ਆਗਰਾ : ਬੇਂਗਲੂਰੂ ਵਾਸੀ ਤਕਨੀਕੀ ਮਾਹਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਦੇ ਮਾਮਲੇ ਵਾਂਗ ਆਗਰਾ ਦੇ 30 ਸਾਲਾ ਟੈੱਕ ਕਰਮੀ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਸ ਵੀਡੀਓ ਵਿੱਚ ਉਸ ਨੇ ਆਪਣੀ ਪਤਨੀ ’ਤੇ ਦੋਸ਼ ਲਗਾਏ ਹਨ।
ਆਗਰਾ ਦੀ ਡਿਫੈਂਸ ਕਲੋਨੀ ਦੇ ਰਹਿਣ ਵਾਲੇ ਮਾਨਵ ਸ਼ਰਮਾ, ਜੋ ਮੁੰਬਈ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਸੀ, ਨੇ ਪਿਛਲੇ ਸਾਲ 30 ਜਨਵਰੀ ਨੂੰ ਨਿਕੇਤਾ ਨਾਲ ਵਿਆਹ ਕਰਵਾਇਆ ਸੀ। ਉਸ ਨੇ ਸੋਮਵਾਰ (24 ਫਰਵਰੀ) ਨੂੰ ਖੁਦਕੁਸ਼ੀ ਕਰ ਲਈ। ਪੁਲਸ ਨੇ ਖੁਦਕੁਸ਼ੀ ਲਈ ਉਕਸਾਉਣ ਸੰਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।
ਮਿ੍ਰਤਕ ਦੇ ਪਿਤਾ ਨਰਿੰਦਰ ਸ਼ਰਮਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਮਾਨਵ ਅਤੇ ਨਿਕੇਤਾ 23 ਫਰਵਰੀ ਨੂੰ ਆਗਰਾ ਆਏ ਸਨ। ਉਦੋਂ ਮਾਨਵ ਨਿਕੇਤਾ ਦੇ ਨਾਲ ਉਸ ਦੇ ਪੇਕੇ ਘਰ ਗਿਆ, ਜਿੱਥੇ ਕਥਿਤ ਤੌਰ ’ਤੇ ਉਸ ਦਾ ਨਿਰਾਦਰ ਕੀਤਾ ਗਿਆ। ਉਸ ਨੇ 24 ਫਰਵਰੀ ਨੂੰ ਸਵੇਰੇ 5 ਵਜੇ ਘਰ ਆ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਗੰਭੀਰ ਕਦਮ ਚੁੱਕਣ ਤੋਂ ਪਹਿਲਾਂ ਮਾਨਵ ਨੇ ਆਪਣੇ ਮੋਬਾਇਲ ’ਤੇ ਇਕ ਵੀਡੀਓ ਰਿਕਾਰਡ ਕੀਤੀ, ਜਿਸ ਵਿੱਚ ਉਸ ਨੇ ਪਤਨੀ ’ਤੇ ਉਸ ਦੀ ਮੌਤ ਦਾ ਦੋਸ਼ ਲਗਾਇਆ।
ਜਿਵੇਂ ਹੀ ਵੀਡੀਓ ਵਾਇਰਲ ਹੋਈ ਤਾਂ ਨਿਕੇਤਾ ਨੇ ਇੱਕ ਜਵਾਬੀ ਵੀਡੀਓ ਜਾਰੀ ਕੀਤੀ, ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਮਾਨਵ ਉਸ ਨਾਲ ਦੁਰਵਿਹਾਰ ਕਰਦਾ ਸੀ ਅਤੇ ਮਾਨਵ ਨੇ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਉਸ ਨੇ ਨਾਕਾਮ ਕਰ ਦਿੱਤਾ ਸੀ।
ਏ ਸੀ ਪੀ ਵਿਨਾਇਕ ਭੋਸਲੇ ਨੇ ਕਿਹਾ ਕਿ ਮਾਨਵ ਦਾ ਪੋਸਟਮਾਰਟਮ 24 ਫਰਵਰੀ ਨੂੰ ਕੀਤਾ ਗਿਆ ਸੀ, ਪਰ ਉਸ ਸਮੇਂ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਸੀ। ਮਾਨਵ ਦੀ ਭੈਣ ਨੇ ਬਾਅਦ ਵਿਚ ਉਸ ਦੇ ਫੋਨ ’ਤੇ ਵੀਡੀਓ ਦੇਖੀ, ਜਿਸ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ।