ਇਜ਼ਰਾਈਲ ਨੇ ਗਾਜ਼ਾ ਪੱਟੀ ਨੂੰ ਹਰ ਤਰ੍ਹਾਂ ਦੀ ਸਪਲਾਈ ਰੋਕੀ

0
113

ਤੇਲ ਅਵੀਵ : ਇਜ਼ਰਾਈਲ ਨੇ ਰਮਜ਼ਾਨ ਦੀ ਸ਼ੁਰੂਆਤ ਵਿੱਚ ਹੀ ਗਾਜ਼ਾ ਪੱਟੀ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਸਪਲਾਈ ਰੋਕ ਦਿੱਤੀ ਹੈ। ਉਸ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਹਮਾਸ ਨੇ ਜੰਗਬੰਦੀ ਨੂੰ ਵਧਾਉਣ ਦੀ ਅਮਰੀਕੀ ਤਜਵੀਜ਼ ਨੂੰ ਸਵੀਕਾਰ ਨਾ ਕੀਤਾ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਇਜ਼ਰਾਈਲ-ਹਮਾਸ ਜੰਗਬੰਦੀ ਦਾ ਪਹਿਲਾ ਪੜਾਅ ਸਨਿੱਚਰਵਾਰ ਮੁਕੰਮਲ ਹੋ ਗਿਆ ਸੀ। ਦੋਵਾਂ ਧਿਰਾਂ ਨੇ ਅਜੇ ਦੂਜੇ ਪੜਾਅ ਬਾਰੇ ਗੱਲਬਾਤ ਨਹੀਂ ਕੀਤੀ, ਜਿਸ ਵਿੱਚ ਹਮਾਸ ਨੇ ਇਜ਼ਰਾਈਲੀ ਫੌਜੀਆਂ ਦੀ ਵਾਪਸੀ ਅਤੇ ਸਥਾਈ ਜੰਗਬੰਦੀ ਦੇ ਬਦਲੇ ਦਰਜਨਾਂ ਬਾਕੀ ਬਚੇ ਬੰਦੀਆਂ ਨੂੰ ਰਿਹਾਅ ਕਰਨਾ ਸੀ। ਇਜ਼ਰਾਈਲ ਨੇ ਐਤਵਾਰ ਪਹਿਲਾਂ ਕਿਹਾ ਸੀ ਕਿ ਉਹ ਰਮਜ਼ਾਨ ਮਹੀਨੇ ਜਾਂ 20 ਅਪ੍ਰੈਲ ਤੱਕ ਜੰਗਬੰਦੀ ਦੇ ਪਹਿਲੇ ਪੜਾਅ ਨੂੰ ਵਧਾਉਣ ਦੀ ਤਜਵੀਜ਼ ਦਾ ਸਮਰਥਨ ਕਰਦਾ ਹੈ। ਜੰਗਬੰਦੀ ਵਧਾਉਣ ਦੀ ਤਜਵੀਜ਼ ਟਰੰਪ ਪ੍ਰਸ਼ਾਸਨ ਦੇ ਮੱਧ ਪੂਰਬ ਦੇ ਰਾਜਦੂਤ ਸਟੀਵ ਵਿਟਕੌਫ ਨੇ ਦਿੱਤੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਅਨੁਸਾਰ ਤਜਵੀਜ਼ ਤਹਿਤ ਹਮਾਸ ਪਹਿਲੇ ਦਿਨ ਅੱਧੇ ਬੰਦੀਆਂ ਨੂੰ ਰਿਹਾਅ ਕਰੇਗਾ ਅਤੇ ਸਥਾਈ ਜੰਗਬੰਦੀ ’ਤੇ ਸਮਝੌਤਾ ਹੋਣ ਤੋਂ ਬਾਅਦ ਬਾਕੀ ਨੂੰ ਰਿਹਾਅ ਕਰੇਗਾ।