ਮਾਧਬੀ ਬੁੱਚ ਤੇ ਹੋਰਨਾਂ ਖਿਲਾਫ ਐੱਫ ਆਈ ਆਰ ਦਰਜ ਕਰਨ ਦੇ ਹੁਕਮ ’ਤੇ ਰੋਕ

0
109

ਮੰੁਬਈ : ਬੰਬੇ ਹਾਈ ਕੋਰਟ ਨੇ ਸ਼ੇਅਰ ਬਾਜ਼ਾਰ ਵਿੱਚ ਧੋਖਾਧੜੀ ਨੂੰ ਲੈ ਕੇ ਸੇਬੀ ਦੀ ਸਾਬਕਾ ਮੁਖੀ ਮਾਧਬੀ ਪੁਰੀ ਬੁੱਚ ਤੇ ਹੋਰਨਾਂ ਖਿਲਾਫ ਐੱਫ ਆਈ ਆਰ ਦਰਜ ਕਰਨ ਦੇ ਵਿਸ਼ੇਸ਼ ਕੋਰਟ ਦੇ ਹੁਕਮਾਂ ’ਤੇ ਰੋਕ ਲਾ ਦਿੱਤੀ ਹੈ।
ਵਿਸ਼ੇਸ਼ ਕੋਰਟ ਨੇ ਭਿ੍ਰਸ਼ਟਾਚਾਰ ਰੋਕੂ ਬਿਊਰੋ (ਏ ਸੀ ਬੀ) ਨੂੰ ਸੇਬੀ ਦੀ ਸਾਬਕਾ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਪੰਜ ਹੋਰ ਅਧਿਕਾਰੀਆਂ ਵਿਰੁੱਧ ਸਟਾਕ ਮਾਰਕੀਟ ਧੋਖਾਧੜੀ ਅਤੇ ਰੈਗੂਲੇਟਰੀ ਬੇਨੇਮੀਆਂ ਦੇ ਦੋਸ਼ ਹੇਠ ਐੱਫ ਆਈ ਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਹ ਅਧਿਕਾਰੀ ਬੰਬੇ ਸਟਾਕ ਐਕਸਚੇਂਜ ਤੇ ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨਾਲ ਸੰਬੰਧਤ ਹਨ। ਵਿਸ਼ੇਸ਼ ਅਦਾਲਤ ਦੇ ਜੱਜ ਸ਼ਸ਼ੀਕਾਂਤ ਏਕਨਾਥਰਾਓ ਬਾਂਗੜ ਨੇ ਹੁਕਮਾਂ ਵਿੱਚ ਕਿਹਾ ਸੀ ਕਿ ਇਸ ਸੰਬੰਧੀ ਪਹਿਲੀ ਨਜ਼ਰੇ ਬੇਨੇਮੀਆਂ ਅਤੇ ਮਿਲੀਭੁਗਤ ਕਰਨ ਦਾ ਪਤਾ ਲੱਗਦਾ ਹੈ ਜਿਸ ਲਈ ਨਿਰਪੱਖ ਜਾਂਚ ਦੀ ਲੋੜ ਹੈ। ਬੁਚ ਤੋਂ ਇਲਾਵਾ ਜਿਨ੍ਹਾਂ ਹੋਰ ਅਧਿਕਾਰੀਆਂ ਵਿਰੁੱਧ ਅਦਾਲਤ ਨੇ ਅੱੈਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ ਉਨ੍ਹਾਂ ਵਿੱਚ ਬੰਬੇ ਸਟਾਕ ਐਕਸਚੇਂਜ (ਬੀ ਐੱਸ ਈ) ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰਰਾਮਨ ਰਾਮਾਮੂਰਤੀ, ਤੱਤਕਾਲੀ ਚੇਅਰਮੈਨ ਅਤੇ ਜਨਹਿਤ ਨਿਰਦੇਸ਼ਕ ਪ੍ਰਮੋਦ ਅਗਰਵਾਲ ਅਤੇ ਸੇਬੀ ਦੇ ਤਿੰਨ ਮੈਂਬਰ ਅਸ਼ਵਨੀ ਭਾਟੀਆ, ਅਨੰਤ ਨਰਾਇਣ ਅਤੇ ਕਮਲੇਸ਼ ਚੰਦਰ ਵਰਸ਼ਨੇ ਸ਼ਾਮਲ ਹਨ। ਅਦਾਲਤ ਨੇ ਕਿਹਾ ਸੀ ਕਿ ਉਹ ਜਾਂਚ ਦੀ ਨਿਗਰਾਨੀ ਕਰੇਗੀ ਅਤੇ ਇਸ ਮਾਮਲੇ ਦੀ 30 ਦਿਨਾਂ ਦੇ ਅੰਦਰ ਰਿਪੋਰਟ ਸੌਂਪੀ ਜਾਵੇ। ਇਹ ਹੁਕਮ ਸਪਨ ਸ੍ਰੀਵਾਸਤਵ (47) ਦੀ ਸ਼ਿਕਾਇਤ ਤੋਂ ਬਾਅਦ ਦਿੱਤੇ ਗਏ ਸਨ। ਸ਼ਿਕਾਇਤਕਰਤਾ ਨੇ ਵੱਡੇ ਪੱਧਰ ’ਤੇ ਵਿੱਤੀ ਧੋਖਾਧੜੀ, ਰੈਗੂਲੇਟਰੀ ਉਲੰਘਣਾਵਾਂ ਅਤੇ ਭਿ੍ਰਸ਼ਟਾਚਾਰ ਦੇ ਕਥਿਤ ਅਪਰਾਧਾਂ ਦੀ ਜਾਂਚ ਦੀ ਮੰਗ ਕੀਤੀ ਸੀ।