ਚੰਡੀਗੜ੍ਹ/ਅੰਮਿ੍ਰਤਸਰ (ਗੁਰਜੀਤ ਬਿੱਲਾ/
ਨਰਿੰਦਰਜੀਤ ਸਿੰਘ)
ਨਸ਼ਿਆਂ ਖਿਲਾਫ ਜੰਗ ਛੇੜਦਿਆਂ ਪੁਲਸ ਨੇ ਸਨਿੱਚਰਵਾਰ ਸੂਬਾ ਭਰ ’ਚ 750 ਥਾਵਾਂ ’ਤੇ ਛਾਪੇ ਮਾਰੇ। ਇਸ ਅਪ੍ਰੇਸ਼ਨ ਵਿੱਚ ਕਰੀਬ 12 ਹਜ਼ਾਰ ਪੁਲਸ ਅਫਸਰ ਤੇ ਮੁਲਾਜ਼ਮ ਸ਼ਾਮਲ ਸਨ।
ਸ਼ਨੀਵਾਰ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰਦਿਆਂ ਸੀਨੀਅਰ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜ ਮੰਤਰੀਆਂ ਦੀ ਸਬ-ਕਮੇਟੀ ਦੀ ਪਹਿਲੀ ਮੀਟਿੰਗ ਕੀਤੀ। ਮੀਟਿੰਗ ਵਿੱਚ ਕਮੇਟੀ ਦੇ ਹੋਰ ਮੈਂਬਰ ਕੈਬਨਿਟ ਮੰਤਰੀ ਅਮਨ ਅਰੋੜਾ, ਤਰੁਨਪ੍ਰੀਤ ਸਿੰਘ ਸੌਂਧ, ਡਾ. ਬਲਬੀਰ ਸਿੰਘ ਅਤੇ ਲਾਲਜੀਤ ਸਿੰਘ ਭੁੱਲਰ ਨੇ ਸ਼ਿਰਕਤ ਕੀਤੀ ਅਤੇ ਨਸ਼ਿਆਂ ਨਾਲ ਸੰਬੰਧਤ ਸਾਰੇ ਮੁੱਦਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਮੀਟਿੰਗ ਵਿੱਚ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਅਤੇ ਸਰਕਾਰ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਵੀ ਮੌਜੂਦ ਸਨ।
ਚੀਮਾ ਨੂੰ ਪਠਾਨਕੋਟ, ਗੁਰਦਾਸਪੁਰ, ਨਵਾਂਸ਼ਹਿਰ, ਰੋਪੜ, ਤਰਨ ਤਾਰਨ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦਾ ਚਾਰਜ ਦਿੱਤਾ ਗਿਆ ਹੈ, ਜਦਕਿ ਅਮਨ ਅਰੋੜਾ ਨੂੰ ਲੁਧਿਆਣਾ, ਪਟਿਆਲਾ, ਕਪੂਰਥਲਾ, ਮੋਹਾਲੀ, ਅੰਮਿ੍ਰਤਸਰ ਅਤੇ ਜਲੰਧਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤਰੁਨਪ੍ਰੀਤ ਸੌਂਧ ਸੰਗਰੂਰ, ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਮੋਗਾ ਅਤੇ ਮਲੇਰਕੋਟਲਾ ਦੇਖਣਗੇ।
ਲਾਲਜੀਤ ਸਿੰਘ ਭੁੱਲਰ ਨੂੰ ਫਰੀਦਕੋਟ, ਮੁਕਤਸਰ, ਮਾਨਸਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਪੂਰੇ ਪੰਜਾਬ ਦੇ ਸਿਹਤ ਢਾਂਚੇ ਅਤੇ ਸਿਹਤ ਵਿਭਾਗ ਦਾ ਨਿਰੀਖਣ ਕਰਨਗੇ ਅਤੇ ਸਿਹਤ ਸੇਵਾਵਾਂ ਨਾਲ ਸੰਬੰਧਤ ਪ੍ਰਸ਼ਾਸਨਿਕ ਕੰਮਾਂ ਦਾ ਜਾਇਜ਼ਾ ਲੈਣਗੇ।ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾ ਕਿ ਨਸ਼ਿਆਂ ਦੀ ਲੜੀ ਨੂੰ ਤੋੜ ਕੇ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਵਾਂਗੇ। ਚੀਮਾ ਨੇ ਦੱਸਿਆ ਕਿ ਹੁਣ ਸਾਰੇ ਜ਼ਿਲ੍ਹਿਆਂ ਦੇ ਡੀ ਸੀ ਅਤੇ ਐੱਸ ਐੱਸ ਪੀ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਹੇਠਲੇ ਅਧਿਕਾਰੀਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਸਕੇ ਅਤੇ ਸਮੱਗਲਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਉਨ੍ਹਾ ਪੰਜਾਬ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਕਿਹਾ।ਅਮਨ ਅਰੋੜਾ ਨੇ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਨੂੰ ਲੈ ਕੇ ਕਾਫੀ ਸਮੇਂ ਤੋਂ ਚਿੰਤਤ ਸਨ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਅਹਿਮ ਮੀਟਿੰਗ ਵੀ ਬੁਲਾਈ ਸੀ, ਜਿਸ ਵਿਚ ਸਮੂਹ ਕਮੇਟੀ ਮੈਂਬਰ ਅਤੇ ਸਿਵਲ ਤੇ ਪੁਲਸ ਅਧਿਕਾਰੀ ਹਾਜ਼ਰ ਸਨ। ਉਸ ਤੋਂ ਬਾਅਦ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਜਾਵੇ। ਉਨ੍ਹਾ ਨਾਲ ਅਪਰਾਧੀਆਂ ਵਾਂਗ ਨਹੀਂ, ਸਗੋਂ ਮਰੀਜ਼ਾਂ ਵਾਂਗ ਵਿਹਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਉਨ੍ਹਾ ਸਮੂਹ ਸਿਆਸੀ ਪਾਰਟੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ, ਜਦੋਂ ਤੱਕ ਪੰਜਾਬ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ। ਅੰਮਿ੍ਰਤਸਰ ਦੇ ਜਿਲ੍ਹਾ ਪੁਲਸ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਪੂਰੇ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਅਤੇ ਲੁਕਣ ਗਾਹਾਂ ਉੱਤੇ ਛਾਪੇ ਮਾਰੇ ਅਤੇ ਭਾਰੀ ਮਾਤਰਾ ਵਿੱਚ ਨਸ਼ਾ ਵੀ ਬਰਾਮਦ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਏ ਡੀ ਜੀ ਪੀ ਸ੍ਰੀ ਐੱਮ ਐੱਫ ਫਾਰੂਕੀ ਨੇ ਦੱਸਿਆ ਕਿ 8 ਸਥਾਨਾਂ ਉੱਤੇ ਨਸ਼ੇ ਦੀ ਬਰਾਮਦਗੀ ਲਈ ਛਾਪੇਮਾਰੀ ਕੀਤੀ।
ਇਹ ਡਰਾਮਾ ਹੈ : ਬਾਜਵਾ
ਚੰਡੀਗੜ੍ਹ : ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੀ ਆਲੋਚਨਾ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਕਾਰਵਾਈ ਦੇ ਸਮੇਂ ਅਤੇ ਇਰਾਦੇ ’ਤੇ ਸਵਾਲ ਉਠਾਏ ਹਨ। ਬਾਜਵਾ ਨੇ ਕਿਹਾ, ‘‘ਕਿਸੇ ਵੀ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਕੋਈ ਵੀ ਫੈਸਲਾ ਲਿਆ ਜਾਵੇਗਾ ਤਾਂ ਹਰ ਕੋਈ, ਖਾਸ ਕਰਕੇ ਵਿਰੋਧੀ ਪਾਰਟੀ ਇਸ ਦਾ ਸਵਾਗਤ ਕਰੇਗੀ, ਪਰ ਮੈਨੂੰ ਲਗਦਾ ਹੈ ਕਿ ਹਰ ਚੀਜ਼ ਲਈ ਸਮਾਂ ਹੁੰਦਾ ਹੈ, ਮੁੱਖ ਮੰਤਰੀ ਪਹਿਲਾ ਯੋਧਾ ਹੈ। ਜੇ ਤੁਹਾਡਾ ਮੁੱਖ ਮੰਤਰੀ ‘ਨਸ਼ਾਮੁਕਤ’ ਨਹੀਂ ਹੈ, ਤਾਂ ਪੰਜਾਬ ਨਸ਼ਾਮੁਕਤ ਕਿਵੇਂ ਹੋਵੇਗਾ? ’’ ਉਨ੍ਹਾ ਕਿਹਾ, ‘ਤਿੰਨ ਸਾਲਾਂ ਬਾਅਦ, ਜਦੋਂ ਪੰਜਾਬ ਦੀ ਜਵਾਨੀ ਤਬਾਹ ਹੋ ਗਈ ਹੈ, ਜਦੋਂ ਪੰਜਾਬ ਦੀ ਆਰਥਿਕਤਾ ਤਬਾਹੀ ਕੰਢੇ ਹੈ, ਹੁਣ ਤੁਸੀਂ ਇਹ ਰੇਡ ਸ਼ੁਰੂ ਕੀਤੀ ਹੈ।’ ਉਨ੍ਹਾ ਦੋਸ਼ ਲਾਇਆ ਕਿ ਉੱਚ ਪੁਲਸ ਅਧਿਕਾਰੀ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ ਅਤੇ ਸਵਾਲ ਕੀਤਾ ਕਿ ਕੀ ਉਨ੍ਹਾਂ ਦੀ ਕੋਈ ਰਿਹਾਇਸ਼ ਢਾਹੀ ਗਈ ਹੈ। ਤੁਸੀਂ ਕਿਸੇ ਨੂੰ ਫੜਨ ਜਾਂ ਸਪਲਾਈ ਰੋਕਣ ਵਿਚ ਅਸਮਰੱਥ ਹੋ। ਲੋਕ ਤੁਹਾਡੇ ’ਤੇ ਭਰੋਸਾ ਨਹੀਂ ਕਰਦੇ, ਇਹ ਡਰਾਮਾ ਹੈ।’





