ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਦੋਸ਼ ਲਾਇਆ ਹੈ ਕਿ ਭਗਵਾਂ ਪਾਰਟੀ ਨੇ ਦਿੱਲੀ ਵਿਚ ਉਸ ਦੇ 40 ਵਿਧਾਇਕਾਂ ਨੂੰ ਖਰੀਦਣ ਲਈ 20-20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ। ਭਾਵ 800 ਕਰੋੜ ਰੁਪਏ ਖਰਚੇ ਜਾਣੇ ਸਨ। ‘ਆਪ’ ਨੇ ਸਵਾਲ ਕੀਤਾ ਕਿ ਇਹ ਖਰੀਦੋ-ਫਰੋਖ਼ਤ ਕਰਨ ਲਈ ਵੱਡੀ ਰਕਮ ਕਿੱਥੋਂ ਆਈ ਤੇ ਯਕੀਨਨ ਇਹ ਕਾਲਾ ਧਨ ਹੋਵੇਗਾ।
‘ਆਪ’ ਦੇ ਵਿਧਾਇਕਾਂ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਗ੍ਰਹਿ ਵਿਖੇ ਹੋਈ ਬੈਠਕ ਵਿਚ 62 ਵਿਧਾਇਕਾਂ ਵਿੱਚੋਂ 53 ਵਿਧਾਇਕ ਸ਼ਾਮਲ ਹੋਏ, ਜਦੋਂ ਕਿ 7 ਵਿਧਾਇਕ ਕਿਸੇ ਨਾ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ। ਸੰਖੇਪ ਜਿਹੀ ਇਸ ਮੀਟਿੰਗ ਮਗਰੋਂ ਵਿਧਾਇਕਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ ਰਾਜ ਘਾਟ ਵਿਖੇ ‘ਅਪਰੇਸ਼ਨ ਲੋਟਸ’ ਦੀ ਨਾਕਾਮੀ ਦੀ ਪ੍ਰਾਰਥਨਾ ਕੀਤੀ। ਮੀਟਿੰਗ ਵਿਚ ਅਮਾਨਤਉੱਲਾ ਖ਼ਾਂ ਫੋਨ ਰਾਹੀਂ ਹਾਜ਼ਰ ਹੋਏ, ਜਦੋਂ ਕਿ ਮੰਤਰੀ ਸਤੇਂਦਰ ਜੈਨ ਜੇਲ੍ਹ ਵਿਚ ਹਨ। ਕੁਝ ਵਿਧਾਇਕ ਦਿੱਲੀ ਤੋਂ ਬਾਹਰ ਦੱਸੇ ਗਏ। ‘ਆਪ’ ਬੁਲਾਰੇ ਸੌਰਭ ਭਾਰਦਵਾਜ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪ੍ਰੈੱਸ ਕਾਨਫਰੰਸ ਦੌਰਾਨ ਸੀ ਬੀ ਆਈ ਤੇ ਈ ਡੀ ਤੋਂ ਮੰਗ ਕੀਤੀ ਕਿ ਉਹ 800 ਕਰੋੜ ਦਾ ਪਤਾ ਲਾਉਣ, ਜਿਨ੍ਹਾਂ ਨਾਲ ਭਾਜਪਾ ਨੇ ਵਿਧਾਇਕ ਖਰੀਦਣੇ ਸਨ। ਭਾਰਦਵਾਜ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ‘ਆਪ’ ਦੇ 12 ਵਿਧਾਇਕਾਂ ਨਾਲ ਪਾਰਟੀ ਬਦਲਣ ਲਈ ਸੰਪਰਕ ਕੀਤਾ ਗਿਆ ਸੀ, ਹਾਲਾਂਕਿ ਵਿਧਾਇਕਾਂ ਨੇ ਕਿਹਾ ਕਿ ਉਹ ‘ਆਪ’ ਦੇ ਨਾਲ ਹਨ।