ਹਿਸਾਰ : ਭਾਜਪਾ ਆਗੂ ਅਤੇ ਅਦਾਕਾਰਾ ਸੋਨਾਲੀ ਫੋਗਾਟ (42) ਦੀ ਸੋਮਵਾਰ ਗੋਆ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ‘ਟਿਕਟੌਕ’ ਐਪ ’ਤੇ ਵੀਡੀਓ ਬਣਾਉਣ ਲਈ ਮਸ਼ਹੂਰ ਫੋਗਾਟ 2019 ’ਚ ਭਾਜਪਾ ’ਚ ਸ਼ਾਮਲ ਹੋਈ ਸੀ।
ਸੋਨਾਲੀ ਨੇ ਪਰਵਾਰ ਨੇ ਹੱਤਿਆ ਦਾ ਸ਼ੱਕ ਪ੍ਰਗਟ ਕਰਦਿਆਂ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਸੋਨਾਲੀ ਦੀ ਭੈਣ ਰੂਪੇਸ਼ ਨੇ ਦੱਸਿਆਪਰਸੋਂ ਉਹ ਆਪਣੇ ਫਾਰਮ ਹਾਊਸ ’ਤੇ ਸੀ ਤੇ ਮਾਂ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਜਿਵੇਂ ਕਿਸੇ ਨੇ ਕੁਝ ਕਰਵਾਇਆ ਹੋਵੇ। ਕੁਝ ਗੜਬੜ ਲੱਗ ਰਹੀ ਹੈ। ਸੋਮਵਾਰ ਸ਼ਾਮ ਵੀ ਮਾਂ ਨਾਲ ਉਸ ਨੇ ਇਸੇ ਮੁੱਦੇ ’ਤੇ ਗੱਲ ਕੀਤੀ ਤੇ ਸਵੇਰੇ ਸੁਨੇਹਾ ਆਇਆ ਕਿ ਉਸ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਸੋਨਾਲੀ ਦੀ ਜੇਠਾਣੀ ਮਨੋਜ ਫੋਗਾਟ ਨੇ ਦੱਸਿਆਪਰਸੋਂ ਉਹ ਘਰ ਆਈ ਸੀ ਤੇ ਫਿਰ ਕਿਸੇ ਕੰਮ ਦੇ ਸਿਲਸਿਲੇ ਵਿਚ ਮੁੰਬਈ ਤੇ ਗੋਆ ਲਈ ਨਿਕਲੀ ਸੀ।
ਸੋਨਾਲੀ ਦੀ ਇਕ ਬੇਟੀ ਹੈ, ਜਿਹੜੀ ਨਿੱਜੀ ਸਕੂਲ ਵਿਚ ਹੋਸਟਲ ’ਚ ਰਹਿੰਦੀ ਹੈ। ਸੋਨਾਲੀ ਦੇ ਪਤੀ ਸੰਜੇ ਫੋਗਾਟ ਦੀ 2016 ਵਿਚ ਰਹੱਸਮਈ ਹਾਲਤ ’ਚ ਮੌਤ ਹੋ ਗਈ ਸੀ। ਸੋਨਾਲੀ ਨੇ 2019 ਵਿਚ ਭਾਜਪਾ ਉਮੀਦਵਾਰ ਵਜੋਂ ਆਦਮਪੁਰ ਤੋਂ ਅਸੰਬਲੀ ਚੋਣ ਲੜੀ ਸੀ, ਪਰ ਕੁਲਦੀਪ ਬਿਸ਼ਨੋਈ ਤੋਂ ਹਾਰ ਗਈ ਸੀ। ਉਸ ਨੇ ਪੰਜਾਬੀ ਤੇ ਹਰਿਆਣਵੀ ਫਿਲਮਾਂ ਵਿਚ ਕੰਮ ਕੀਤਾ।