ਰਾਹੁਲ ਗੁਜਰਾਤ ਦੌਰੇ ’ਤੇ

0
12

ਅਹਿਮਦਾਬਾਦ : ਰਾਹੁਲ ਗਾਂਧੀ ਦੋ ਰੋਜ਼ਾ ਗੁਜਰਾਤ ਦੌਰੇ ਲਈ ਸ਼ੁੱਕਰਵਾਰ ਸਵੇੇਰੇ ਅਹਿਮਦਾਬਾਦ ਪਹੁੰਚੇ। ਉਨ੍ਹਾ 2027 ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਗੁਜਰਾਤ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਸਣੇ ਸੀਨੀਅਰ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ। ਫਿਰ ਉਹ ਅਸੰਬਲੀ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂਆਂ ਨੂੰ ਵੀ ਮਿਲੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿੱਤਰੀ ਰਾਜ ਗੁਜਰਾਤ ਵਿੱਚ 1995 ਤੋਂ ਭਾਜਪਾ ਦੀ ਸਰਕਾਰ ਹੈ। ਰਾਹੁਲ ਕਾਂਗਰਸ ਦੇ ਜ਼ਿਲ੍ਹਾ ਤੇ ਸ਼ਹਿਰੀ ਪ੍ਰਧਾਨਾਂ ਅਤੇ ਨਿਗਮਾਂ ਦੇ ਮੁਖੀਆਂ ਨੂੰ ਵੀ ਮਿਲਣਗੇ। ਉਹ ਸਨਿੱਚਰਵਾਰ ਅਹਿਮਦਾਬਾਦ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ 64 ਸਾਲਾਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ (1933) ਦਾ ਸੈਸ਼ਨ 8-9 ਅਪਰੈਲ ਨੂੰ ਅਹਿਮਦਾਬਾਦ ਵਿਚ ਹੋਣਾ ਹੈ। 2022 ਦੀਆਂ ਗੁਜਰਾਤ ਅਸੰਬਲੀ ਦੀਆਂ ਚੋਣਾਂ ਵਿੱਚ ਕਾਂਗਰਸ 182 ਵਿਚੋਂ 17 ਸੀਟਾਂ ਹੀ ਜਿੱਤ ਸਕੀ ਸੀ।
ਲਿਖਤੀ ਮੁਆਫੀ ਮੰਗੀ
ਨਵੀਂ ਦਿੱਲੀ : ਯੂਟਿਊਬਰ ਰਣਵੀਰ ਅਲਾਹਾਬਾਦੀਆ ਅਤੇ ਅਪੂਰਵਾ ਮਖੀਜਾ ਨੇ ‘ਇੰਡੀਆਜ਼ ਗੌਟ ਲੇਟੈਂਟ’ ਸ਼ੋਅ ’ਤੇ ਕੀਤੀਆਂ ਗਈਆਂ ਆਪਣੀਆਂ ਅਪਮਾਨਜਨਕ ਟਿੱਪਣੀਆਂ ਲਈ ਕੌਮੀ ਮਹਿਲਾ ਕਮਿਸ਼ਨ ਤੋਂ ਲਿਖਤੀ ਮੁਆਫੀ ਮੰਗੀ ਹੈ। ਅਲਾਹਾਬਾਦੀਆ, ਮਖੀਜਾ ਅਤੇ ਸ਼ੋਅ ਦੇ ਨਿਰਮਾਤਾ ਸੌਰਭ ਬੋਥਰਾ ਤੇ ਤੁਸ਼ਾਰ ਪੁਜਾਰੀ ਵੀਰਵਾਰ ਨੂੰ ਕੌਮੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ। ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਨੇ ਕਿਹਾ ਕਿ ਰਣਵੀਰ ਸਮੇਤ ਬਾਕੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਅਤੇ ਲਿਖਤੀ ਮੁਆਫੀ ਮੰਗੀ ਹੈ।
ਖਾਣ ਹਾਦਸੇ ’ਚ 3 ਮੌਤਾਂ
ਬੈਤੂਲ : ਵੀਰਵਾਰ ਸ਼ਾਮ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਸਾਰਨੀ ਕਸਬੇ ਦੇ ਪਾਠਖੇੜਾ ਖੇਤਰ ਵਿੱਚ ਸਥਿਤ ਛਤਰਪੁਰ ਕੋਲਾ ਖਾਣ ਦੀ ਛੱਤ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।
ਅਫਸਰ ਵੱਲੋਂ ਖੁਦਕੁਸ਼ੀ
ਨਵੀਂ ਦਿੱਲੀ : ਭਾਰਤੀ ਵਿਦੇਸ਼ ਸੇਵਾਵਾਂ ਦੇ ਅਧਿਕਾਰੀ ਨੇ ਸ਼ੁੱਕਰਵਾਰ ਚਾਣਕਿਆਪੁਰੀ ਖੇਤਰ ਵਿੱਚ ਇੱਕ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਕਿਹਾ ਕਿ ਮਾਮਲਾ ਸ਼ੱਕੀ ਨਹੀਂ ਲੱਗਦਾ। ਮਿ੍ਰਤਕ ਜਤਿੰਦਰ ਰਾਵਤ 35-40 ਸਾਲ ਦਾ ਸੀ।
ਮਸਕ ਦਾ ਸਟਾਰਸ਼ਿਪ ਪੁਲਾੜ ’ਚ ਤਬਾਹ
ਵਾਸ਼ਿੰਗਟਨ : ਸਪੇਸਐੱਕਸ ਦਾ ਵਿਸ਼ਾਲ ਸਟਾਰਸ਼ਿਪ ਪੁਲਾੜ ਵਾਹਨ ਟੈਕਸਸ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਪੁਲਾੜ ਵਿੱਚ ਧਮਾਕੇ ਨਾਲ ਨਸ਼ਟ ਹੋ ਗਿਆ। ਇਸ ਘਟਨਾ ਮਗਰੋਂ ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫ ਏ ਏ) ਨੇ ਫਲੋਰਿਡਾ ਦੇ ਕੁਝ ਹਿੱਸਿਆਂ ਵਿੱਚ ਹਵਾਈ ਆਵਾਜਾਈ ’ਤੇ ਰੋਕ ਲਾ ਦਿੱਤੀ ਹੈ। ਇਹ ਇਸ ਸਾਲ ਐਲਨ ਮਸਕ ਦੇ ਮੰਗਲ ਮਿਸ਼ਨ ਪ੍ਰੋਗਰਾਮ ਲਈ ਦੂਜਾ ਵੱਡਾ ਝਟਕਾ ਹੈ। ਇਹ ਸਟਾਰਸ਼ਿਪ ਦੀ 8ਵੀਂ ਪਰਖ ਸੀ, ਜੋ ਲਗਾਤਾਰ ਦੂਜੀ ਵਾਰ ਨਾਕਾਮ ਰਿਹਾ ਹੈ। ਪਿਛਲੇ ਮਹੀਨੇ ਸੱਤਵੀਂ ਪਰਖ ਮੌਕੇ ਵੀ ਧਮਾਕੇ ਮਗਰੋਂ ਮਿਸ਼ਨ ਅਸਫਲ ਰਿਹਾ ਸੀ। ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਇਕ ਵੀਡੀਓ ਵਿੱਚ ਫਲੋਰੀਡਾ ਤੇ ਬਹਾਮਾਸ ਦੇ ਅਸਮਾਨ ਵਿਚ ਅੱਗ ਦੀਆਂ ਲਪਟਾਂ ’ਚ ਘਿਰੇ ਮਲਬੇ ਨੂੰ ਡਿੱਗਦੇ ਹੋਏ ਦੇਖਿਆ ਗਿਆ। ਸਟਾਰਸ਼ਿਪ ਬੇਕਾਬੂ ਹੋ ਗਿਆ ਤੇ ਇਸ ਦੇ ਇੰਜਣ ਬੰਦ ਹੋ ਗਏ। ਕੁਝ ਦੇਰ ਬਾਅਦ ਇਸ ਨਾਲੋਂ ਸੰਪਰਕ ਟੁੱਟ ਗਿਆ।
ਵਿਭਾਗੀ ਪ੍ਰੀਖਿਆ ਹੁਣ 1 ਤੋਂ 5 ਤੱਕ
ਚੰਡੀਗੜ੍ਹ, (ਗੁਰਜੀਤ ਬਿੱਲਾ)-ਆਈ ਏ ਐੱਸ/ ਪੀ ਸੀ ਐੱਸ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਤੇ ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਪ੍ਰੀਖਿਆ ਪ੍ਰਸ਼ਾਸਕੀ ਕਾਰਨਾਂ ਕਰਕੇ ਹੁਣ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਹੋਵੇਗੀ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੀਖਿਆ ਪਹਿਲਾਂ 7 ਅਪ੍ਰੈਲ ਤੋਂ 11 ਅਪ੍ਰੈਲ ਤੱਕ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ (ਮੈਗਸੀਪਾ), ਸੈਕਟਰ 26, ਚੰਡੀਗੜ੍ਹ ਵਿਖੇ ਹੋਣੀ ਸੀ।ਦੱਸਣਯੋਗ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕਰ ਦਿੱਤਾ ਹੈ, ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ। ਹਾਲਾਂਕਿ ਜਿਨ੍ਹਾਂ ਬਿਨੈਕਾਰਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ, ਉਹ 16 ਮਾਰਚ ਤੱਕ ਅਪਲਾਈ ਕਰ ਸਕਦੇ ਹਨ।