਜਰਾਤ ਵਿਧਾਨ ਸਭਾ ਚੋਣਾਂ ਕਰਕੇ ਕੀਤਾ ਜਾ ਰਿਹੈ।
ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੇ ਲੋਕ ਉਦਾਸ ਹਨ ਤੇ ਪਿਛਲੇ 27 ਸਾਲਾਂ ਤੋਂ ਰਾਜ ਵਿਚ ਭਾਜਪਾ ਹਕੂਮਤ ਦੇ ਹੰਕਾਰ ਨੂੰ ਝੱਲ ਰਹੇ ਹਨ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਸੂਬੇ ’ਚ ‘ਆਪ’ ਸਰਕਾਰ ਆਉਣ ’ਤੇ ਗੁਜਰਾਤ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ।
ਕੇਜਰੀਵਾਲ ਨਾਲ ਦੋ ਰੋਜ਼ਾ ਗੁਜਰਾਤ ਦੌਰੇ ’ਤੇ ਪੁੱਜੇ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਉਨ੍ਹਾ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ, ਪਰ ਸ਼ਰਤ ਇਹ ਰੱਖੀ ਹੈ ਕਿ ਇਸ ਲਈ ਆਮ ਆਦਮੀ ਪਾਰਟੀ ਨੂੰ ਤੋੜਨਾ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਉਨ੍ਹਾ ਕੋਲ ਆਏ ਦੂਤ ਨੇ ਭਾਜਪਾ ਵੱਲੋਂ ਦੋ ਪੇਸ਼ਕਸ਼ਾਂ ਰੱਖੀਆਂ ਸਨ। ਦੂਤ ਨੇ ਕਿਹਾ ਕਿ ਪਹਿਲੀ ਪੇਸ਼ਕਸ਼ ਇਹ ਕਿ ਸੀ ਬੀ ਆਈ-ਈ ਡੀ ਵੱਲੋਂ ਦਰਜ ਸਾਰੇ ਕੇਸ ਵਾਪਸ ਲਏ ਜਾਣਗੇ। ਦੂਜੀ ਪੇਸ਼ਕਸ਼ ਇਹ ਸੀ ਕਿ ਮੈਂ ਪਾਰਟੀ ਤੋੜਾਂਗਾ ਤੇ ਉਹ ਤੁਹਾਨੂੰ ਮੁੱਖ ਮੰਤਰੀ ਬਣਾਉਣਗੇ।
ਸਿਸੋਦੀਆ ਨੇ ਕਿਹਾ-ਮੈਂ ਉਸ ਨੂੰ ਸਪੱਸ਼ਟ ਸਿਆਸੀ ਜਵਾਬ ਦਿੱਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰੇ ਸਿਆਸੀ ਗੁਰੂ ਹਨ ਤੇ ਮੈਂ ਸਿਆਸਤ ਦਾ ਸਬਕ ਉਨ੍ਹਾ ਕੋਲੋਂ ਹੀ ਲਿਆ ਹੈ। ਮੈਂ ਸਿਆਸਤ ਵਿਚ ਸੀ ਐੱਮ ਜਾਂ ਪੀ ਐੱਮ ਬਣਨ ਲਈ ਨਹੀਂ ਆਇਆ।
ਸਿਸੋਦੀਆ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾ ਖਿਲਾਫ ਲੱਗੇ ਸਾਰੇ ਦੋਸ਼ ਝੂਠੇ ਹਨ ਤੇ ਉਹ ‘ਸਾਜ਼ਿਸ਼ਕਾਰਾਂ ਤੇ ਭਿ੍ਰਸ਼ਟ ਲੋਕਾਂ’ ਅੱਗੇ ਨਹੀਂ ਝੁਕਣਗੇ। ਕਾਬਿਲੇਗੌਰ ਹੈ ਕਿ ਸਿਸੋਦੀਆ ਉਨ੍ਹਾਂ 15 ਵਿਅਕਤੀਆਂ ਤੇ ਐਂਟਿਟੀਜ਼ ਵਿਚ ਸ਼ਾਮਲ ਹਨ, ਜਿਨ੍ਹਾਂ ਖਿਲਾਫ ਸੀ ਬੀ ਆਈ ਨੇ ਦਿੱਲੀ ਆਬਕਾਰੀ ਨੀਤੀ ਨੂੰ ਲਾਗੂ ਕਰਨ ਮੌਕੇ ਕਥਿਤ ਬੇਨਿਯਮੀਆਂ ਦੇ ਦੋਸ਼ ਵਿਚ ਐੱਫ ਆਈ ਆਰ ਦਰਜ ਕੀਤੀ ਹੈ।
ਸਿਸੋਦੀਆ ਨੇ ਸਵੇਰੇ ਟਵੀਟ ਕਰਦਿਆਂ ਕਿਹਾ ਸੀ-ਮੈਨੂੰ ਭਾਜਪਾ ਵੱਲੋੋਂ ਸੁਨੇਹਾ ਮਿਲਿਆ ਹੈ-‘ਆਪ’ ਛੱਡੋ ਤੇ ਭਾਜਪਾ ਵਿਚ ਸ਼ਾਮਲ ਹੋਵੋ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸੀ ਬੀ ਆਈ ਤੇ ਈ ਡੀ ਵੱਲੋਂ ਤੁਹਾਡੇ ਖਿਲਾਫ ਦਰਜ ਸਾਰੇ ਕੇਸ ਵਾਪਸ ਲਏ ਜਾਣਗੇ, ਪਰ ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਤੇ ਰਾਜਪੂਤ ਹਾਂ। ਮੈਂ ਆਪਣਾ ਸਿਰ ਕਟਾਉਣ ਲਈ ਤਿਆਰ ਹਾਂ, ਪਰ ਸਾਜ਼ਿਸ਼ਕਾਰਾਂ ਤੇ ਭਿ੍ਰਸ਼ਟ ਲੋਕਾਂ ਅੱਗੇ ਨਹੀਂ ਝੁਕਾਂਗਾ। ਮੇਰੇ ਖਿਲਾਫ ਦਰਜ ਕੇਸ ਝੂਠੇ ਹਨ। ਤੁਸੀਂ ਜੋ ਕਰਨਾ ਹੈ, ਕਰ ਲਵੋ। ਇਸੇ ਦੌਰਾਨ ਭਾਜਪਾ ਨੇ ਕੇਜਰੀਵਾਲ ਤੇ ਸਿਸੋਦੀਆ ’ਤੇ ਤਾਜ਼ਾ ਹੱਲਾ ਬੋਲਦਿਆਂ ਕਿਹਾ ਕਿ ਆਬਕਾਰੀ ਨੀਤੀ ਬਾਰੇ ਕੀਤੀਆਂ ਸਿਫਾਰਸ਼ਾਂ ਤੇ ‘ਆਪ’ ਸਰਕਾਰ ਨੇ ਜਿਹੜੀ ਨੀਤੀ ਲਾਗੂ ਕੀਤੀ, ਉਸ ਵਿਚ ਵੱਡਾ ਫਰਕ ਸੀ। ਭਾਜਪਾ ਦੇ ਕੌਮੀ ਤਰਜਮਾਨ ਗੌਰਵ ਭਾਟੀਆ ਨੇ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਿ੍ਰਸ਼ਟਾਚਾਰ ਦੇ ਦੋਸ਼ਾਂ ਬਾਰੇ ਕੇਜਰੀਵਾਲ ਦੀ ਖਾਮੋਸ਼ੀ ਸਾਬਤ ਕਰਦੀ ਹੈ ਕਿ ਉਹ ‘ਕੱਟੜ ਬੇਈਮਾਨ’ ਹਨ।
ਭਾਟੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਇਸ ‘ਹੰਕਾਰ’ ਨੂੰ ਦਿੱਲੀ ਦੇ ਲੋਕ ਤੋੜਨਗੇ, ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਉਹ ਨਹੀਂ ਦੇ ਰਹੇ।