2024 ਦੀਆਂ ਲੋਕ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਭਾਜਪਾ ਨੇ ਆਪਣੀ ਵੰਡਪਾਊ ਨੀਤੀ ਨੂੰ ਤੇਜ਼ ਕਰਨ ਲਈ ਆਪਣੇ ਨਫ਼ਰਤੀ ਹਥਿਆਰਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਜਾਣਦੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਉਸ ਨੇ ਪਾਕਿਸਤਾਨ ਵਿਰੁੱਧ ਕੀਤੀ ਗਈ ਏਅਰ ਸਟ੍ਰਾਈਕ ਦੇ ਰਾਸ਼ਟਰਵਾਦੀ ਘੋੜੇ ’ਤੇ ਸਵਾਰ ਹੋ ਕੇ ਜਿੱਤੀਆਂ ਸਨ। ਮੌਜੂਦਾ ਸਥਿਤੀ ਵਿੱਚ ਰਾਸ਼ਟਰਵਾਦੀ ਘੋੜਾ ਹੰਭ ਚੁੱਕਾ ਹੈ। ਇਸ ਤੋਂ ਬਿਨਾਂ ਆਪਣੇ 8 ਸਾਲਾ ਰਾਜ ਵਿੱਚ ਭਾਜਪਾ ਸਰਕਾਰ ਕੋਲ ਅਜਿਹੀ ਕੋਈ ਪ੍ਰਾਪਤੀ ਨਹੀਂ, ਜਿਸ ਨੂੰ ਪ੍ਰਚਾਰ ਕੇ ਉਹ ਲੋਕ ਕਚਹਿਰੀ ਵਿੱਚ ਜਾ ਸਕੇ। ਦੇਸ਼ ਦੀ ਅਰਥ-ਵਿਵਸਥਾ ਨਿਘਰਦੀ ਹੋਈ ਪਤਾਲ ਛੂਹ ਰਹੀ ਹੈ, ਬੇਰੁਜ਼ਗਾਰੀ ਰਿਕਾਰਡ ਤੋੜ ਰਹੀ ਹੈ, ਮੱਧਵਰਗ ਗਰੀਬੀ ਰੇਖਾ ਵੱਲ ਖਿਸਕ ਰਿਹਾ ਹੈ ਤੇ ਮਹਿੰਗਾਈ ਤੇ ਟੈਕਸਾਂ ਦੀ ਮਾਰ ਨੇ ਹਰ ਕਿਰਤ ਕਰਨ ਵਾਲੇ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਅਜਿਹੀ ਸਥਿਤੀ ਵਿੱਚ ਭਾਜਪਾ ਨੂੰ ਜੇਕਰ ਕਿਸੇ ਗੱਲ ਦਾ ਸਹਾਰਾ ਹੈ ਤਾਂ ਉਹ ਹਿੰਦੂ ਬਨਾਮ ਮੁਸਲਮਾਨ ਵਾਲੀ ਨਫ਼ਰਤੀ ਨੀਤੀ ਦਾ ਹੀ ਹੈ।
ਦਿੱਲੀ ਦੀ ਭਾਜਪਾ ਬੁਲਾਰੀ ਨੂਪੁਰ ਸ਼ਰਮਾ ਦੀ ਪੈਗੰਬਰ ਮੁਹੰਮਦ ਬਾਰੇ ਗੈਰ-ਮਰਿਆਦਾ ਵਾਲੀ ਟਿੱਪਣੀ ਤੋਂ ਸ਼ੁਰੂ ਹੋਇਆ ਨਫ਼ਰਤੀ ਬਿਆਨਾਂ ਦਾ ਇਹ ਸਿਲਸਲਾ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸੇ ਸਾਲ ਗੁਜਰਾਤ ਤੇ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਸਿਰ ਉਤੇ ਹਨ। ਮੋਦੀ-ਸ਼ਾਹ ਗੁਜਰਾਤ ਹਾਰ ਜਾਂਦੇ ਹਨ ਤਾਂ ਇਹ ਉਨ੍ਹਾਂ ਦੇ ਸਿਆਸੀ ਨਿਘਾਰ ਦੀ ਸ਼ੁਰੂਆਤ ਹੋਵੇਗੀ। ਇਸ ਲਈ ਹਰ ਹੱਥਕੰਡਾ ਵਰਤਣ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਪਿਛਲੇ ਦਿਨੀਂ ਜਿਸ ਤਰ੍ਹਾਂ ਬਿਲਕਿਸ ਬਾਨੋ ਦੇ ‘ਬਲਾਤਕਾਰੀਆਂ’ ਨੂੰ ਜੇਲ੍ਹ ਤੋਂ ਰਿਹਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਇਸ ਪਿੱਛੇ ਗੁੰਡਾ ਭਗਤਾਂ ਲਈ ਇੱਕ ਸਪੱਸ਼ਟ ਸੰਦੇਸ਼ ਸੀ ਕਿ ਮੁਸਲਮਾਨ ਔਰਤਾਂ ਦੀ ਪੱਤ ਨਾਲ ਖੇਡਣ ਦੀ ਉਨ੍ਹਾਂ ਨੂੰ ਖੁੱਲ੍ਹੀ ਛੁੱਟੀ ਹੈ। ਯਾਦ ਕਰੋ, ਜਦੋਂ ਦਾਦਰੀ ਵਿੱਚ ਅਖਲਾਕ ਮੁਹੰਮਦ ਨੂੰ ਹਿੰਦੂਤਵੀ ਭੀੜ ਨੇ ਗਾਂ ਦਾ ਮਾਸ ਰੱਖਣ ਦੇ ਝੂਠੇ ਦੋਸ਼ ਵਿੱਚ ਕਤਲ ਕਰ ਦਿੱਤਾ ਸੀ ਤਾਂ ਇਹ ਭੀੜਤੰਤਰੀ ਹੱਤਿਆਵਾਂ ਲਈ ਇੱਕ ਸੁਨੇਹਾ ਸੀ। ਉਸ ਤੋਂ ਬਾਅਦ ਸਾਰੇ ਦੇਸ਼ ਵਿੱਚ ਅਨੇਕਾਂ ਮੁਸਲਮਾਨ ਹਿੰਦੂਤਵੀ ਭੀੜਾਂ ਦਾ ਨਿਸ਼ਾਨਾ ਬਣੇ। ਇਸ ਦੇ ਬਾਵਜੂਦ ਮੁਸਲਮਾਨਾਂ ਨੇ ਇਸ ਜ਼ੁਲਮ ਨੂੰ ਚੁੱਪਚਾਪ ਸਹਿੰਦੇ ਰਹਿ ਕੇ ਭਾਜਪਾ ਦੇ ਫਿਰਕੂ ਦੰਗੇ ਕਰਾਉਣ ਦੇ ਮਨਸੂਬੇ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ। ਇਸ ਲਈ ਹੁਣ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਦਾ ਗੁਣਗਾਨ ਕਰਕੇ ਭਾਜਪਾ ਨੇ ਅੱਤ ਦੀ ਖਤਰਨਾਕ ਚਾਲ ਚੱਲੀ ਹੈ। ਭਾਜਪਾ ਆਗੂ ਜਾਣਦੇ ਹਨ ਕਿ ਉਨ੍ਹਾਂ ਦੇ ਸ਼ਿਸ਼ਕਾਰੇ ਹਿੰਦੂਤਵੀ ਗੁੰਡੇ ਜੇਕਰ ਇੱਕ-ਦੋ ਥਾਵਾਂ ’ਤੇ ਵੀ ਮੁਸਲਮਾਨ ਔਰਤਾਂ ਨਾਲ ਬਿਲਕਿਸ ਬਾਨੋ ਵਾਲੀ ਦਰਿੰਦਗੀ ਦੁਹਰਾ ਦਿੰਦੇ ਹਨ ਤਾਂ ਮੁਸਲਮਾਨ ਸ਼ਾਇਦ ਚੁੱਪ ਨਾ ਰਹਿ ਸਕਣ। ਇਸ ਨਾਲ ਦੇਸ਼ ਭਰ ਵਿੱਚ ਫਿਰਕੂ ਦੰਗੇ ਭੜਕ ਸਕਦੇ ਹਨ ਤੇ ਇਹੋ ਭਾਜਪਾਈ ਚਾਹੁੰਦੇ ਹਨ।
ਭਾਜਪਾ ਦੀ ਦੰਗੇ ਭੜਕਾਉਣ ਵਾਲੀ ਨੀਤੀ ਦੇ ਸੰਕੇਤ ਭਾਜਪਾ ਆਗੂਆਂ ਦੇ ਬਿਆਨਾਂ ਤੋਂ ਲੱਗਣ ਲੱਗ ਪਏ ਹਨ। ਗੁਜਰਾਤ ਦੇ ਬਲਸਾਡ ਤੋਂ ਭਾਜਪਾ ਵਿਧਾਇਕ ਭਰਤ ਪਟੇਲ ਨੇ ਤਾਂ ਪੁਲਸ ਨੂੰ ਹੀ ਧਮਕੀ ਦੇ ਦਿੱਤੀ ਹੈ ਕਿ ਉਹ ਜਦੋਂ ਚਾਹਵੇ ਦੰਗੇ ਕਰਵਾ ਸਕਦਾ ਹੈ। ਘਟਨਾ ਮੁਤਾਬਕ ਬਲਸਾਡ ਵਿੱਚ ਗਣਪਤੀ ਦੀ ਮੂਰਤੀ ਲੈ ਕੇ ਜਾ ਰਹੀ ਭੀੜ ਕਾਰਨ ਟ੍ਰੈਫਿਕ ਜਾਮ ਹੋ ਗਿਆ ਸੀ। ਪੁਲਸ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲਸ ਨੇ ਜਾਮ ਖੁਲ੍ਹਵਾਉਣ ਲਈ ਭੀੜ ਕੋਲੋਂ ਡੀ ਜੇ ਤੇ ਲੈਪਟਾਪ ਜ਼ਬਤ ਕਰ ਲਿਆ। ਇਸ ਗੱਲ ਦਾ ਪਤਾ ਜਦੋਂ ਭਾਜਪਾ ਵਿਧਾਇਕ ਭਰਤ ਪਟੇਲ ਨੂੰ ਲੱਗਾ ਤਾਂ ਉਹ ਮੌਕੇ ਉੱਤੇ ਪਹੁੰਚ ਕੇ ਪੁਲਸ ਨਾਲ ਉਲਝ ਪਿਆ। ਉਸ ਨੇ ਪੁਲਸ ਨੂੰ ਗਾਲ੍ਹਾਂ ਕੱਢਣ ਦੇ ਨਾਲ ਇਹ ਵੀ ਧਮਕੀ ਦੇ ਦਿੱਤੀ ਕਿ ਜੇਕਰ ਮੈਂ ਚਾਹਾਂ ਤਾਂ ਕਿਸੇ ਵੀ ਵੇਲੇ ਦੰਗਾ ਕਰਵਾ ਸਕਦਾ ਹਾਂ।
ਇਹ ਸਿਰਫ਼ ਗੁਜਰਾਤ ਹੀ ਨਹੀਂ, ਰਾਜਸਥਾਨ ਦੇ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਗਿਆਨ ਅਹੂਜਾ ਨੇ ਤਾਂ ਕੈਮਰੇ ਸਾਹਮਣੇ ਭੀੜ ਨੂੰ ਇਹ ਕਿਹਾ ਕਿ ਗਊ ਹੱਤਿਆ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਦੀ ਹੱਤਿਆ ਕਰ ਦਿੱਤੀ ਜਾਵੇ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਹਿ ਦਿੱਤਾ ਕਿ ਉਹ ਖੁਦ ਲਾਲਵੰਡੀ ਤੇ ਬਹਰੋਡ ਵਿੱਚ ਪੰਜ ਵਿਅਕਤੀਆਂ ਨੂੰ ਮਾਰ ਚੁੱਕੇ ਹਨ। ਉਸ ਨੇ ਅੱਗੇ ਕਿਹਾ-ਮੈਂ ਆਪਣੇ ਸਾਰੇ ਕਾਰਕੁਨਾਂ ਨੂੰ ਕਿਹਾ ਹੋਇਆ ਹੈ ਕਿ ਮਾਰੋ, ਬਰੀ ਵੀ ਕਰਾ ਦੇਵਾਂਗਾ ਤੇ ਜ਼ਮਾਨਤ ਵੀ ਕਰਾ ਲਵਾਂਗਾ। ਪੰਜ ਹੱਤਿਆਵਾਂ ਕਰਨ ਦੇ ਇਕਬਾਲ ਵਜੋਂ ਅਹੂਜਾ ਨੇ ਲਾਲਵੰਡੀ ਤੇ ਬਹਰੋਡ ਦਾ ਜ਼ਿਕਰ ਕੀਤਾ ਹੈ। ਯਾਦ ਰਹੇ ਕਿ ਬਹਰੋਡ ਵਿੱਚ ਭੀੜ ਨੇ ਪਹਿਲੂ ਖਾਂ ਤੇ ਲਾਲਵੰਡੀ ਪਿੰਡ ਵਿੱਚ ਰਕਬਰ ਖਾਨ ਨੂੰ ਮਾਰ ਦਿੱਤਾ ਸੀ।
ਨਫ਼ਰਤ ਦੀ ਇਸ ਅੱਗ ਨੂੰ ਹੁਣ ਤੱਕ ਬਚੇ ਆਂਧਰਾ ਤੇ ਤੇਲੰਗਾਨਾ ਵਰਗੇ ਰਾਜਾਂ ਵਿੱਚ ਵੀ ਭਾਜਪਾ ਆਗੂ ਫੈਲਾਉਣ ਲਈ ਪੂਰੀ ਵਾਹ ਲਾ ਰਹੇ ਹਨ। ਭਾਜਪਾ ਵਿਧਾਇਕ ਟੀ. ਰਾਜਾ ਨੇ ਇੱਕ ਬਿਆਨ ਵਿੱਚ ਪੈਗੰਬਰ ਮੁਹੰਮਦ ਵਿਰੁੱਧ ਟਿੱਪਣੀ ਕਰਕੇ ਹੈਦਰਾਬਾਦ ਵਿੱਚ ਹੰਗਾਮਾ ਮਚਾ ਦਿੱਤਾ ਹੈ। ਘਟਨਾ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਕਮੇਡੀਅਨ ਮੁਨੱਵਰ ਫਾਰੂਕੀ ਦਾ ਹੈਦਰਾਬਾਦ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ। ਇਸ ਪ੍ਰੋਗਰਾਮ ਬਾਰੇ ਭਾਜਪਾ ਵਿਧਾਇਕ ਨੇ ਕਿਹਾ ਸੀ ਕਿ ਉਹ ਇਸ ਨੂੰ ਨਹੀਂ ਹੋਣ ਦੇਣਗੇ। ਜੇਕਰ ਪੁਲਸ ਨੇ ਇਸ ਪ੍ਰੋਗਰਾਮ ਦੀ ਇਜਾਜ਼ਤ ਦਿੱਤੀ ਤਾਂ ਉਹ ਪੈਗੰਬਰ ਮੁਹੰਮਦ ਵਿਰੁੱਧ ਟਿੱਪਣੀ ਕਰਨਗੇ। ਕਮੇਡੀਅਨ ਦਾ ਪ੍ਰੋਗਰਾਮ ਸ਼ਾਂਤੀਪੂਰਬਕ ਹੋ ਗਿਆ ਤਾਂ ਭਾਜਪਾ ਵਿਧਾਇਕ ਨੇ ਪੈਗੰਬਰ ਮੁਹੰਮਦ ਵਿਰੁੱਧ ਗਲਤ ਗੱਲਾਂ ਕਰਨ ਵਾਲੀ ਆਪਣੀ ਵੀਡੀਓ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਹੈਦਰਾਬਾਦ ਵਿੱਚ ਥਾਂ-ਥਾਂ ਪ੍ਰਦਰਸ਼ਨ ਸ਼ੁਰੂ ਹੋ ਗਏ। ਲੋਕਾਂ ਦਾ ਰੋਹ ਏਨਾ ਤਿੱਖਾ ਸੀ ਕਿ ਆਖਰ ਪੁਲਸ ਨੂੰ ਭਾਜਪਾ ਵਿਧਾਇਕ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰਨਾ ਪਿਆ। ਇਹ ਤਾਂ ਕੁਝ ਚੋਣਵੀਆਂ ਘਟਨਾਵਾਂ ਹਨ, ਆਉਂਦੇ ਦਿਨੀਂ ਇਨ੍ਹਾਂ ਵਿੱਚ ਵਾਧਾ ਵੀ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕਤੰਤਰ ਵਿੱਚ ਆਸਥਾ ਰੱਖਣ ਵਾਲੀਆਂ ਸਭ ਸਿਆਸੀ ਧਿਰਾਂ ਇਸ ਸਥਿਤੀ ਦੇ ਮੁਕਾਬਲੇ ਲਈ ਜਨਤਾ ਨੂੰ ਲਾਮਬੰਦ ਕਰਕੇ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਮੈਦਾਨ ਵਿੱਚ ਨਿਤਰਣ।
-ਚੰਦ ਫਤਿਹਪੁਰੀ