9.2 C
Jalandhar
Sunday, December 22, 2024
spot_img

ਅਡਾਨੀ ਦਾ ਐੱਨ ਡੀ ਟੀ ਵੀ ’ਤੇ ਕਬਜ਼ਾ

ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਸਭ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਟੀ ਵੀ ਚੈਨਲਾਂ ਤੇ ਪਿ੍ਰੰਟ ਮੀਡੀਆ ਦੇ ਵੱਡੇ ਹਿੱਸੇ ਨੂੰ ਆਪਣੀ ਸੇਵਾ ਵਿੱਚ ਲਾ ਲਿਆ ਸੀ। ਇਸ ਲਈ ਸਰਕਾਰੀ ਇਸ਼ਤਿਹਾਰਾਂ ਦੇ ਗੱਫਿਆਂ ਦਾ ਵੀ ਲਾਲਚ ਦਿੱਤਾ ਗਿਆ ਅਤੇ ਸੀ ਬੀ ਆਈ ਤੇ ਈ ਡੀ ਵਰਗੀਆਂ ਏਜੰਸੀਆਂ ਦੇ ਡਰ ਦੀ ਵਰਤੋਂ ਵੀ ਕੀਤੀ ਗਈ ਸੀ। ਆਪਣੇ ਕਿੱਤੇ ਦੀ ਲਾਜ ਪਾਲਣ ਵਾਲੇ ਪੱਤਰਕਾਰਾਂ ਨੂੰ ਮੀਡੀਆ ਸੰਸਥਾਨਾਂ ਵਿੱਚੋਂ ਬਾਹਰ ਕਢਾ ਕੇ ਉਨ੍ਹਾਂ ਦੀ ਥਾਂ ਉਹ ਪੱਤਰਕਾਰ ਭਰਤੀ ਕਰਾਏ ਗਏ, ਜਿਹੜੇ ਸਿਰਫ਼ ਮੋਦੀ ਦਾ ਗੁਣਗਾਨ ਕਰ ਸਕਦੇ ਸਨ। ਇਸ ਗੈਰ-ਲੋਕਤੰਤਰੀ ਵਰਤਾਰੇ ਤੋਂ ਬਾਅਦ ਆਮ ਲੋਕਾਂ ਨੇ ਮੋਦੀ ਦਾ ਗੁਣਗਾਨ ਕਰਨ ਵਾਲੇ ਮੀਡੀਆ ਨੂੰ ‘ਗੋਦੀ ਮੀਡੀਆ’ ਕਹਿਣਾ ਸ਼ੁਰੂ ਕਰ ਦਿੱਤਾ ਸੀ।
ਇਸ ਹਨੇਰਗਰਦੀ ਦੇ ਸਮੇਂ ਵਿੱਚ ਵੀ ਜੇਕਰ ਕੋਈ ਚੈਨਲ ਹਿੱਕ ਤਾਣ ਕੇ ਖੜ੍ਹਾ ਰਿਹਾ ਤਾਂ ਉਹ ਸੀ, ਐੱਨ ਡੀ ਟੀ ਵੀ ਯਾਨਿ ਨਵੀਂ ਦਿੱਲੀ ਟੈਲੀਵੀਜ਼ਨ ਲਿਮਟਿਡ। ਰਵੀਸ਼ ਕੁਮਾਰ ਵਰਗੇ ਜੁਝਾਰੂ ਪੱਤਰਕਾਰਾਂ ਦੀ ਬਦੌਲਤ ਆਮ ਲੋਕ ਇਸ ਚੈਨਲ ਨੂੰ ਵਿਰੋਧ ਦੀ ਅਵਾਜ਼ ਤੇ ਨਿਰਪੱਖਤਾ ਦਾ ਪ੍ਰਤੀਕ ਮੰਨਣ ਲੱਗ ਪਏ ਸਨ। ਇਸ ਦੇ ਮਾਲਕ ਪ੍ਰਣੋਏ ਰਾਏ ਨੂੰ ਸੀ ਬੀ ਆਈ ਤੇ ਈ ਡੀ ਰਾਹੀਂ ਪ੍ਰੇਸ਼ਾਨ ਵੀ ਕੀਤਾ ਗਿਆ, ਪਰ ਸਰਕਾਰ ਉਸ ਨੂੰ ਝੁਕਾਅ ਨਾ ਸਕੀ।
ਹੁਣ ਪ੍ਰਧਾਨ ਮੰਤਰੀ ਦੇ ਕਾਰਪੋਰੇਟ ਮਿੱਤਰ ਗੌਤਮ ਅਡਾਨੀ ਦੀ ਕੰਪਨੀ ਏ ਐੱਮ ਜੀ ਮੀਡੀਆ ਨੈੱਟਵਰਕ ਨੇ ਐੱਨ ਡੀ ਟੀ ਵੀ ਦੀ 29.18 ਫ਼ੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਐੱਨ ਡੀ ਟੀ ਵੀ ਦੀ ਕਾਫ਼ੀ ਵੱਡੀ ਹਿੱਸੇਦਾਰੀ ਅੰਬਾਨੀ ਦੇ ਕਰੀਬੀ ਮਹੇਂਦਰ ਨਾਹਟਾ ਦੀ ਕੰਪਨੀ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਖਰੀਦ ਚੁੱਕੀ ਹੈ। ਅਡਾਨੀ ਸਮੂਹ ਵੱਲੋਂ 29.18 ਫ਼ੀਸਦੀ ਹਿੱਸੇਦਾਰੀ ਖਰੀਦ ਲੈਣ ਤੋਂ ਬਾਅਦ ਇਸ ਦੀ ਕੁੱਲ ਹਿੱਸੇਦਾਰੀ 55 ਫ਼ੀਸਦੀ ਹੋ ਜਾਵੇਗੀ। ਇਸ ਨਾਲ ਐੱਨ ਡੀ ਟੀ ਵੀ ਦਾ ਪ੍ਰਬੰਧਕੀ ਬੋਰਡ ਅਡਾਨੀ ਦੇ ਹੱਥ ਵਿੱਚ ਆ ਜਾਵੇਗਾ। ਐੱਨ ਡੀ ਟੀ ਵੀ ਉੱਤੇ ਇਹ ਕਬਜ਼ਾ ਏ ਐੱਮ ਜੀ ਮੀਡੀਆ ਨੈੱਟਵਰਕ ਲਿਮਟਿਡ ਦੀ ਸਹਿਯੋਗੀ ਕੰਪਨੀ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (ਵੀ ਸੀ ਪੀ ਐੱਲ) ਰਾਹੀਂ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਅਡਾਨੀ ਗਰੁੱਪ ਨੇ ਐੱਨ ਡੀ ਟੀ ਵੀ ਦੀ ਹੋਰ ਹਿੱਸੇਦਾਰੀ ਖਰੀਦਣ ਦੀ ਵੀ ਆਫ਼ਰ ਦਿੱਤੀ ਹੈ।
ਇਸ ਮਾਮਲੇ ਵਿੱਚ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਕੋਲ ਆਰ ਆਰ ਪੀ ਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਦਾ 99.5 ਫ਼ੀਸਦੀ ਹਿੱਸਾ ਖਰੀਦਣ ਦਾ ਅਧਿਕਾਰ ਸੀ। ਆਰ ਆਰ ਪੀ ਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਪ੍ਰਮੋਟਰ ਗਰੁੱਪ ਕੰਪਨੀ ਹੈ। ਇਸ ਕੋਲ ਐੱਨ ਡੀ ਟੀ ਵੀ ਦੀ 29.18 ਫ਼ੀਸਦੀ ਹਿੱਸੇਦਾਰੀ ਸੀ। ਅਡਾਨੀ ਗਰੁੱਪ ਇਸੇ ਨੂੰ ਹੀ ਖਰੀਦੇਗਾ। ਐੱਨ ਡੀ ਟੀ ਵੀ ਇਕ ਪ੍ਰਮੁੱਖ ਮੀਡੀਆ ਹਾਊਸ ਹੈ, ਜੋ ਐੱਨ ਡੀ ਟੀ ਵੀ ਇੰਡੀਆ, ਐੱਨ ਡੀ ਟੀ ਵੀ 24¿7 ਤੇ ਐਨ ਡੀ ਟੀ ਵੀ ਪ੍ਰਾਫਿਟ ਨਾਂਅ ਦੇ ਤਿੰਨ ਚੈਨਲਾਂ ਦਾ ਸੰਚਾਲਨ ਕਰਦਾ ਹੈ। ਬੀਤੇ ਵਿੱਤੀ ਵਰ੍ਹੇ ਦੌਰਾਨ ਇਸ ਨੇ 421 ਕਰੋੜ ਰੁਪਏ ਕਮਾਏ ਸਨ ਤੇ ਚਾਲੂ ਵਿੱਤੀ ਸਾਲ ਦੌਰਾਨ ਇਸ ਨੇ ਹੁਣ ਤੱਕ 85 ਕਰੋੜ ਰੁਪਏ ਦਾ ਸ਼ੁੱਧ ਲਾਭ ਹਾਸਲ ਕੀਤਾ ਹੈ।
ਇਸ ਡੀਲ ’ਤੇ ਟਵੀਟ ਕਰਦਿਆਂ ਕਾਂਗਰਸ ਬੁਲਾਰੇ ਗੌਰਵ ਬਲਭ ਨੇ ਕਿਹਾ ਹੈ ਕਿ ਐੱਨ ਡੀ ਟੀ ਵੀ ਹੁਣ ‘ਨਰਿੰਦਰ ਦਮੋਦਰਦਾਸ ਟੀ ਵੀ’ ਬਣਨ ਦੇ ਰਾਹ ਪੈ ਚੁੱਕਾ ਹੈ। ਪ੍ਰਣੋਏ ਰਾਏ ਤੇ ਉਨ੍ਹਾ ਦੀ ਪਤਨੀ ਰਾਧਿਕਾ ਐੱਨ ਡੀ ਟੀ ਵੀ ਦੇ ਫਾਊਂਡਰ ਪ੍ਰਮੋਟਰ ਹਨ। ਉਨ੍ਹਾਂ ਕਿਹਾ ਹੈ ਕਿ ਇਸ ਡੀਲ ਬਾਰੇ ਉਨ੍ਹਾਂ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਗਿਆ। ਇਸ ਸਮੇਂ ਤੱਕ ਪ੍ਰਣੋਏ ਪਰਵਾਰ ਕੋਲ ਐੱਨ ਡੀ ਟੀ ਵੀ ਦੇ 61.45 ਫੀਸਦੀ ਸ਼ੇਅਰ ਹਨ। ਰਾਧਿਕਾ ਕੋਲ 16.32, ਪ੍ਰਣੋਏ ਕੋਲ 15.94 ਤੇ ਉਨ੍ਹਾਂ ਦੀ ਹੀ ਕੰਪਨੀ ਆਰ ਆਰ ਪੀ ਆਰ (ਰਾਧਿਕਾ ਰਾਏ, ਪ੍ਰਣੋਏ ਰਾਏ) ਕੋਲ 29.19 ਫੀਸਦੀ ਸ਼ੇਅਰ ਹਨ। ਸੰਨ 2009 ਵਿੱਚ ਆਰ ਆਰ ਪੀ ਆਰ ਕੰਪਨੀ ਨੇ ਵੀ ਸੀ ਪੀ ਐੱਲ ਕੰਪਨੀ ਤੋਂ 403.85 ਕਰੋੜ ਦਾ ਵਿਆਜ ਮੁਕਤ ਕਰਜ਼ਾ ਲੈ ਕੇ ਆਪਣੇ ਸ਼ੇਅਰਾਂ ਦੀ ਮਾਲਕੀ ਹਾਸਲ ਕਰਨ ਦਾ ਅਧਿਕਾਰ ਦੇ ਦਿੱਤਾ ਸੀ। ਵੀ ਸੀ ਪੀ ਐੱਲ ਨੂੰ ਇਹ ਪੈਸਾ ਰਿਲਾਇੰਸ ਦੀਆਂ ਸਹਾਇਕ ਕੰਪਨੀਆਂ ਨੇ ਦਿੱਤਾ ਸੀ। ਇਸ ਤਰ੍ਹਾਂ ਆਰ ਆਰ ਪੀ ਆਰ ਰਿਲਾਇੰਸ ਦੀ ਪਕੜ ਵਿੱਚ ਆ ਚੁੱਕੀ ਸੀ। ਇਸ ਮਜ਼ਬੂਤ ਪਕੜ ਦੇ ਅਧਾਰ ਉਤੇ ਅਡਾਨੀ ਸਮੂਹ ਐੱਨ ਡੀ ਟੀ ਵੀ ਨੂੰ ਹਥਿਆ ਲੈਣਾ ਚਾਹੁੰਦਾ ਹੈ।

Related Articles

LEAVE A REPLY

Please enter your comment!
Please enter your name here

Latest Articles