ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਹਾ ਕਿ ਆਮ ਆਦਮੀ ਸਰਕਾਰ ਨੇ ਸੂਬੇ ’ਚ ਸੱਤਾ ਸੰਭਾਲਣ ਦੇ ਮਹਿਜ਼ ਪੰਜ ਮਹੀਨਿਆਂ ’ਚ ਹੀ 17,313 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਹਨ। ਇੱਥੇ ਪੰਜਾਬ ਪੁਲਸ ’ਚ ਨਵ-ਨਿਯੁਕਤ 4358 ਸਿਪਾਹੀਆਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਰੀ ਭਰਤੀ ਪ੍ਰਕਿਰਿਆ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਸਾਰੀ ਭਰਤੀ ਮੁਹਿੰਮ ਦੌਰਾਨ ਸਿਰਫ਼ ਮੈਰਿਟ ਹੀ ਇਕੋ-ਇਕ ਮਾਪਦੰਡ ਸੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੁਲਸ ਵਿਭਾਗ ’ਚ ਖ਼ਾਲੀ ਪਈਆਂ 5739 ਹੋਰ ਆਸਾਮੀਆਂ ’ਤੇ ਭਰਤੀ ਜਲਦੀ ਸ਼ੁਰੂ ਕੀਤੀ ਜਾਵੇਗੀ।
ਨਵੇਂ ਭਰਤੀ ਹੋਏ ਸਾਰੇ ਜਵਾਨਾਂ ਨੂੰ ਪੰਜਾਬ ’ਚੋਂ ਅਪਰਾਧ ਤੇ ਅਪਰਾਧੀਆਂ ਦਾ ਖ਼ਾਤਮਾ ਕਰਨ ਲਈ ਆਪਣੀ ਮੁਹਾਰਤ ਨੂੰ ਲਗਾਤਾਰ ਨਿਖਾਰਦੇ ਰਹਿਣ ਲਈ ਆਖਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਉਨ੍ਹਾਂ ਲਈ ਬੇਹੱਦ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਨਵੇਂ ਭਰਤੀ ਹੋਏ ਜਵਾਨ ਉੱਚ ਵਿੱਦਿਆ ਹਾਸਲ ਹਨ, ਜਿਹੜੇ ਤਕਨੀਕੀ ਗਿਆਨ ਨਾਲ ਭਰਪੂਰ ਹਨ। ਭਗਵੰਤ ਮਾਨ ਨੇ ਕਿਹਾ ਕਿ ਅਪਰਾਧੀ ਅਪਰਾਧ ਕਰਨ ਲਈ ਨਵੀਆਂ-ਨਵੀਆਂ ਤਕਨੀਕਾਂ ਇਜਾਦ ਕਰ ਰਹੇ ਹਨ ਅਤੇ ਇਨ੍ਹਾਂ ਅਪਰਾਧੀਆਂ ਤੇ ਅਪਰਾਧ ਨਾਲ ਕਾਰਜ-ਕੁਸ਼ਲ ਤਰੀਕੇ ਨਾਲ ਸਿੱਝਣ ਲਈ ਪੁਲਸ ਜਵਾਨਾਂ ਨੂੰ ਵੀ ਆਪਣੇ ਹੁਨਰ ਤੇ ਮੁਹਾਰਤ ਨੂੰ ਨਿਖਾਰਦੇ ਰਹਿਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਚੁਣੌਤੀਪੂਰਨ ਨੌਕਰੀ ਲਈ ਉੱਚ ਵਿੱਦਿਅਕ ਯੋਗਤਾ ਪ੍ਰਾਪਤ ਨੌਜਵਾਨਾਂ ਦੇ ਸਫ਼ਲ ਹੋਣ ਕਾਰਨ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁੱਲ 4358 ਉਮੀਦਵਾਰਾਂ ’ਚੋਂ 103 ਪੋਸਟ-ਗਰੈਜੂਏਟ, 2607 ਗਰੈਜੂਏਟ ਅਤੇ 1648 ਸੀਨੀਅਰ ਸੈਕੰਡਰੀ ਪਾਸ ਹਨ। ਭਗਵੰਤ ਮਾਨ ਨੇ ਕਿਹਾ ਕਿ ਕੁੱਲ ਉਮੀਦਵਾਰਾਂ ’ਚੋਂ 2930 ਉਮੀਦਵਾਰ 18 ਤੋਂ 25 ਸਾਲ ਉਮਰ ਵਰਗ ਦੇ ਹਨ, ਜਦੋਂ ਕਿ 816 ਦੀ ਉਮਰ 26 ਤੋਂ 30 ਸਾਲ ਵਿਚਕਾਰ ਹੈ।
ਹਰੇਕ ਖੇਤਰ ਵਿੱਚ ਸਫ਼ਲਤਾ ਦੇ ਝੰਡੇ ਗੱਡ ਰਹੀਆਂ ਲੜਕੀਆਂ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਸ ’ਚ ਇਸ ਭਰਤੀ ਦੌਰਾਨ ਲੜਕੀਆਂ ਲਈ ਕੁੱਲ 33 ਫੀਸਦੀ ਆਸਾਮੀਆਂ ਰਾਖਵੀਆਂ ਕਰਨ ਦਾ ਇਸ਼ਤਿਹਾਰ ਦਿੱਤਾ ਗਿਆ ਸੀ, ਪਰ ਲੜਕੀਆਂ ਨੇ ਸਖ਼ਤ ਮਿਹਨਤ ਨਾਲ ਇਸ ਤੋਂ ਵੀ ਜ਼ਿਆਦਾ ਆਸਾਮੀਆਂ ਹਾਸਲ ਕੀਤੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ’ਚ ਸ਼ਾਮਲ ਹੋਣਾ ਸਿਰਫ਼ ਇਕ ਨੌਕਰੀ ਨਹੀਂ, ਸਗੋਂ ਇਹ ਦੇਸ਼ ਦੀ ਸੇਵਾ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਕਈ ਔਖੇ ਹਾਲਾਤ ਵਿੱਚ ਦੇਸ਼ ਦੀ ਸੇਵਾ ਦੀਆਂ ਮਹਾਨ ਰਵਾਇਤਾਂ ਨੂੰ ਕਾਇਮ ਰੱਖਿਆ ਹੈ। ਭਗਵੰਤ ਮਾਨ ਨੇ ਉਮੀਦ ਜਤਾਈ ਕਿ ਇਹ ਨਵੇਂ ਭਰਤੀ ਹੋਏ ਜਵਾਨ ਪੰਜਾਬ ਪੁਲਸ ਦੀ ਅਮੀਰ ਵਿਰਾਸਤ ਨੂੰ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਮਿਹਨਤ ਕਰਕੇ ਹੀ ਇਸ ਨੌਕਰੀ ਦੇ ਹੱਕਦਾਰ ਬਣੇ ਹਨ ਕਿਉਂ ਜੋ ਉਹ ਮੈਰਿਟ ਦੇ ਆਧਾਰ ਉਤੇ ਸਖਤ ਮੁਕਾਬਲੇ ਵਿੱਚੋਂ ਸਫ਼ਲ ਹੋਏ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਸੂਬੇ ਦੇ ਪੁਲਸ ਮੁਖੀ ਗੌਰਵ ਯਾਦਵ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।