ਪਾਰਾਦੀਪ : ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਇਕ 21 ਸਾਲਾ ਮੁੰਡੇ ਨੇ ਆਪਣੇ ਮਾਤਾ-ਪਿਤਾ ਅਤੇ ਭੈਣ ਨੂੰ ਇਸ ਕਰਕੇ ਕਤਲ ਕਰ ਦਿੱਤਾ, ਕਿਉਂਕਿ ਉਹ ਉਸ ਨੂੰ ਆਨਲਾਈਨ ਗੇਮ ਖੇਡਣ ਤੋਂ ਰੋਕਦੇ ਸਨ। ਐੱਸ ਪੀ ਭਵਾਨੀ ਸ਼ੰਕਰ ਉਦਗਤਾ ਨੇ ਦੱਸਿਆ ਕਿ ਇਹ ਘਟਨਾ ਜਗਤਸਿੰਘਪੁਰ ਥਾਣਾ ਖੇਤਰ ਦੇ ਪੈਂਦੇ ਜੈਬਾਦਾ ਸੇਠੀ ਸਾਹੀ ਵਿਖੇ ਸਵੇਰੇ 3 ਵਜੇ ਦੇ ਕਰੀਬ ਵਾਪਰੀ। ਮਿ੍ਰਤਕਾਂ ਦੀ ਪਛਾਣ ਪ੍ਰਸ਼ਾਂਤ ਸੇਠੀ ਉਰਫ ਕਾਲੀਆ (65), ਉਸ ਦੀ ਪਤਨੀ ਕਨਕਲਤਾ (62) ਅਤੇ ਬੇਟੀ ਰੋਜ਼ਲਿਨ (25) ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸੂਰਜਕਾਂਤ ਸੇਠੀ ਪਿੰਡ ਦੇ ਨੇੜੇ ਲੁਕ ਗਿਆ ਅਤੇ ਬਾਅਦ ਵਿੱਚ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ। ਉਦਗਾਤਾ ਨੇ ਦੱਸਿਆ ਕਿ ਨੌਜਵਾਨ ਨੂੰ ਮਾਨਸਿਕ ਸਮੱਸਿਆ ਹੋਣ ਦਾ ਸ਼ੱਕ ਹੈ।
ਚੀਨ ਦੀ ਜਵਾਬੀ ਕਾਰਵਾਈ
ਬੀਜਿੰਗ : ਚੀਨ ਨੇ ਮੰਗਲਵਾਰ ਐਲਾਨ ਕੀਤਾ ਕਿ ਉਹ ਚਿਕਨ, ਸੂਰ ਦਾ ਮਾਸ, ਸੋਇਆ ਅਤੇ ਬੀਫ ਸਮੇਤ ਪ੍ਰਮੁੱਖ ਅਮਰੀਕੀ ਖੇਤੀ ਉਤਪਾਦਾਂ ਦੀ ਦਰਾਮਦ ’ਤੇ 15 ਫੀਸਦੀ ਤੱਕ ਵਾਧੂ ਟੈਕਸ ਲਾਏਗਾ। ਵਣਜ ਮੰਤਰਾਲੇ ਵੱਲੋਂ ਐਲਾਨੇ ਗਏ ਟੈਕਸ 10 ਮਾਰਚ ਤੋਂ ਲਾਗੂ ਹੋਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨੀ ਉਤਪਾਦਾਂ ਦੀ ਦਰਾਮਦ ’ਤੇ ਟੈਰਿਫ ਨੂੰ 20 ਫੀਸਦ ਤੱਕ ਵਧਾਉਣ ਦਾ ਆਦੇਸ਼ ਦੇਣ ਤੋਂ ਬਾਅਦ ਚੀਨ ਨੇ ਕਿਹਾ ਹੈ ਕਿ ਅਮਰੀਕਾ ’ਚ ਪੈਦਾ ਹੋਣ ਵਾਲੀ ਕਣਕ, ਮੱਕੀ, ਕਪਾਹ ਅਤੇ ਚਿਕਨ ਦੀ ਦਰਾਮਦ ’ਤੇ 15 ਫੀਸਦੀ ਵਾਧੂ ਟੈਕਸ ਲੱਗੇਗਾ। ਇਸ ਤੋਂ ਇਲਾਵਾ ਜਵਾਰ, ਸੋਇਆਬੀਨ, ਸੂਰ ਦਾ ਮਾਸ, ਬੀਫ, ਸਮੁੰਦਰੀ ਭੋਜਨ, ਫਲ, ਸਬਜ਼ੀਆਂ ਅਤੇ ਡੇਅਰੀ ਉਤਪਾਦਾਂ ’ਤੇ ਟੈਕਸ 10 ਫੀਸਦੀ ਵਧਾਇਆ ਜਾਵੇਗਾ।


