ਨਵੀਂ ਦਿੱਲੀ : ਪੁਲਸ ਨੇ ਰਾਜਧਾਨੀ ਅਤੇ ਇਸ ਦੇ ਉਪਨਗਰਾਂ ਵਿੱਚ ਚੋਰੀਆਂ ਕਰਨ ਵਾਲੇ ‘ਬੈਂਡ ਬਾਜਾ ਬਾਰਾਤ’ ਗਰੋਹ ਦਾ ਪਰਦਾਫਾਸ਼ ਕਰਕੇ ਨਾਬਾਲਗ ਸਮੇਤ ਚਾਰ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਨਾਲ ਸ਼ਾਸਤਰੀ ਪਾਰਕ, ਸਵਰੂਪ ਨਗਰ ਅਤੇ ਜੀ ਟੀ ਬੀ ਇਨਕਲੇਵ ਵਿੱਚ ਵਿਆਹਾਂ ਵਿੱਚ ਹੋਈਆਂ ਚੋਰੀਆਂ ਦੇ ਤਿੰਨ ਕੇਸ ਹੱਲ ਹੋ ਗਏ ਹਨ। ਡੀ ਸੀ ਪੀ (ਕ੍ਰਾਈਮ) ਅਪੂਰਵ ਗੁਪਤਾ ਨੇ ਕਿਹਾ ਕਿ ਇਹ ਗਰੋਹ ਵਿਆਹਾਂ ਵਿੱਚ ਚੰਗਾ ਪਹਿਰਾਵਾ ਪਾ ਕੇ ਮਹਿਮਾਨਾਂ ਨਾਲ ਘੁਲਣ-ਮਿਲਣ ਵਿੱਚ ਮਾਹਰ ਹੈ। ਉਹ ਸਮਾਗਮ ਵਿੱਚ ਇਸ ਤਰ੍ਹਾਂ ਸ਼ਾਮਲ ਹੋਣਗੇ, ਜਿਵੇਂ ਉਨ੍ਹਾਂ ਨੂੰ ਇਸ ਵਿੱਚ ਬੁਲਾਇਆ ਗਿਆ ਹੋਵੇ। ਉਹ ਲਾੜੇ ਨੂੰ ਮਿਲਣ ਵਾਲੇ ਤੋਹਫ਼ੇ, ਗਹਿਣੇ ਅਤੇ ਨਕਦੀ ਵਾਲੇ ਬੈਗ ਤੇਜ਼ੀ ਨਾਲ ਚੋਰੀ ਕਰਕੇ ਮੌਕੇ ਤੋਂ ਗਾਇਬ ਹੋ ਜਾਂਦੇ ਸਨ। ਵੱਖ-ਵੱਖ ਵਿਆਹ ਸਮਾਗਮਾਂ ਤੋਂ ਸੀ ਸੀ ਟੀ ਵੀ ਫੁਟੇਜ ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਬੈਂਕੁਏਟ ਹਾਲਾਂ ਤੇ ਫਾਰਮ ਹਾਊਸਾਂ ’ਤੇ ਮੁਖਬਰ ਤਾਇਨਾਤ ਕਰਨ ਤੋਂ ਬਾਅਦ ਪੁਲਸ ਨੇ ਇਨ੍ਹਾਂ ਦੀ ਪਛਾਣ ਕੀਤੀ। ਗੁਪਤਾ ਨੇ ਦੱਸਿਆ ਕਿ ਗਰੋਹ ਦਾ ਮੁਖੀ ਬੱਚਿਆਂ ਦੇ ਮਾਪਿਆਂ ਨੂੰ ਸੇਵਾਵਾਂ ਦੇ ਬਦਲੇ 10 ਤੋਂ 12 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਕਰਕੇ ਉਨ੍ਹਾਂ ਨੂੰ ਲੁਭਾਉਂਦਾ ਸੀ। ਆਮ ਤੌਰ ’ਤੇ 9 ਤੋਂ 15 ਸਾਲ ਦੇ ਬੱਚਿਆਂ ਨੂੰ ਦਿੱਲੀ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਸ਼ੱਕ ਪੈਦਾ ਕੀਤੇ ਬਿਨਾਂ ਚੀਜ਼ਾਂ ਚੋਰੀ ਕਰਨ ਦੀ ਸਿਖਲਾਈ ਦਿੱਤੀ। ਉਨ੍ਹਾਂ ਨੂੰ ਮਹਿਮਾਨਾਂ ਨਾਲ ਰਲਣ, ਭਰੋਸੇ ਨਾਲ ਕੰਮ ਕਰਨ ਅਤੇ ਫੜੇ ਜਾਣ ’ਤੇ ਚੁੱਪ ਰਹਿਣ ਲਈ ਵੀ ਸਿਖਲਾਈ ਦਿੱਤੀ ਗਈ ਸੀ। ਮੁਲਜ਼ਮਾਂ ਦੀ ਪਛਾਣ ਅੱਜੂ (24), ਕੁਲਜੀਤ (22) ਅਤੇ ਕਾਲੂ ਛਿਆਲ (25) ਵਜੋਂ ਹੋਈ ਹੈ, ਸਾਰੇ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਪੁਲਸ ਨੇ ਮੁਲਜ਼ਮਾਂ ਕੋਲੋਂ 2,14,000 ਰੁਪਏ ਨਕਦ, ਇੱਕ ਮੋਬਾਈਲ ਫੋਨ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ।


