ਵਾਸ਼ਿੰਗਟਨ : ਡਿਸਟਿ੍ਕਟ ਆਫ ਕੋਲੰਬੀਆ (ਡੀ ਸੀ) ਨੇ ਮੇਟਾ ਦੇ ਮੁਖੀ ਮਾਰਕ ਜ਼ਕਰਬਰਗ ਵਿਰੁੱਧ ਮੁਕੱਦਮਾ ਦਾਇਰ ਕਰਕੇ ਉਸ ਨੂੰ ਕੈਂਬਿ੍ਜ ਐਨਾਲਿਟਿਕਾ ਘਪਲੇ ਵਿਚ ਨਿੱਜੀ ਤੌਰ ‘ਤੇ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਕੀਤੀ ਹੈ | ਲੱਖਾਂ ਫੇਸਬੁਕ ਉਪਭੋਗਤਾਵਾਂ ਦੇ ਨਿੱਜੀ ਡਾਟਾ ਦੀ ਨਿੱਜਤਾ ਦੀ ਉਲੰਘਣਾ ਦੇ ਇਸ ਮਾਮਲੇ ਨੂੰ ਵੱਡਾ ਕਾਰਪੋਰੇਟ ਅਤੇ ਸਿਆਸੀ ਘਪਲਾ ਕਿਹਾ ਜਾ ਰਿਹਾ ਹੈ | ਡੀ ਸੀ ਦੇ ਅਟਾਰਨੀ ਜਨਰਲ ਕਾਰਲ ਰੇਸੀਨ ਨੇ ਡੀ ਸੀ ਸੁਪੀਰੀਅਰ ਕੋਰਟ ਵਿਚ ਜ਼ਕਰਬਰਗ ਵਿਰੁੱਧ ਸਿਵਲ ਮੁਕੱਦਮਾ ਦਾਇਰ ਕੀਤਾ | ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਜ਼ਕਰਬਰਗ ਕੰਪਨੀ ਦੇ ਮਹੱਤਵਪੂਰਨ ਫੈਸਲਿਆਂ ਵਿਚ ਸਿੱਧੇ ਤੌਰ ‘ਤੇ ਸ਼ਾਮਲ ਸੀ ਅਤੇ ਉਪਭੋਗਤਾਵਾਂ ਦੇ ਡਾਟਾ ਨੂੰ ਸਾਂਝਾ ਕਰਨ ਦੇ ਸੰਭਾਵੀ ਖਤਰਿਆਂ ਤੋਂ ਜਾਣੂ ਸੀ, ਜਿਵੇਂ ਕਿ ਕੈਂਬਿ੍ਜ ਐਨਾਲਿਟਿਕਾ ਕੰਪਨੀ ਦੇ ਮਾਮਲੇ ਵਿਚ | ਇਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੇ ਘੱਟੋ-ਘੱਟ 8 ਕਰੋੜ 70 ਲੱਖ ਫੇਸਬੁਕ ਉਪਭੋਗਤਾਵਾਂ ਦਾ ਡਾਟਾ ਉਨ੍ਹਾ ਦੀ ਇਜਾਜ਼ਤ ਤੋਂ ਬਿਨਾਂ ਇਕੱਠਾ ਕੀਤਾ ਅਤੇ ਅਮਰੀਕਾ ਵਿਚ 2016 ਦੀ ਰਾਸ਼ਟਰਪਤੀ ਚੋਣ ਨੂੰ ਕਥਿਤ ਤੌਰ ‘ਤੇ ਪ੍ਰਭਾਵਤ ਕਰਨ ਲਈ ਇਸ ਦੀ ਵਰਤੋਂ ਕੀਤੀ | ਮੇਟਾ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ |