ਮੁੰਬਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਤੇ ਮੈਕਸੀਕੋ ’ਤੇ 4 ਮਾਰਚ ਤੋਂ ਟੈਕਸ ਲਾਉਣ ਅਤੇ ਚੀਨ ਤੋਂ ਦਰਾਮਦ ਵਸਤਾਂ ’ਤੇ ਦਸ ਫੀਸਦੀ ਵਾਧੂ ਟੈਕਸ ਲਾਉਣ ਦੇ ਐਲਾਨ ਮਗਰੋਂ ਆਲਮੀ ਪੱਧਰ ’ਤੇ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਨੂੰ ਦਰਸਾਉਂਦੇ ਹੋਏ ਬੈਂਚਮਾਰਕ ਸੂਚਕ ਸੈਂਸੇਕਸ ਅਤੇ ਨਿਫਟੀ ਸ਼ੁੱਕਰਵਾਰ ਲਗਭਗ 2 ਫੀਸਦੀ ਡਿੱਗ ਗਏ। ਬੀ ਐੱਸ ਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੇਕਸ 1,414.33 ਅੰਕ ਜਾਂ 1.90 ਫੀਸਦੀ ਡਿੱਗ ਕੇ 73,198.10 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 1,471.16 ਅੰਕ ਜਾਂ 1.97 ਫੀਸਦੀ ਡਿੱਗ ਕੇ 73,141.27 ’ਤੇ ਆ ਗਿਆ ਸੀ। ਲਗਾਤਾਰ ਅੱਠਵੇਂ ਦਿਨ ਘਾਟੇ ਨੂੰ ਵਧਾਉਂਦੇ ਹੋਏ ਨਿਫਟੀ 420.35 ਅੰਕ ਜਾਂ 1.86 ਫੀਸਦੀ ਡਿੱਗ ਕੇ 22,124.70 ’ਤੇ ਆ ਗਿਆ। ਪਿਛਲੇ ਸਾਲ 27 ਸਤੰਬਰ ਨੂੰ 85,978.25 ਦੇ ਰਿਕਾਰਡ ਸਿਖਰ ਉਤੇ ਪੁੱਜਣ ਤੋਂ ਬਾਅਦ ਬੀ ਐੱਸ ਈ ਬੈਂਚਮਾਰਕ ਸੂਚਕ ਕੁੱਲ ਮਿਲਾ ਕੇ 12,780.15 ਅੰਕ ਜਾਂ 14.86 ਪ੍ਰਤੀਸ਼ਤ ਹੇਠਾਂ ਆਇਆ ਹੈ। ਨਿਫਟੀ 27 ਸਤੰਬਰ 2024 ਨੂੰ 26,277.35 ਦੇ ਆਪਣੇ ਹੁਣ ਤੱਕ ਦੇ ਸਿਖਰਲੇ ਪੱਧਰ ਤੋਂ 4,152.65 ਪੁਆਇੰਟ ਜਾਂ 15.80 ਫੀਸਦੀ ਹੇਠਾਂ ਆ ਗਿਆ ਹੈ।
ਬਘੇਲ ਦੀ ਐਂਟਰੀ
ਅੰਮਿ੍ਰਤਸਰ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਭੁਪੇਸ਼ ਬਘੇਲ ਨੇ ਦੋ ਦਿਨਾ ਦੌਰਾ ਸ਼ੁੱਕਰਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਕਾਂਗਰਸੀ ਆਗੂਆਂ ਵੱਲੋਂ ਉਨ੍ਹਾ ਦਾ ਨਿੱਘਾ ਸਵਾਗਤ ਕੀਤਾ ਗਿਆ।