ਸਾਮਰਾਜੀ ਸਾਜ਼ਿਸ਼ਾਂ ਦੀ ਖੇਡ

0
105

ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ’ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਅਮਰੀਕੀ ਉਪ ਰਾਸ਼ਟਰਪਤੀ ਜੇ ਡੀ ਵਾਂਸ ਵਿਚਾਲੇ ਜੋ ਤਿੱਖਾ ਸੰਵਾਦ ਹੋਇਆ, ਉਹ ਸਿਰਫ ਦੋ ਆਗੂਆਂ ਦੀ ਬਹਿਸ ਨਹੀਂ ਸੀ, ਸਗੋਂ ਸੰਸਾਰ ਸਿਆਸਤ ’ਚ ਸਾਮਰਾਜਵਾਦ ਤੇ ਪੂੰਜੀਵਾਦੀ ਹਿੱਤਾਂ ਦੇ ਟਕਰਾਅ ਦਾ ਖੁੱਲ੍ਹਾ ਪ੍ਰਦਰਸ਼ਨ ਸੀ। ਇਹ ਪੂਰਾ ਘਟਨਾਕ੍ਰਮ ਅਮਰੀਕੀ ਸਾਮਰਾਜਵਾਦ, ਮਿਲਟਰੀ ਪੂੰਜੀਵਾਦ ਤੇ ਯੁੱਧ ਨਾਲ ਸੰਚਾਲਤ ਅਰਥ ਵਿਵਸਥਾ ਦਾ ਹੀ ਇੱਕ ਹੋਰ ਪੜਾਅ ਹੈ। ਜ਼ੇਲੈਂਸਕੀ, ਜਿਸ ਨੂੰ ਯੂਕਰੇਨ ਵਿੱਚ ਪੱਛਮੀ ਦੇਸ਼ਾਂ ਵੱਲੋਂ ‘ਜਮਹੂਰੀਅਤ ਦਾ ਚਿਹਰਾ’ ਦੱਸ ਕੇ ਸਥਾਪਤ ਕੀਤਾ ਗਿਆ, ਅਸਲ ਵਿੱਚ ਅਮਰੀਕੀ ਤੇ ਯੂਰਪੀ ਮਿਲਟਰੀ-ਇੰਡਸਟ੍ਰੀਅਲ ਹਿੱਤਾਂ ਲਈ ਕੰਮ ਕਰਨ ਵਾਲਾ ਇੱਕ ਪ੍ਰਾਕਸੀ ਆਗੂ ਹੈ। ਪੱਛਮੀ ਤਾਕਤਾਂ ਨੇ ਯੂਕਰੇਨ ਨੂੰ ਰੂਸ ਖਿਲਾਫ ਇੱਕ ਮੋਹਰੇ ਵਜੋਂ ਇਸਤੇਮਾਲ ਕੀਤਾ। ਜ਼ੇਲੈਂਸਕੀ ਦਾ ਸੱਤਾ ਵਿੱਚ ਆਉਣਾ ਵੀ ਇਸੇ ਸਾਮਰਾਜੀ ਯੋਜਨਾ ਦਾ ਹਿੱਸਾ ਸੀ। ਰੂਸ-ਯੂਕਰੇਨ ਲੜਾਈ ਲੋਕਾਂ ਦੀ ਨਹੀਂ, ਸਗੋਂ ਪੂੰਜੀਪਤੀ ਵਰਗ ਦੀ ਭੂ-ਸਿਆਸੀ ਮੁਕਾਬਲੇਬਾਜ਼ੀ ਦੀ ਉਪਜ ਹੈ। ਜ਼ੇਲੈਂਸਕੀ, ਜਿਹੜੀ ਜਮਹੂਰੀਅਤ ਤੇ ਖੁਦਮੁਖਤਿਆਰੀ ਦੀ ਗੱਲ ਕਰਦਾ ਹੈ, ਉਹ ਅਸਲ ਵਿੱਚ ਅਮਰੀਕੀ ਤੇ ਨਾਟੋ ਸਮਰਥਤ ਮਿਲਟਰੀ ਗੱਠਜੋੜ ਦਾ ਵਿਸਤਾਰ-ਭਰ ਹੈ। ਲਗਾਤਾਰ ਹਥਿਆਰਾਂ ਨਾਲ ਤੁੰਨ ਕੇ ਅਮਰੀਕਾ ਨੇ ਯੂਕਰੇਨ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਹੈ, ਜਿੱਥੇ ਅਸਲ ਕੀਮਤ ਉੱਥੋਂ ਦੇ ਮਿਹਨਤਕਸ਼ਾਂ, ਕਿਸਾਨਾਂ ਤੇ ਆਮ ਨਾਗਰਿਕਾਂ ਨੂੰ ਚੁਕਾਉਣੀ ਪੈ ਰਹੀ ਹੈ।
ਜੇ ਡੀ ਵਾਂਸ ਦਾ ਇਹ ਕਹਿਣਾ ਕਿ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਮਦਦ ਨਾਲ ਅਮਰੀਕੀ ਕਰਦਾਤਿਆਂ ਦਾ ਨੁਕਸਾਨ ਹੋ ਰਿਹਾ ਹੈ, ਇੱਕ ਦਿਲਚਸਪ ਮੋੜ ਹੈ। ਇਹ ਟਰੰਪਵਾਦੀ ਸਿਆਸਤ ਵੱਲ ਝੁਕਾਅ ਰੱਖਣ ਵਾਲੇ ਰਿਪਬਲੀਕਨਾਂ ਦੀ ਸਾਮਰਾਜੀ ਰਣਨੀਤੀ ਵਿੱਚ ਤਬਦੀਲੀ ਨੂੰ ਦਰਸਾਉਦਾ ਹੈ। ਅਮਰੀਕੀ ਮਿਲਟਰੀ-ਇੰਡਸਟ੍ਰੀਅਲ ਤੰਤਰ ਦੀ ਤਰਜੀਹ ਹੁਣ ਚੀਨ ’ਤੇ ਕੇਂਦਰਤ ਹੋ ਰਹੀ ਹੈ, ਇਸ ਲਈ ਰੂਸ ਖਿਲਾਫ ਯੂਕਰੇਨ ਵਿੱਚ ਬੇਲੋੜੇ ਵਸੀਲੇ ਲਾਉਣੇ ਇੱਕ ਮੁੱਦਾ ਬਣ ਰਿਹਾ ਹੈ। ਵਾਂਸ ਦਾ ਇਹ ਵਿਰੋਧ ਅਮਰੀਕੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਨਹੀਂ, ਸਗੋਂ ਅਮਰੀਕੀ ਪੂੰਜੀਪਤੀਆਂ ਦੇ ਨੀਤੀਗਤ ਬਦਲਾਅ ਦਾ ਸੰਕੇਤ ਹੈ। ਜਦੋਂ ਤੱਕ ਯੂਕਰੇਨ ਜੰਗ ਵਿੱਚ ਅਮਰੀਕੀ ਹਥਿਆਰ ਕੰਪਨੀਆਂ ਦਾ ਫਾਇਦਾ ਹੋ ਰਿਹਾ ਸੀ, ਵਾਂਸ ਤੇ ਉਸ ਦੇ ਸਾਥੀ ਚੁੱਪ ਸਨ। ਹੁਣ ਜਦ ਪੂੰਜੀਪਤੀ ਹਿੱਤਾਂ ਨੇ ਦਿਸ਼ਾ ਬਦਲਣੀ ਹੈ ਤਾਂ ਇਹ ਨਵਾਂ ਸ਼ੋਸ਼ਾ ਛੱਡਿਆ ਕੀਤਾ ਜਾ ਰਿਹਾ ਹੈ ਕਿ ‘ਸਾਨੂੰ ਪਹਿਲਾਂ ਅਮਰੀਕਾ ਦੀ ਚਿੰਤਾ ਕਰਨੀ ਚਾਹੀਦੀ ਹੈ।’ ਸਭ ਕੁਝ ਅਮਰੀਕੀ ਪੂੰਜੀਵਾਦ ਨੂੰ ਬਣਾਈ ਰੱਖਣ ਲਈ ਕੀਤਾ ਜਾ ਰਿਹਾ ਹੈ, ਭਾਵੇਂ ਕਿ ਰਣਨੀਤੀਆਂ ਵੱਖ-ਵੱਖ ਅਪਣਾਈਆਂ ਜਾ ਰਹੀਆਂ ਹਨ। ਟਰੰਪ ਆਪਣੇ ਤੋਂ ਪਹਿਲੇ ਡੈਮੋਕਰੇਟ ਰਾਸ਼ਟਰਪਤੀ ਜੋਅ ਬਾਇਡਨ ਨਾਲੋਂ ਕੁਝ ਵੱਖਰਾ ਨਹੀਂ ਕਰ ਰਿਹਾ। ਬਾਇਡਨ ਨਾਟੋ ਦੇ ਵਿਸਥਾਰ ਅਤੇ ਮਿਲਟਰੀ ਗੱਠਜੋੜਾਂ ਨਾਲ ਅਮਰੀਕਾ ਦੀ ਚੌਧਰ ਬਣਾਈ ਰੱਖਣਾ ਚਾਹੁੰਦਾ ਸੀ, ਜਦਕਿ ਟਰੰਪ ਅੰਦਰੂਨੀ ਪੁਨਰਗਠਨ ਅਤੇ ਆਰਥਕ ਰਾਸ਼ਟਰਵਾਦ ਰਾਹੀਂ ਉਹ ਕਰਨ ਦੀ ਕੋਸਿਸ਼ ਕਰ ਰਿਹਾ ਹੈ।
ਇਹ ਦੁਹਰਾਉਣ ਦੀ ਲੋੜ ਨਹੀਂ ਕਿ ਪੂੰਜੀਵਾਦ ਆਪਣੇ ਹੀ ਅੰਤਰ-ਵਿਰੋਧਾਂ ਨਾਲ ਗ੍ਰਸਤ ਹੈ। ਸਾਮਰਾਜੀ ਯੁੱਧ ਇਨ੍ਹਾਂ ਅੰਤਰ-ਵਿਰੋਧਾਂ ਨੂੰ ਹੱਲ ਕਰਨ ਦਾ ਤਰੀਕਾ ਹੁੰਦੇ ਹਨ। ਲੈਨਿਨ ਨੇ ਲਿਖਿਆ ਸੀ ਕਿ ਪੂੰਜੀਵਾਦ ਦਾ ਅੰਤਮ ਪੜਾਅ ਸਾਮਰਾਜਵਾਦ ਹੀ ਹੁੰਦਾ ਹੈ, ਜਿੱਥੇ ਯੁੱਧ ਪੂੰਜੀ ਇਕੱਠੀ ਕਰਨ ਦਾ ਇੱਕ ਜ਼ਰੂਰੀ ਸਾਧਨ ਬਣ ਜਾਂਦਾ ਹੈ। ਯੂਕਰੇਨ ਦਾ ਯੁੱਧ ਇਸ ਦੀ ਢੁਕਵੀਂ ਮਿਸਾਲ ਹੈ। ਅਸਲੀ ਸਮੱਸਿਆ ਇਹ ਹੈ ਕਿ ਯੁੱਧ ਤੇ ਪੂੰਜੀਵਾਦ ਦਾ ਰਿਸ਼ਤਾ ਅਟੁੱਟ ਹੈ, ਜਦੋਂ ਤੱਕ ਪੂੰਜੀਵਾਦ ਰਹੇਗਾ, ਯੁੱਧ ਇਸ ਦੀ ਹੋਂਦ ਦਾ ਇੱਕ ਲਾਜ਼ਮੀ ਹਿੱਸਾ ਰਹੇਗਾ। ਜੇ ਯੁੱਧਾਂ ਨੂੰ ਰੋਕਣਾ ਹੈ ਅਤੇ ਵਿਸ਼ਵ ਸ਼ਾਂਤੀ ਕਾਇਮ ਕਰਨੀ ਹੈ ਤਾਂ ਪੂੰਜੀਵਾਦ ਦੇ ਮੂਲ ਢਾਂਚੇ ਨੂੰ ਬਦਲਣ ਦੀ ਦਿਸ਼ਾ ਵਿੱਚ ਸੋਚਣਾ ਹੋਵੇਗਾ। ਸਿਰਫ ਸੱਤਾ ਬਦਲਣ ਜਾਂ ‘ਅਮਰੀਕਾ ਫਸਟ’ ਵਰਗੀਆਂ ਨੀਤੀਆਂ ਨਾਲ ਕੁਝ ਨਹੀਂ ਬਦਲੇਗਾ। ਸਵਾਲ ਇਹ ਹੈ ਕਿ ਅਸੀਂ ਕਦੋਂ ਤੱਕ ਪੂੰਜੀਵਾਦੀ ਝੂਠ ਤੇ ਸਾਮਰਾਜੀ ਛਲ ਨੂੰ ਅਣਡਿੱਠ ਕਰਦੇ ਰਹਾਂਗੇ।