ਅਮਰੀਕਾ ’ਚ ਐਲਨ ਮਸਕ ਖਿਲਾਫ਼ ਪ੍ਰਦਰਸ਼ਨ

0
121

ਬੋਸਟਨ : ਅਮਰੀਕਾ ਦੇ ਬੋਸਟਨ ਵਿੱਚ ਲੋਕਾਂ ਨੇ ਅਰਬਪਤੀ ਕਾਰੋਬਾਰੀ ਐਲਨ ਮਸਕ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਘੀ ਖਰਚਿਆਂ ਵਿੱਚ ਕਟੌਤੀ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਚੁੱਕੇ ਗਏ ਕਦਮਾਂ ਵਿਰੁੱਧ ਪ੍ਰਦਰਸ਼ਨ ਕੀਤਾ। ਲਿਬਰਲ ਸਮੂਹ ਕਈ ਹਫਤਿਆਂ ਤੋਂ ਮਸਕ ਦੀ ਟੈਸਲਾ ਕਾਰ ਕੰਪਨੀ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਤਾਂ ਜੋ ਕਾਰ ਕੰਪਨੀ ਦੀ ਵਿਕਰੀ ’ਤੇ ਨਕਾਰਾਤਮਕ ਪ੍ਰਭਾਵ ਪਾਇਆ ਜਾ ਸਕੇ ਅਤੇ ਮਸਕ ਦੇ ਡਿਪਾਰਟਮੈਂਟ ਆਫ ਸਟੇਟ ਐਫੀਸ਼ੀਐਂਸੀ ਦੇ ਵਿਰੋਧ ਨੂੰ ਤੇਜ਼ ਕੀਤਾ ਜਾ ਸਕੇ। ਨਵੰਬਰ ਵਿੱਚ ਟਰੰਪ ਦੀ ਜਿੱਤ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਲਗਾਤਾਰ ਇਸ ਤਰੀਕੇ ਨਾਲ ਪ੍ਰਦਰਸ਼ਨ ਕਰ ਕੇ ਪਾਰਟੀ ਵਿੱਚ ਊਰਜਾ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਸੇਚਿਉਸੇਟਸ ਦੇ 58 ਸਾਲਾ ਨਾਥਨ ਫਿਲਿਪਸ ਨੇ ਕਿਹਾਅਸੀਂ ਐਲਨ ਮਸਕ ਤੋਂ ਬਦਲਾ ਲੈ ਸਕਦੇ ਹਾਂ। ਅਸੀਂ ਹਰ ਥਾਂ ਉਸ ਦੇ ਸ਼ੋਅਰੂਮਾਂ ਵਿੱਚ ਜਾ ਕੇ ਅਤੇ ਟੈਸਲਾ ਦਾ ਬਾਈਕਾਟ ਕਰ ਕੇ ਕੰਪਨੀ ਨੂੰ ਸਿੱਧਾ ਆਰਥਕ ਨੁਕਸਾਨ ਪਹੁੰਚਾ ਸਕਦੇ ਹਾਂ। ਟਰੰਪ ਦੇ ਨਿਰਦੇਸ਼ਾਂ ’ਤੇ ਐਲਨ ਮਸਕ ਸੰਘੀ ਖਰਚਿਆਂ ਅਤੇ ਕਾਰਜਬਲ ਵਿੱਚ ਭਾਰੀ ਕਟੌਤੀ ਕਰਨ ਲਈ ਕਦਮ ਚੁੱਕ ਰਹੇ ਹਨ ਅਤੇ ਉਨ੍ਹਾ ਦਾ ਤਰਕ ਹੈ ਕਿ ਟਰੰਪ ਦੀ ਜਿੱਤ ਨੇ ਰਾਸ਼ਟਰਪਤੀ ਅਤੇ ਉਨ੍ਹਾ ਨੂੰ ਅਮਰੀਕੀ ਸਰਕਾਰ ਦਾ ਪੁਨਰਗਠਨ ਕਰਨ ਦਾ ਆਦੇਸ਼ ਦਿੱਤਾ ਹੈ।
ਇਸ ਦੌਰਾਨ ‘ਟੈਸਲਾ ਟੇਕਡਾਊਨ’ ਵੈੱਬਸਾਈਟ ਨੇ ਸਨਿੱਚਰਵਾਰ 50 ਤੋਂ ਵੱਧ ਵਿਰੋਧ ਪ੍ਰਦਰਸ਼ਨਾਂ ਦੀ ਸੂਚੀ ਦਿੱਤੀ ਅਤੇ ਮਾਰਚ ਵਿੱਚ ਹੋਰ ਪ੍ਰਦਰਸ਼ਨਾਂ ਦੀ ਯੋਜਨਾ ਹੈ। ਨਿਊ ਯਾਰਕ ਸਿਟੀ ਵਿੱਚ ਟੈਸਲਾ ਦੇ ਬਾਹਰ ਹੋਏ ਹਿੰਸਕ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਵਿੱਚ 9 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਸੈਂਕੜੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਅਰਬਪਤੀ ਮਸਕ ਨੂੰ ਦੇਸ਼ ਭਰ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ‘ਬਰਨ ਏ ਟੈਸਲਾ : ਸੇਵ ਡੈਮੋਕਰੇਸੀ’ ਦੇ ਨਾਅਰੇ ਵਾਲੀਆਂ ਤਖਤੀਆਂ ਵੀ ਲਹਿਰਾਈਆਂ ਅਤੇ ਜੈਕਸਨਵਿਲ, ਫਲੋਰੀਡਾ, ਟਕਸਨ, ਐਰੀਜ਼ੋਨਾ ਤੇ ਕਈ ਹੋਰ ਥਾਵਾਂ ’ਤੇ ਐਲਨ ਮਸਕ ਦੇ ਟੈਸਲਾ ਸ਼ੋਅਰੂਮਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ।