ਲਖੀਮਪੁਰ ਖੀਰੀ : ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਉਰਫ ਟੈਨੀ, ਜਿਸ ਨੂੰ ਲਖੀਮਪੁਰ ਖੀਰੀ ਹਿੰਸਾ ’ਚ ਆਪਣੇ ਬੇਟੇ ਦੀ ਕਥਿਤ ਸ਼ਮੂਲੀਅਤ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ‘ਦੋ ਕੌਡੀ ਦਾ ਬੰਦਾ’ ਕਰਾਰ ਦਿੱਤਾ ਹੈ। ਆਪਣੇ ਸਮਰਥਕਾਂ ਨੂੰ ਦਿੱਤੇ ਭਾਸ਼ਣ ਦੀ ਵਾਇਰਲ ਵੀਡੀਓ ਵਿਚ ਟੈਨੀ ਨੇ ਆਪਣੇ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾਫਰਜ਼ ਕਰੋ ਮੈਂ ਤੇਜ਼ ਰਫਤਾਰ ਕਾਰ ਵਿਚ ਲਖਨਊ ਜਾ ਰਿਹਾ ਹਾਂ। ਕੁੱਤੇ ਸੜਕ ’ਤੇ ਭੌਂਕਦੇ ਹਨ ਜਾਂ ਕਾਰ ਦਾ ਪਿੱਛਾ ਕਰਦੇ ਹਨ, ਇਹ ਉਨ੍ਹਾਂ ਦਾ ਸੁਭਾਅ ਹੈ। ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ, ਕਿਉਂਕਿ ਸਾਡਾ ਇਹ ਸੁਭਾਅ ਨਹੀਂ ਹੈ। ਜਦੋਂ ਗੱਲ ਸਾਹਮਣੇ ਆਵੇਗੀ ਤਾਂ ਮੈਂ ਸਾਰਿਆਂ ਨੂੰ ਜਵਾਬ ਦਿਆਂਗਾ। ਮੈਨੂੰ ਤੁਹਾਡੇ ਸਮਰਥਨ ਕਾਰਨ ਭਰੋਸਾ ਹੈ।
ਟੈਨੀ ਨੇ ਅੱਗੇ ਕਿਹਾ, ‘ਲੋਕ ਸਵਾਲ ਉਠਾਉਂਦੇ ਰਹਿੰਦੇ ਹਨ। ਬੇਵਕੂਫ ਪੱਤਰਕਾਰ ਵੀ ਹਨ, ਜਿਨ੍ਹਾਂ ਦਾ ਪੱਤਰਕਾਰੀ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਉਹ ਅਜਿਹੀਆਂ ਬੇਬੁਨਿਆਦ ਗੱਲਾਂ ਨਾਲ ਭੰਬਲਭੂਸਾ ਪੈਦਾ ਕਰਨਾ ਚਾਹੁੰਦੇ ਹਨ। ਮੈਂ ਰਾਕੇਸ਼ ਟਿਕੈਤ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਦੋ ਕੌਡੀ ਦਾ ਬੰਦਾ ਹੈ। ਉਹ ਦੋ ਵਾਰ ਚੋਣ ਲੜਿਆ ਅਤੇ ਜ਼ਮਾਨਤ ਜਬਤ ਕਰਵਾ ਕੇ ਗਿਆ। ਜੇ ਇਸ ਤਰ੍ਹਾਂ ਦਾ ਆਦਮੀ ਕਿਸੇ ਦਾ ਵਿਰੋਧ ਕਰਦਾ ਹੈ, ਜਿਸ ਦੀ ਕੋਈ ਵੁੱਕਤ ਨਹੀਂ, ਮੈਂ ਉਸ ਦੀ ਗੱਲ ਦਾ ਜੁਆਬ ਵੀ ਨਹੀਂ ਦਿੰਦਾ।’
ਟੈਨੀ ਨੇ ਸ਼ੇਅਰੋ-ਸ਼ਾਇਰੀ ਵਿਚ ਖੁਦ ਨੂੰ ਅੱਗ ਦਾ ਦਰਿਆ ਦੱਸਿਆ। ਉਸ ਨੇ ਕਿਹਾਮੁਝ ਕੋ ਤੁਮ ਬਰਖਾ ਨਾ ਸਮਝੋ, ਆਗ ਕਾ ਦਰਿਆ ਹੂੰ। ਯੇ ਤੋ ਮਜਬੂਰੀ ਹੈ ਮੇਰੀ ਅਪਨੇ ਆਪ ਮੇਂ ਜਲਤਾ ਹੂੰ ਮੈਂ।
ਟੈਨੀ ਨੂੰ ਠੋਕਵਾਂ ਜਵਾਬ ਦਿੰਦਿਆਂ ਟਿਕੈਤ ਨੇ ਕਿਹਾ ਕਿ ਲਖੀਮਪੁਰ ਵਿਚ ਟੈਨੀ ਦੀ ਦਹਿਸ਼ਤ ਹੈ, ਉਸ ਨੂੰ ਖਤਮ ਕਰਨਾ ਹੈ, ਕਿਉਂਕਿ ਟੈਨੀ ਦਾ ਖੁੱਲ੍ਹਾ ਘੁੰਮਣਾ ਠੀਕ ਨਹੀਂ ਹੈ। ਇਸ ਤਰ੍ਹਾਂ ਦੇ ਲੋਕ ਗਲਤ ਬਿਆਨਬਾਜ਼ੀ ਕਰਕੇ ਝਗੜਾ ਕਰਾਉਦੇ ਹਨ। ਪਹਿਲਾਂ ਵੀ ਉਸ ਨੇ ਗਲਤ ਬਿਆਨਬਾਜ਼ੀ ਕੀਤੀ। ਉਸ ਨੇ ਆਪਣਾ ਮੁੰਡਾ ਫਸਵਾ ਦਿੱਤਾ, ਉਸ ਨੂੰ ਕਹਿ ਕੇ ਜਾ ਭੀੜ ’ਤੇ ਗੱਡੀ ਚੜ੍ਹਾ ਦੇ। ਜਿਹੜਾ ਜਿਸ ਨਸਲ ਦਾ ਹੁੰਦਾ ਹੈ, ਜ਼ੁਬਾਨ ਤੋਂ ਉਹੀ ਬੋਲੇਗਾ। ਉਸੇ ਭਾਸ਼ਾ ਵਿਚ ਬੋਲੇਗਾ। ਅਜਿਹੇ ਬਿਆਨਾਂ ਕਰਕੇ ਉਸ ਦਾ ਮੁੰਡਾ ਸਾਲ ਤੋਂ ਜੇਲ੍ਹ ਵਿਚ ਹੈ। ਲਖੀਮਪੁਰ ਖੀਰੀ ਵਿਚ ਮਾਰੇ ਗਏ ਪੱਤਰਕਾਰ ਰਮਨ ਕਸ਼ਯੱਪ ਦੇ ਭਰਾ ਪਵਨ ਕਸ਼ਯੱਪ ਨੇ ਕਿਹਾਟੈਨੀ ਦੇ ਬਿਆਨ ਤੋਂ ਕਿਸੇ ਅਣਹੋਣੀ ਦਾ ਤੌਖਲਾ ਹੈ। ਕੋਈ ਅਣਹੋਣੀ ਨਾ ਵਾਪਰੇ, ਇਸ ਕਰਕੇ ਉਸ ਨੂੰ ਕੇਂਦਰੀ ਵਜ਼ਾਰਤ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਉਸ ਦੇ ਜੋ ਬੋਲ ਹਨ, ਉਸ ਤੋਂ ਸਾਫ ਹੈ ਕਿ ਉਹ ਸੁਧਰ ਨਹੀਂ ਸਕਦਾ। ਬਰਖਾਸਤ ਹੋਣ ਦੇ ਬਾਅਦ ਹੀ ਉਸ ਦਾ ਘੁਮੰਡ ਘਟੇਗਾ। ਇਕ ਕਹਾਵਤ ਹੈਰੱਸੀ ਸੜ ਗਈ, ਪਰ ਵੱਟ ਨਹੀਂ ਗਿਆ।