ਦਿੱਲੀ (ਗਿਆਨ ਸੈਦਪੁਰੀ)-ਇੱਥੇ ਚੱਲ ਰਹੀ ਭਾਰਤੀ ਖੇਤ ਮਜ਼ਦੂਰ ਯੂਨੀਅਨ (ਬੀ ਕੇ ਐਮ ਯੂ) ਦੀ ਜਨਰਲ ਕੌਂਸਲ ਦੀ ਮੀਟਿੰਗ ਦੀ ਉਦਘਾਟਨੀ ਤਕਰੀਰ ਵਿੱਚ ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਜਿੱਥੇ ਖੇਤ ਮਜ਼ਦੂਰਾਂ ਦੀ ਪਾਰਟੀ ਅੰਦਰ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ, ਉੱਥੇ ਮੌਜੂਦਾ ਤੇ ਭਵਿੱਖੀ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਕਾਮਰੇਡ ਰਾਜਾ ਨੇ ਸੀ ਪੀ ਆਈ ਦੇ ਗੌਰਵਮਈ ਇਤਿਹਾਸ ’ਤੇ ਚਾਨਣਾ ਵੀ ਪਾਇਆ। ਉਨ੍ਹਾ ਕੇਂਦਰ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਵੀ ਕੀਤੀ। ਉਨ੍ਹਾ ਸਤੰਬਰ ਵਿੱਚ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਂਗਰਸ ਬਾਰੇ ਗੱਲ ਕਰਦਿਆਂ ਪਾਰਟੀ ’ਚ ਸਰਗਰਮ ਭੂਮਿਕਾ ਨਿਭਾਉਦੇ ਰਹੇ ਤੇ ਨਿਭਾਅ ਰਹੇ ਆਗੂਆਂ ਨੂੰ ਯਾਦ ਕੀਤਾ।ਉਨ੍ਹਾ ਜਿੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ, ਉੱਥੇ ਡਾ. ਬੀ ਆਰ ਅੰਬੇਡਕਰ ਦੀ ਭਾਰਤੀ ਲੋਕਾਂ ਨੂੰ ਦੇਣ ਦਾ ਵੀ ਸਤਿਕਾਰਯੋਗ ਸ਼ਬਦਾਂ ਨਾਲ ਵਰਨਣ ਕੀਤਾ।ਉਨ੍ਹਾ ਅੱਠ ਮਾਰਚ ਦੇ ਉਦਘਾਟਨੀ ਭਾਸ਼ਣ ਵਿੱਚ ਔਰਤ ਦਿਵਸ ਦੀ ਗੱਲ ਕਰਦਿਆਂ ਸਮੁੱਚੇ ਔਰਤ ਵਰਗ ਨੂੰ ਵਧਾਈ ਦਿੱਤੀ।
ਕਾਮਰੇਡ ਐਨ ਪੇਰੀਆਸਾਮੀ ਪ੍ਰਧਾਨ ਬੀ ਕੇ ਐਮ ਯੂ ਅਤੇ ਸਾਬਕਾ ਐਮ ਐਲ ਏ ਤਾਮਿਲਨਾਡੂ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ ਦੂਸਰਾ ਨਾਂਅ ਹੈ ‘ਕੁਰਬਾਨੀ’ ਤੇ ‘ਸੰਘਰਸ਼’। ਸਾਨੂੰ ਇਸ ਦੇ ਇਤਿਹਾਸ ’ਤੇ ਮਾਣ ਹੈ। ਉਨ੍ਹਾ ਜਥੇਬੰਦੀਆਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਤਾਕਤਵਰ ਹਥਿਆਰ ਬੰਦੂਕ ਨਹੀਂ, ਸਗੋਂ ਜਥੇਬੰਦੀ ਹੁੰਦੀ ਹੈ, ਜੋ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਹੈ। ਉਨ੍ਹਾ ਕਿਹਾ ਕਿ ਮੌਜੂਦਾ ਦੌਰ ਵਿੱਚ ਭਾਰਤੀ ਲੋਕ ਅਨੇਕ ਪ੍ਰਕਾਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਲੋਕ ਵਿਰੋਧੀ ਸਿਆਸੀ ਪ੍ਰਬੰਧ ਬਦਲਣਾ ਜ਼ਰੂਰੀ ਹੈ। ਅਸੀਂ ਬਦਲਵੀਂ ਸਿਆਸਤ ਲਈ ਲੜ ਰਹੇ ਹਾਂ। ਸੀ ਪੀ ਆਈ ਸਿਆਸੀ ਮੁਹਿੰਮ ਨੂੰ ਤੇਜ਼ ਕਰ ਰਹੀ ਹੈ।
ਮੌਜੂਦਾ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਗੱਲ ਕਰਦਿਆਂ ਕਾਮਰੇਡ ਡੀ ਰਾਜਾ ਨੇ ਕਿਹਾ ਕਿ ਆਰ ਐਸ ਐਸ ਦੇ ਦਿਸ਼ਾ ਨਿਰਦੇਸ਼ਾਂ ਦਾ ਇੰਨ-ਬਿੰਨ ਪਾਲਣ ਕਰਨ ਵਾਲੀ ਇਸ ਸਰਕਾਰ ਦੀ ਕੋਈ ਗੱਲ ਵੀ ਦੇਸ਼ ਦੇ ਲੋਕਾਂ ਦੇ ਹੱਕ ਵਿੱਚ ਨਹੀਂ । ਨੀਤੀ ਭਾਵੇਂ ਸਿਆਸੀ ਹੋਏ, ਆਰਥਿਕ ਜਾਂ ਵਿਦੇਸ਼ੀ, ਕਿਸੇ ਵਿੱਚ ਵੀ ਮੁਲਕ ਦਾ ਭਲਾ ਨਜ਼ਰ ਨਹੀਂ ਆਉਦਾ। ਸਾਡੇ ਸੰਵਿਧਾਨ ਵਿੱਚ ਇਹ ਸਪੱਸ਼ਟ ਹੈ ਕਿ ਦੇਸ਼ ਜਮਹੂਰੀ ਅਤੇ ਸਮਾਜਵਾਦੀ ਲੀਹਾਂ ’ਤੇ ਚੱਲੇਗਾ, ਪਰ ਮੋਦੀ ਸਰਕਾਰ ਸੰਵਿਧਾਨ ਨੂੰ ਹੀ ਟਿੱਚ ਜਾਣਦੀ ਹੈ। ਹਰ ਪ੍ਰੋਗਰਾਮ ਸੰਵਿਧਾਨ ਦੀ ਭਾਵਨਾ ਨੂੰ ਉਲੰਘ ਕੇ ਬਣਾਇਆ ਜਾ ਰਿਹਾ ਹੈ। ਇਨ੍ਹਾਂ ਪ੍ਰਸਥਿਤੀਆਂ ਵਿੱਚ ਪੂੰਜੀਵਾਦੀ ਘਰਾਣੇ ਪੂੰਜੀ ਦੇ ਅੰਬਾਰ ਲਗਾ ਰਹੇ ਤੇ ਦੱਬਿਆ ਕੁਚਲਿਆ ਵਰਗ ਦੋ ਡੰਗ ਦੀ ਰੋਟੀ ਤੋਂ ਆਤੁਰ ਹੋਈ ਜਾਂਦਾ ਹੈ।ਅਜਿਹੇ ਹਾਲਾਤ ਵਿੱਚ ਸੰਘਰਸ਼ਾਂ ਦੇ ਪਾਂਧੀ ਬਣਨਾ ਹੀ ਇੱਕੋ ਇੱਕ ਰਾਹ ਹੈ।
ਕਾਮਰੇਡ ਡੀ ਰਾਜਾ ਨੇ ਭਗਤ ਸਿੰਘ ਦੇ ਆਖਰੀ ਖ਼ਤ ਅਤੇ ਹੋਰ ਇਨਕਲਾਬੀ ਗੱਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੋ ਸ਼ਬਦ ‘ਇਨਕਲਾਬ’ ਤੇ ‘ਜ਼ਿੰਦਾਬਾਦ’ ਸਾਡੇ ਲਈ ਰਾਹ ਦਸੇਰਾ ਬਣੇ ਹੋਏ ਹਨ। ਇਸੇ ਤਰਾਂ ਉਨ੍ਹਾ ਡਾ. ਭੀਮ ਰਾਓ ਅੰਬੇਡਕਰ ਦੀ ਘਾਲਣਾ ਦਾ ਵਰਨਣ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਭਗਤ ਸਿੰਘ ਦਾ ਸ਼ਹੀਦੀ ਦਿਨ ਅਤੇ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਵੱਡੇ ਪੱਧਰ ’ਤੇ ਮਨਾਵਾਂਗੇ। ਮੋਦੀ ਸਰਕਾਰ ਵੱਲੋਂ ਹੱਕਾਂ ਲਈ ਜੂਝ ਰਹੇ ਲੋਕਾਂ ’ਤੇ ਕੀਤੇ ਜਾ ਰਹੇ ਅੱਤਿਆਚਾਰ ਦਾ ਜ਼ਿਕਰ ਕਰਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਛੱਤੀਸ਼ਗੜ੍ਹ ਵਿੱਚ ਝੂਠੇ ਮੁਕਾਬਲਿਆਂ ਵਿੱਚ ਜਾਨਾਂ ਲਈਆਂ ਜਾ ਰਹੀਆਂ ਹਨ। ਸਤੰਬਰ ਮਹੀਨੇ ਵਿੱਚ ਚੰਡੀਗੜ੍ਹ ਵਿਖੇ ਹੋ ਰਹੀ ਪਾਰਟੀ ਕਾਂਗਰਸ ਦੀ ਗੱਲ ਕਰਦਿਆਂ ਕਾਮਰੇਡ ਰਾਜਾ ਨੇ ਕਿਹਾ ਕਿ ਬਹੁਤੀਆਂ ਕਾਂਗਰਸਾਂ ਦੱਖਣੀ ਭਾਰਤ ਵਿੱਚ ਹੁੰਦੀਆਂ ਰਹੀਆਂ ਹਨ। ਕਈ ਕਾਰਨਾਂ ਕਰਕੇ ਇਸ ਵਾਰ ਪਾਰਟੀ ਕਾਂਗਰਸ ਲਈ ਚੰਡੀਗੜ੍ਹ ਦੀ ਚੋਣ ਕੀਤੀ ਗਈ ਹੈ। ਉਨ੍ਹਾ ਪੂਰਨ ਆਸ ਪ੍ਰਗਟਾਈ ਕਿ ਇਹ ਪਾਰਟੀ ਕਾਂਗਰਸ ਪੂਰੀ ਤਰ੍ਹਾਂ ਸਫਲ ਤੇ ਇਤਿਹਾਸਕ ਹੋਵੇਗੀ।ਇਸ ਤੋਂ ਪਹਿਲਾਂ ਬੀ ਕੇ ਐਮ ਯੂ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਉਨ੍ਹਾ ਨੇ ਵੀ ਪਾਰਟੀ ਕਾਂਗਰਸ ਦਾ ਉਚੇਚ ਨਾਲ ਜ਼ਿਕਰ ਕੀਤਾ।
ਇਸੇ ਦੌਰਾਨ ਬੀ ਕੇ ਐਮ ਯੂ ਦੇ ਵਿੱਤ ਸਕੱਤਰ ਕਾਮਰੇਡ ਦਰਿਓ ਸਿੰਘ ਕੱਸ਼ਅਪ ਨੇ ਪਿਛਲੇ ਸਮੇਂ ਵਿੱਚ ਵਿਛੋੜਾ ਦੇ ਗਏ ਪਾਰਟੀ ਆਗੂਆਂ ਤੇ ਹੋਰ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਸ਼ੋਕ ਮਤੇ ਵਿੱਚ ਕਾਮਰੇਡ ਅਤੁਲ ਕੁਮਾਰ ਅਨਜਾਨ, ਬਾਲਾ ਮਲੇਸ਼, ਸਵਰਨ ਸਿੰਘ ਨਾਗੋਕੇ, ਸੀਤਾ ਰਾਮ ਯੇਚੁਰੀ ਅਤੇ ਕੁੰਭ ਮੇਲੇ ਵਿੱਚ ਮਾਰੇ ਗਏ ਲੋਕਾਂ ਦੇ ਨਾਂਅ ਸ਼ਾਮਲ ਹਨ।




