ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ, ਰਾਜਵੀਰ ਸਿੰਘ)
ਪੰਜਾਬ ਵਾਸੀਆਂ ਪਾਸੋਂ ਪਸ਼ੂਆਂ ਦੀ ਸੇਵਾ ਸੰਭਾਲ ਲਈ ਗਊ ਸੈਸ ਦੇ ਨਾਂਅ ’ਤੇ ਕਰੋੜਾਂ ਰੁਪਏ ਇਕੱਠੇ ਕਰਨ ਵਾਲੀ ਸੂਬਾ ਸਰਕਾਰ ਦੇ ਰਾਜ ਵਿੱਚ ਆਮ ਲੋਕਾਂ ਅਤੇ ਬੇਸਹਾਰਾ ਗਊਆਂ ਦਾ ਖੂਨ ਸੜਕਾਂ ’ਤੇ ਵਹਿ ਰਿਹਾ ਹੈ। ਵੋਟਾਂ ਵੇਲੇ ਪੰਜਾਬ ਵਾਸੀਆਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅਜੇ ਤੱਕ ਲਵਾਰਿਸ ਗਊ ਧਨ ਦੀ ਸਮੱਸਿਆ ਨੂੰ ਠੰਢੇ ਬਸਤੇ ਪਾ ਕੇ ਰੱਖਿਆ ਹੋਇਆ ਹੈ। ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕੰਮ-ਕਾਜ ਦਾ ਤਰੀਕਾ ਵੀ ਆਪਣੇ ਸੁਭਾਅ ਨੂੰ ਛੱਡਣ ਨੂੰ ਤਿਆਰ ਨਹੀਂ ਹੈ। ਪਿਛਲੀਆਂ ਸ਼ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਦੇ ਰਾਜ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੱਤਾ ਦੇ ਬਿਸਤਰੇ ’ਤੇ ਅਰਾਮ ਫਰਮਾ ਰਹੀ ਹੈ। ਸਮੱਸਿਆਵਾਂ ਦੇ ਸਿਰਹਾਣੇ ’ਤੇ ਸਿਰ ਰੱਖ ਸੁੱਤੀ ਸਰਕਾਰ ਨੇ ਆਮ ਜਨਤਾ ਦੀ ਨੀਂਦ ਹਰਾਮ ਕੀਤੀ ਹੋਈ ਹੈ। ਅਵਾਰਾ ਪਸ਼ੂਆਂ ਕਾਰਨ ਹੋ ਰਹੇ ਸੜਕ ਹਾਦਸਿਆਂ ਤੋਂ ਬਾਅਦ ਦਹਿਸ਼ਤ ਦੇ ਮਹੌਲ ਵਿੱਚ ਜੀ ਰਹੇ ਲੋਕ ਸਾਧਨਾਂ ’ਤੇ ਘਰੋਂ ਕੰਮ ਲਈ ਨਿਕਲੇ ਆਪਣੇ ਪਰਵਾਰਕ ਮੈਂਬਰਾਂ ਦੀ ਸਹੀ-ਸਲਾਮਤ ਘਰ ਪਰਤਣ ਲਈ ਰਾਹ ਤੱਕਦੇ ਰਹਿੰਦੇ ਹਨ। ਸੁਲਤਾਨਪੁਰ ਲੋਧੀ ਖੇਤਰ ਵਿੱਚ ਪਿਛਲੇ ਦਿਨੀਂ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਦੋ ਲੋਕਾਂ ਨੂੰ ਮੌਤ ਦੀ ਬਲੀ ਚੜ੍ਹਾ ਦਿੱਤਾ ਅਤੇ ਅਨੇਕਾਂ ਹੋਰਾਂ ਨੂੰ ਜ਼ਖਮੀ ਕਰ ਦਿੱਤਾ। ਅਵਾਰਾ ਪਸ਼ੂਆਂ ਨਾਲ ਟਕਰਾਉਣ ਨਾਲ ਮਾਰਿਆ ਗਿਆ ਫਾਜਲਵਾਲ ਤਹਿਸੀਲ ਸ਼ਾਹਕੋਟ ਨਾਲ ਸੰਬੰਧਤ ਸੁਖਜਿੰਦਰ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਾਈਕ ’ਤੇ ਸਵਾਰ ਹੋ ਕੇ ਸ਼ਾਹਕੋਟ ਤੋਂ ਸੁਲਤਾਨਪੁਰ ਲੋਧੀ ਅਤੇ ਸਹੁਰੇ ਘਰ ਜਾ ਰਿਹਾ ਸੀ। ਰਾਤ ਅੱਠ ਵਜੇ ਦੇ ਕਰੀਬ ਤਾਸਪੁਰ ਰੋਡ ’ਤੇ ਇਕ ਬੇਸਹਾਰਾ ਗਾਂ ਨਾਲ ਟਕਰਾਅ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ, ਜਿਹਨਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਪਰ ਇਸ ਹਾਦਸੇ ਨੇ ਸੁਖਜਿੰਦਰ ਸਿੰਘ ਦੀ ਜਾਨ ਲੈ ਲਈ ਅਤੇ ਉਸ ਦੀ ਬੇਟੀ ਅਨੰਨਿਆ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਉਸ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ। ਮਿ੍ਰਤਕ ਦੇ ਵਾਰਸਾਂ ਨੇ ਕਿਹਾ ਕਿ ਲੋਕਾਂ ਕੋਲੋਂ ਟੈਕਸ ਵਸੂਲੀ ਕਰਨ ਦੇ ਬਾਵਜੂਦ ਗਾਵਾਂ ਸੜਕਾਂ ਉੱਤੇ ਕਿਉਂ ਘੁੰਮ ਰਹੀਆਂ ਹਨ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਵਜ੍ਹਾ ਕਾਰਨ ਉਨ੍ਹਾਂ ਨੇ ਪਰਵਾਰ ਦਾ ਇਕਲੌਤਾ ਕਮਾਊ ਜੀਅ ਗੁਆ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਜਿਹੇ ਹੀ ਇਕ ਹੋਰ ਮਾਮਲੇ ਵਿਚ 42 ਸਾਲਾ ਗੁਰਦੇਵ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਮੀਰੇ ਜੋ ਕਿ ਪੇਂਟਰ ਦਾ ਕੰਮ ਕਰਦਾ ਸੀ, ਬੀਤੀ ਰਾਤ ਕੰਮ ਤੋਂ ਪਰਤਣ ਸਮੇਂ ਮੋਟਰ ਸਾਇਕਲ ਉੱਤੇ ਸਵਾਰ ਹੋ ਕੇ ਘਰ ਆ ਰਿਹਾ ਸੀ ਤਾਂ ਪਿੰਡ ਹਰਨਾਮਪੁਰ ਤੋਂ ਮੀਰੇ ਦੇ ਵਿਚਾਲੇ ਸੜਕ ’ਤੇ ਘੁੰਮ ਰਹੇ ਇੱਕ ਅਵਾਰਾ ਗਊਵੰਸ ਨਾਲ ਟਕਰਾਅ ਕੇ ਜ਼ਖਮੀ ਹੋ ਗਿਆ ਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
ਸੁਲਤਾਨਪੁਰ ’ਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਦੇ ਪਾਲਣ-ਪੋਸ਼ਣ ਲਈ ਪਿੰਡ ਕਮਾਲਪੁਰ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਕੈਟਲ ਪੌਂਡ (ਸਰਕਾਰੀ ਗਊਸ਼ਾਲਾ) ਪਿਛਲੇ 6 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਿਹਾ ਹੈ, ਪਰ ਜਿਸ ਤਰ੍ਹਾਂ ਸੁਲਤਾਨਪੁਰ ਲੋਧੀ ਖੇਤਰ ਅੰਦਰ ਵੱਡੀ ਪੱਧਰ ’ਤੇ ਬੇਸਹਾਰਾ ਗਊਆਂ ਅਤੇ ਗਊਵੰਸ਼ ਸੜਕਾਂ ’ਤੇ ਘੁੰਮ ਰਹੇ ਹਨ, ਤੋਂ ਇੱਕ ਗੱਲ ਸਾਫ ਹੈ ਕਿ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਗੰਭੀਰ ਨਹੀਂ ਹਨ। ਨਾਲ ਹੀ ਇਸ ਗਊਸ਼ਾਲਾ ਵਿੱਚ ਕਥਿਤ ਤੌਰ ’ਤੇ ਪ੍ਰਬੰਧਕੀ ਬੇਨਿਯਮੀਆਂ ਵੀ ਹਨ। ਗਊਸ਼ਾਲਾ ਦਾ ਪ੍ਰਬੰਧ ਵੇਖ ਰਹੇ ਅਧਿਕਾਰੀਆਂ ਨੇ ਬਿਨਾਂ ਭੋਜਨ ਤੋਂ ਸੜਕਾਂ ’ਤੇ ਘੁੰਮ ਰਹੀਆਂ ਗਊਆਂ ਨੂੰ ਸਹਾਰਾ ਦੇਣ ਲਈ ਕੋਈ ਪੁਖਤਾ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ।
ਸੂਬੇ ਦੀ ਪਛਾਣ ਗਊਵੰਸ਼ ਦੀ ਅੱਜ ਹੋ ਰਹੀ ਬੇਕਦਰੀ ਲਈ ਸਰਕਾਰ ਹੀ ਨਹੀਂ ਸਗੋਂ ਸਮਾਜ ਵੀ ਜ਼ਿੰਮੇਵਾਰ ਹੈ, ਜੋ ਦੁੱਧ ਦੀ ਲੋੜ ਪੂਰੀ ਹੁੰਦੇ ਹੀ ਪਸ਼ੂਆਂ ਨੂੰ ਬੇਸਹਾਰਾ ਸੜਕਾਂ ’ਤੇ ਘੁੰਮਣ ਲਈ ਛੱਡ ਦਿੰਦੇ ਹਨ। ਆਲਮ ਇਹ ਹੈ ਕਿ ਗਊ ਸੇਵਾ ਦੇ ਨਾਂਅ ਅਨੇਕਾਂ ਸੰਗਠਨ ਕੰਮ ਕਰ ਰਹੇ ਹਨ, ਪਰ ਗਊ ਧਨ ਦੀ ਬੇਕਦਰੀ ਅੱਗੇ ਸਾਰੇ ਬੇਵੱਸ ਨਜ਼ਰ ਆ ਰਹੇ ਹਨ। ਸਾਨੂੰ ਇਹ ਬਿਲਕੁਲ ਵੀ ਭੁੱਲਣਾ ਨਹੀਂ ਚਾਹੀਦਾ ਕਿ ਸਾਰੀ ਜਵਾਬਦੇਹੀ ਸਰਕਾਰ ’ਤੇ ਥੋਪਣ ਨਾਲ ਅਸੀਂ ਸਮੱਸਿਆ ਤੋਂ ਮੁਕਤ ਨਹੀਂ ਹੋ ਸਕਦੇ। ਸੜਕ ਹਾਦਸਿਆਂ ਤੋਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਸਾਰਿਆਂ ਨੂੰ ਇੱਕਜੁਟ ਹੋ ਕੇ ਅਜਿਹੇ ਸਮੂਹਿਕ ਉਪਰਾਲੇ ਕਰਨ ਦੀ ਲੋੜ ਹੈ, ਜਿਸ ਨਾਲ ਇਸ ਸਮੱਸਿਆ ਦਾ ਹੱਲ ਨਿਕਲ ਸਕੇ। ਗੌਰਤਲਬ ਹੈ ਕਿ ਸਰਕਾਰ ਵੱਲੋਂ ਗਊ ਸੈੱਸ ਦੇ ਨਾਂਅ ’ਤੇ ਕਰੋੜਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ। ਇਸ ਸਕੀਮ ਰਾਹੀਂ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਉਗਰਾਹੀ ਕਿੱਥੇ ਜਾ ਰਹੀ ਹੈ? ਚੇਤੇ ਰਹੇ ਕਿ ਪੰਜਾਬ ਸਰਕਾਰ ਵੱਲੋਂ ਇਹ ਉਗਰਾਹੀ ਚਾਰ ਪਹੀਆ, ਦੋਪਹੀਆ ਵਾਹਨ ਖਰੀਦਣ, ਮੈਰਿਜ ਪੈਲੇਸ ਦੀ ਬੁਕਿੰਗ ਕਰਵਾਉਣ, ਸੀਮਿੰਟ ਦੇ ਹਰ ਥੈਲੇ ਨੂੰ ਖਰੀਦਣ, ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀ ਹਰੇਕ ਬੋਤਲ ਨੂੰ ਖਰੀਦਣ ਤੇਲ ਟੈਂਕਰਾਂ ’ਤੇ ਬਿਜਲੀ ਦੇ ਬਿੱਲਾਂ ਆਦਿ ਰਾਹੀਂ ਕੀਤੀ ਜਾ ਰਹੀ ਹੈ। ਇਸ ਦਾ ਮਤਲਬ ਇਹ ਕਿ ਸਰਕਾਰ ਦੇ ਕੋਲ ਬੇਸਹਾਰਾ ਗਊਆਂ ਅਤੇ ਗਊਵੰਸ਼ ਨੂੰ ਸੰਭਾਲਣ ਵਾਸਤੇ ਵੱਡੀ ਪੱਧਰ ਉੱਤੇ ਧਨ ਰਾਸ਼ੀ ਉਪਲੱਬਧ ਹੈ ਪ੍ਰੰਤੂ ਗਊਆਂ ਅਤੇ ਗਊਵੰਸ਼ ਭੁੱਖਾ-ਭਾਣਾ ਸੜਕਾਂ ’ਤੇ ਹੈ, ਜਿਸ ਤੋਂ ਬਾਅਦ ਟੈਕਸ ਭਰਨ ਵਾਲੀ ਪੰਜਾਬ ਦੀ ਜਨਤਾ ਦੇ ਮਨਾਂ ਵਿੱਚ ਸ਼ੰਕਾ ਹੈ ਕਿ ਇਸ ਧਨ ਨੂੰ ਸਰਕਾਰ ਕਥਿਤ ਤੌਰ ’ਤੇ ਖਾ ਰਹੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਏ ਇਸ ਸ਼ੰਕੇ ਨੂੰ ਦੂਰ ਕਰੇ। ਇਕੱਲੇ ਸ਼ੰਕੇ ਨੂੰ ਦੂਰ ਕਰਨਾ ਹੀ ਨਹੀਂ, ਦੁੱਧ ਵੇਚ ਵੱਟ ਕੇ ਘਰੋਂ ਬੇਘਰ ਕੀਤੀਆਂ ਜਾ ਰਹੀਆਂ ਗਾਵਾਂ ਅਤੇ ਗਊਵੰਸ਼ ਕਾਰਨ ਪੈਦਾ ਹੋ ਚੁੱਕੀ ਸਮੱਸਿਆ ਨੂੰ ਗੰਭੀਰਤਾ ਨਾਲ ਦੂਰ ਕਰਨ ਲਈ ਜਲਦੀ ਹੀ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।