ਮੁੰਬਈ : ਆਪਣੀ ਸਾਫਗੋਈ ਕਾਰਨ ਭਾਜਪਾ ਦੀ ਸਭ ਤੋਂ ਵੱਡੇ ਅਦਾਰੇ ਸੰਸਦੀ ਬੋਰਡ ਦੀ ਮੈਂਬਰੀ ਗੁਆਉਣ ਵਾਲੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ-ਸਮੱਸਿਆ ਇਹ ਹੈ ਕਿ ਸਰਕਾਰ ਵੇਲੇ ਸਿਰ ਫੈਸਲੇ ਨਹੀਂ ਲੈ ਰਹੀ। ਪਿਛਲੇ ਦਿਨੀਂ ਐਸੋਸੀਏਸ਼ਨ ਆਫ ਕੰਸਲਟਿੰਗ ਸਿਵਲ ਇੰਜੀਨੀਅਰਜ਼ ਵੱਲੋਂ ਆਯੋਜਤ ਇਕ ਨੈਟਕੌਨ-2022 ਵਿਚ ਗਡਕਰੀ ਨੇ ਕਿਹਾ-ਤੁਸੀਂ ਚਮਤਕਾਰ ਕਰ ਸਕਦੇ ਹੋ। ਭਾਰਤੀ ਬੁਨਿਆਦੀ ਢਾਂਚੇ ਦਾ ਭਵਿੱਖ ਬਹੁਤ ਰੌਸ਼ਨ ਹੈ। ਸਾਨੂੰ ਸੰਸਾਰ ਤੇ ਦੇਸ਼ ਵਿਚਲੀ ਚੰਗੀ ਟੈਕਨਾਲੋਜੀ, ਚੰਗੀ ਖੋਜ ਤੇ ਕਾਮਯਾਬ ਪ੍ਰੈਕਟਿਸ ਅਪਨਾਉਣ ਦੀ ਲੋੜ ਹੈ। ਸਾਨੂੰ ਬਦਲਵੇਂ ਮਟੀਰੀਅਲ ਲੱਭਣੇ ਪੈਣੇ, ਜਿਹੜੇ ਕੁਆਲਿਟੀ ਨਾਲ ਸਮਝੌਤਾ ਕੀਤੇ ਬਿਨਾਂ ਲਾਗਤਾਂ ਘਟਾ ਸਕਦੇ ਹਨ। ਸਮਾਂ ਸਭ ਤੋਂ ਵੱਡੀ ਪੂੰਜੀ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਰਕਾਰ ਫੈਸਲੇ ਵੇਲੇ ਸਿਰ ਨਹੀਂ ਲੈ ਰਹੀ। ਸਮਾਂ ਟੈਕਨਾਲੋਜੀ ਜਾਂ ਵਸੀਲਿਆਂ ਨਾਲੋਂ ਵਧੇਰੇ ਅਹਿਮ ਹੈ।
ਗਡਕਰੀ ਤੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਹੀਆਂ ਗਈਆਂ ਗੱਲਾਂ ਮੇਲ ਨਹੀਂ ਖਾਂਦੀਆਂ। ਮੋਦੀ ਨੇ ਸਰਕਾਰ ਦੀਆਂ ਕਾਮਯਾਬੀਆਂ ਗਿਣਾਉਦਿਆਂ ਕਿਹਾ ਸੀ ਕਿ ਉਹ ਅੰਮਿ੍ਰਤ ਕਾਲ (ਸੁਨਹਿਰੀ ਯੁੱਗ) ਵਿਚ ਵੱਡੇ ਮੀਲ ਪੱਥਰ ਗੱਡ ਰਹੇ ਹਨ।
ਸਾਬਕਾ ਭਾਜਪਾ ਪ੍ਰਧਾਨ ਗਡਕਰੀ ਦੀਆਂ ਗੱਲਾਂ ਦੇ ਸੰਬੰਧ ਵਿਚ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਗਡਕਰੀ ਨੇ ਕਿਸੇ ਖਾਸ ਸਰਕਾਰ ਬਾਰੇ ਗੱਲਾਂ ਨਹੀਂ ਕੀਤੀਆਂ। ਉਨ੍ਹਾ ਆਮ ਲਹਿਜੇ ਵਿਚ ਗੱਲਾਂ ਕੀਤੀਆਂ ਹਨ।
ਗਡਕਰੀ ਨੇ ਪਿਛਲੇ ਜਿਹੇ ਨਾਗਪੁਰ ਵਿਚ ਕਿਹਾ ਸੀ ਕਿ ਸਿਆਸਤ ਸੱਤਾ ਪਿੱਛੇ ਭੱਜਣ ਵਾਲੀ ਬਣ ਗਈ ਹੈ ਅਤੇ ਉਹ ਕਈ ਵਾਰ ਸੋਚਦੇ ਹਨ ਕਿ ਸਿਆਸਤ ਛੱਡ ਦੇਣ। ਪਿਛਲੇ ਦਿਨੀਂ ਮੁੰਬਈ ਵਿਚ ਹੀ ਉਨ੍ਹਾ ਕਿਹਾ ਸੀ ਕਿ ਭਾਜਪਾ ਦੇ ਸੱਤਾ ਵਿਚ ਆਉਣ ਦਾ ਸਿਹਰਾ ਅਟਲ ਬਿਹਾਰੀ ਵਾਜਪਾਈ, ਐੱਲ ਕੇ ਅਡਵਾਨੀ ਤੇ ਦੀਨਦਿਆਲ ਉਪਾਧਿਆਏ ਨੂੰ ਦਿੱਤਾ ਜਾ ਸਕਦਾ ਹੈ।