ਮੁੱਲਾਂਪੁਰ ਦਾਖਾ : ਨੇੜਲੇ ਪਿੰਡ ਚੱਕ ਕਲਾਂ ਦੇ ਖੇਤਾਂ ’ਚ ਬਣੇ ਘਰ ’ਚ ਸ਼ੁੱਕਰਵਾਰ ਰਾਤ ਸ਼ਰਾਬ ਪੀਣ ਸਮੇਂ ਦੋ ਪਰਵਾਸੀ ਮਜ਼ਦੂਰਾਂ ਤੇ ਦੋ ਪੰਜਾਬੀਆਂ ਵਿਚਕਾਰ ਹੋਏ ਝਗੜੇ ’ਚ ਪਰਵਾਸੀ ਮਜ਼ਦੂਰਾਂ ਨੇ ਵਰਿੰਦਰ ਸਿੰਘ ਤੇ ਕਰਮਜੀਤ ਸਿੰਘ ’ਤੇ ਹਮਲਾ ਕੀਤਾ, ਜਿਸ ’ਚ ਵਰਿੰਦਰ ਸਿੰਘ ਦੀ ਜਾਨ ਜਾਂਦੀ ਰਹੀ, ਜਦੋਂਕਿ ਕਰਮਜੀਤ ਸਿੰਘ ਗੰਭੀਰ ਜ਼ਖਮੀ ਹੋਣ ਕਰਕੇ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ। ਦੋਵੇਂ ਮੁਲਜ਼ਮ ਫਰਾਰ ਹੋ ਗਏ। ਪਿੰਡ ਖੰਜਰਵਾਲ ਨੂੰ ਜਾਂਦੇ ਰਸਤੇ ’ਤੇ ਬਣੇ ਇਸ ਘਰ ’ਚ ਆਲੂ ਦੇ ਖੇਤਾਂ ’ਚ ਕੰਮ ਕਰਦੇ ਇਹ ਚਾਰੇ ਮਜ਼ਦੂਰ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ। ਵਰਿੰਦਰ ਸਿੰਘ ਪਿੰਡ ਕੱਸੂਆਣਾ, ਜ਼ਿਲ੍ਹਾ ਫਿਰੋਜ਼ਪੁਰ ਦਾ ਸੀ ਅਤੇ ਜ਼ਖਮੀ ਕਰਮਜੀਤ ਸਿੰਘ ਪਿੰਡ ਪੰਡੋਰੀ ਖੱਤਰੀਆਂ, ਜ਼ਿਲ੍ਹਾ ਫਿਰੋਜ਼ਪੁਰ ਦਾ ਹੈ।