ਨਵੀਂ ਦਿੱਲੀ : ਸਾਹਿਤ ਅਕਾਦਮੀ ਨੇ ਬੁੱਧਵਾਰ 22 ਭਾਸ਼ਾਵਾਂ ਦੇ ਲੇਖਕਾਂ ਅਤੇ ਲੇਖਕਾਵਾਂ ਨੂੰ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ 2022 ਦੇਣ ਦਾ ਐਲਾਨ ਕੀਤਾ, ਜਿਸ ਵਿਚ ਹਿੰਦੀ ਲਈ ਕਸਮਾ ਸ਼ਰਮਾ, ਉਰਦੂ ਲਈ ਜ਼ਫਰ ਕਲਾਮੀ ਅਤੇ ਅੰਗਰੇਜ਼ੀ ਲਈ ਅਰਸ਼ੀਆ ਸੱਤਾਰ ਸ਼ਾਮਲ ਹਨ। ਅਕਾਦਮੀ ਦੇ ਸਕੱਤਰ ਕੇ ਸ੍ਰੀਨਿਵਾਸ ਰਾਓ ਨੇ ਦੱਸਿਆਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਚੰਦਰ ਸ਼ੇਖਰ ਕੰਬਾਰ ਦੀ ਪ੍ਰਧਾਨਗੀ ਹੇਠ ਅਕਾਦਮੀ ਦੇ ਕਾਰਜਕਾਰੀ ਬੋਰਡ ਦੀ ਮੀਟਿੰਗ ਵਿਚ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਲਈ 22 ਲੇਖਕਾਂ (ਭਾਸ਼ਾਵਾਂ ਦੇ) ਨੂੰ ਮਨਜ਼ੂਰੀ ਦਿੱਤੀ ਗਈ। ਇਸ ਸਾਲ ਪੰਜਾਬੀ ਭਾਸ਼ਾ ਵਿਚ ਪੁਰਸਕਾਰ ਨਹੀਂ ਦਿੱਤਾ ਜਾ ਰਿਹਾ, ਜਦਕਿ ਸੰਥਾਲੀ ਭਾਸ਼ਾ ਵਿਚ ਪੁਰਸਕਾਰ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। 1 ਜਨਵਰੀ 2016 ਤੋਂ 31 ਦਸੰਬਰ 2020 ਦਰਮਿਆਨ ਪਹਿਲੀ ਵਾਰ ਪ੍ਰਕਾਸ਼ਤ ਕਿਤਾਬਾਂ ਨੂੰ ਪੁਰਸਕਾਰ ਲਈ ਵਿਚਾਰਿਆ ਗਿਆ ਹੈ। ਪੁਰਸਕਾਰ ਲਈ ਚੁਣੇ ਗਏ ਲੇਖਕਾਂ ਨੂੰ ਇਸ ਸਾਲ 14 ਨਵੰਬਰ ਨੂੰ ਸਨਮਾਨਤ ਕੀਤਾ ਜਾਵੇਗਾ। ਸਨਮਾਨ ਵਜੋਂ ਤਾਮਰ ਪੱਤਰ ਅਤੇ 50,000 ਰੁਪਏ ਦਿੱਤੇ ਜਾਣਗੇ।