ਇਜ਼ਰਾਈਲੀ ਸੈਲਾਨਣ ਸਣੇ ਦੋ ਬੀਬੀਆਂ ਨਾਲ ਜਬਰ-ਜ਼ਨਾਹ

0
108

ਕੋਪੱਲ (ਕਰਨਾਟਕ) : 27 ਸਾਲਾ ਇਜ਼ਰਾਈਲੀ ਸੈਲਾਨੀ ਸਮੇਤ ਦੋ ਔਰਤਾਂ ਨਾਲ ਹੰਪੀ ਨੇੜੇ ਸਨਾਪੁਰ ਝੀਲ ਦੇ ਕੰਢੇ ਕਥਿਤ ਤੌਰ ’ਤੇ ਸਮੂਹਕ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਵੀਰਵਾਰ ਰਾਤ 11 ਵਜੇ ਦੇ ਕਰੀਬ ਵਾਪਰੀ, ਜਦੋਂ ਰਾਤ ਦੇ ਖਾਣੇ ਤੋਂ ਬਾਅਦ ਹੋਮਸਟੇਅ ਦੀ 29 ਸਾਲਾ ਮਹਿਲਾ ਸੰਚਾਲਕ ਇਜ਼ਰਾਈਲੀ ਸੈਲਾਨੀ ਅਤੇ ਤਿੰਨ ਹੋਰ ਪੁਰਸ਼ ਸੈਲਾਨੀਆਂ ਨਾਲ ਨਹਿਰ ਦੇ ਕੰਢੇ ਬੈਠੀ ਸੰਗੀਤ ਦਾ ਆਨੰਦ ਮਾਣ ਰਹੀ ਸੀ । ਪੁਲਸ ਨੇ ਦੱਸਿਆ ਕਿ ਪੁਰਸ਼ ਸੈਲਾਨੀਆਂ ਵਿੱਚੋਂ ਇਕ ਅਮਰੀਕਾ ਤੋਂ ਸੀ, ਜਦੋਂ ਕਿ ਬਾਕੀ ਓਡੀਸ਼ਾ ਅਤੇ ਮਹਾਰਾਸ਼ਟਰ ਤੋਂ ਸਨ। ਹੋਮਸਟੇਅ ਸੰਚਾਲਕਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸਨਾਪੁਰ ਝੀਲ ਦੇ ਨੇੜੇ ਖੁੱਲ੍ਹੇ ਅਸਮਾਨ ਹੇਠ ਸੰਗੀਤ ਦਾ ਆਨੰਦ ਮਾਣ ਰਹੇ ਸਨ, ਤਾਂ ਇੱਕ ਮੋਟਰਸਾਈਕਲ ’ਤੇ ਤਿੰਨ ਆਦਮੀ ਉਨ੍ਹਾਂ ਕੋਲ ਆਏ ਅਤੇ ਪੈਟਰੋਲ ਪੰਪ ਬਾਰੇ ਪੁੱਛਿਆ। ਜਦੋਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਨਜ਼ਦੀਕ ਕੋਈ ਪੈਟਰੋਲ ਪੰਪ ਨਹੀਂ ਹੈ, ਤਾਂ ਮੁਲਜ਼ਮਾਂ ਨੇ 100 ਰੁਪਏ ਦੀ ਮੰਗ ਕੀਤੀ। ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਮੁਲਜ਼ਮ, ਜੋ ਕੰਨੜ ਅਤੇ ਤੇਲਗੂ ਬੋਲਦੇ ਸਨ, ਨੇ ਉਨ੍ਹਾਂ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕਥਿਤ ਤੌਰ ’ਤੇ ਹੋਮਸਟੇਅ ਦੀ ਸੰਚਾਲਕਾ ਅਤੇ ਇਜ਼ਰਾਈਲੀ ਸੈਲਾਨੀ ਨਾਲ ਜਬਰ-ਜ਼ਨਾਹ ਕੀਤਾ ਅਤੇ ਤਿੰਨ ਪੁਰਸ਼ ਸੈਲਾਨੀਆਂ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਪੁਰਸ਼ ਸੈਲਾਨੀਆਂ ਵਿੱਚੋਂ ਦੋ ਜ਼ਖਮੀ ਹਨ, ਜਦੋਂ ਕਿ ਓਡੀਸ਼ਾ ਵਾਸੀ ਲਾਪਤਾ ਹੈ। ਦੋਵੇਂ ਔਰਤਾਂ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਨੂੰ ਕਾਬੂ ਕਰਨ ਲਈ ਛੇ ਟੀਮਾਂ ਬਣਾਈਆਂ ਗਈਆਂ ਹਨ।