ਪੁਣੇ : ਪੁਲਸ ਨੇ ਪੁਣੇ ਦੇ ਸਵਾਰਗੇਟ ਬੱਸ ਅੱਡੇ ’ਤੇ ਬੱਸ ਵਿਚ 26 ਸਾਲਾ ਮਹਿਲਾ ਨਾਲ ਕਥਿਤ ਬਲਾਤਕਾਰ ਕਰਨ ਵਾਲੇ ਮੁਲਜ਼ਮ ਨੂੰ ਸ਼ੁੱਕਰਵਾਰ ਸ਼ਿਰੂਰ ਤੋਂ ਹਿਰਾਸਤ ਵਿੱਚ ਲੈ ਲਿਆ। ਮੁਲਜ਼ਮ ਦੱਤਾਤ੍ਰੇਯ ਗੜੇ ਨੂੰ ਅੱਧੀ ਰਾਤ ਨੂੰ ਕਾਬੂ ਕੀਤਾ। ਗੜੇ (37), ਜੋ ਇੱਕ ਪੇਸ਼ੇਵਰ ਮੁਲਜ਼ਮ ਹੈ, ਨੇ ਮੰਗਲਵਾਰ ਦੀ ਸਵੇਰ ਨੂੰ ਸਰਕਾਰੀ ਬੱਸ ਵਿੱਚ ਮਹਿਲਾ ਨਾਲ ਕਥਿਤ ਜਬਰ-ਜ਼ਨਾਹ ਕੀਤਾ ਸੀ। ਮੁਲਜ਼ਮ ਖਿਲਾਫ਼ ਪੁਣੇ ਅਤੇ ਅਹਿਲਿਆਨਗਰ ਜ਼ਿਲ੍ਹਿਆਂ ਵਿੱਚ ਅੱਧਾ ਦਰਜਨ ਚੋਰੀ, ਡਕੈਤੀ ਅਤੇ ਚੇਨ ਖੋਹਣ ਦੇ ਮਾਮਲੇ ਦਰਜ ਹਨ। ਉਹ 2019 ਤੋਂ ਇਕ ਕੇਸ ਵਿਚ ਜ਼ਮਾਨਤ ਉੱਤੇ ਹੈ। ਮੁਲਜ਼ਮ ਨੂੰ ਫੜਨ ਲਈ ਰਾਜ ਭਰ ਵਿੱਚ ਵੱਖ-ਵੱਖ ਥਾਵਾਂ ’ਤੇ 13 ਪੁਲਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਪੁਲਸ ਨੇ ਵੀਰਵਾਰ ਨੂੰ ਸ਼ਿਰੂਰ ਤਹਿਸੀਲ ਵਿੱਚ ਗੰਨੇ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸੂਹੀਆ ਕੁੱਤੇ ਅਤੇ ਡਰੋਨ ਵੀ ਤਾਇਨਾਤ ਕੀਤੇ ਸਨ।
ਪੁਲਸ ਦੇ ਜਾਇੰਟ ਕਮਿਸ਼ਨਰ ਰੰਜਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਾਫੀ ਭੱਜ-ਨੱਠ ਦੇ ਬਾਵਜੂਦ ਗੜੇ ਦਾ ਪਤਾ ਨਹੀਂ ਲੱਗ ਰਿਹਾ ਸੀ। ਗੰਨੇ ਦੇ ਖੇਤ ਵਿੱਚ ਸਰਚ ਅਪ੍ਰੇਸ਼ਨ ’ਚ ਕੁਝ ਨਹੀਂ ਲੱਭਾ। ਅਚਾਨਕ ਗੁਨਾਤ ਪਿੰਡ ਦੇ ਇੱਕ ਪਰਵਾਰ ਨੇ ਉਸ ਬਾਰੇ ਸੂਹ ਦਿੱਤੀ ਕਿ ਉਸ ਨੇ ਇੱਕ ਘਰ ਤੋਂ ਖਾਣਾ ਮੰਗਿਆ ਸੀ।
ਪੁਲਸ ਉੱਧਰ ਭੱਜੀ, ਪਰ ਉਹ ਖਿਸਕ ਚੁੱਕਾ ਸੀ। ਘਰ ਵਾਲਿਆਂ ਨੇ ਉਸ ਨੂੰ ਪਾਣੀ ਦੀ ਬੋਤਲ ਦਿੱਤੀ ਸੀ। ਆਖਰ ਉਸ ਨੂੰ ਝੋਨੇ ਦੇ ਖੇਤ ਵਿੱਚ ਨੱਪ ਲਿਆ ਗਿਆ।