ਗੈਰਤਮੰਦ ਭਾਰਤੀ ਕੁੜੀ ਨੇ ਅਮਰੀਕਾ ਛੱਡਿਆ

0
9

ਨਿਊ ਯਾਰਕ : ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਦੀ ਭਾਰਤੀ ਵਿਦਿਆਰਥਣ ਦਾ ਵੀਜ਼ਾ ਅਮਰੀਕਾ ਵੱਲੋਂ ਕਥਿਤ ਤੌਰ ’ਤੇ ‘ਹਿੰਸਾ ਅਤੇ ਅੱਤਵਾਦ ਦੀ ਵਕਾਲਤ’ ਕਰਨ ਅਤੇ ਹਮਾਸ ਦਾ ਸਮਰਥਨ ਕਰਨ ਵਾਲੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਕਾਰਨ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਉਸ ਨੇ ਖੁਦ ਹੀ ਮੁਲਕ ਛੱਡ ਦਿੱਤਾ ਹੈ। ਰੰਜਨੀ ਸ੍ਰੀਨਿਵਾਸਨ ਕੋਲੰਬੀਆ ਯੂਨੀਵਰਸਿਟੀ ਵਿੱਚ ਸ਼ਹਿਰੀ ਯੋਜਨਾਬੰਦੀ ਵਿੱਚ ਡਾਕਟਰੇਟ ਕਰਨ ਅਮਰੀਕਾ ਗਈ ਸੀ। ਗ੍ਰਹਿ ਸੁਰੱਖਿਆ ਸਕੱਤਰ ਕਿ੍ਰਸਟੀ ਨੋਏਮਕਿਹਾ ਕਿ ਅਮਰੀਕਾ ਵਿੱਚ ਰਹਿਣ ਅਤੇ ਪੜ੍ਹਾਈ ਕਰਨ ਲਈ ਵੀਜ਼ਾ ਦਿੱਤਾ ਜਾਣਾ ਇੱਕ ਵਿਸ਼ੇਸ਼ ਅਧਿਕਾਰ ਹੈ। ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਕੋਲੰਬੀਆ ਯੂਨੀਵਰਸਿਟੀ ਦੇ ਅੱਤਵਾਦੀ ਹਮਦਰਦਾਂ ਵਿੱਚੋਂ ਇੱਕ ਨੇ ਖੁਦ ਹੀ ਅਮਰੀਕਾ ਛੱਡ ਦਿੱਤਾ।
ਮਨਦੀਪ ਤੇ ਉਦਿਤਾ ਦਾ 21 ਨੂੰ ਵਿਆਹ
ਜਲੰਧਰ : ਉਲੰਪੀਅਨ ਹਾਕੀ ਸਟਾਰ ਮਨਦੀਪ ਸਿੰਘ ਤੇ ਉਦਿਤਾ ਕੌਰ ਮਾਡਲ ਟਾਊਨ ਦੇ ਗੁਰਦੁਆਰੇ ਵਿੱਚ 21 ਮਾਰਚ ਨੂੰ ਲਾਵਾਂ ਲੈਣਗੇ। ਮਨਦੀਪ ਸਿੰਘ ਜਲੰਧਰ ਅਤੇ ਉਦਿਤਾ ਕੌਰ ਹਿਸਾਰ ਤੋਂ ਹਨ। ਦੋਹਾਂ ਨੇ ਟੋਕੀਓ ਉਲੰਪਿਕ ਹਾਕੀ-2020 ਵਿੱਚ ਹਿੱਸਾ ਲਿਆ ਸੀ। ਮਨਦੀਪ ਸਿੰਘ ਦੀ ਅਗਵਾਈ ਵਾਲੀ ਪੁਰਸ਼ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ, ਜਦੋਂਕਿ ਉਦਿਤਾ ਕੌਰ ਵਾਲੀ ਮਹਿਲਾ ਟੀਮ ਚੌਥੇ ਸਥਾਨ ’ਤੇ ਰਹੀ ਸੀ।
ਬਰੈਂਪਟਨ ’ਚ ਪੰਜਾਬੀ ਨੌਜਵਾਨ ਦੀ ਦਮ ਘੁਟਣ ਨਾਲ ਮੌਤ
ਵੈਨਕੂਵਰ : ਬਰੈਂਪਟਨ ਵਿੱਚ ਗੈਰਾਜ ’ਚ ਖੜ੍ਹੀ ਸਟਾਰਟ ਕਾਰ ਵਿੱਚ ਬੈਠੇ ਸਿਰਸਾ ਦੇ ਰੂਪਕ ਸਿੰਘ (25) ਦੀ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਉਹ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਉਸ ਨੇ ਆਪਣੀ ਰਿਹਾਇਸ਼ ’ਤੇ ਕਾਰ ਨੂੰ ਗੈਰਾਜ ਅੰਦਰ ਵਾੜ ਕੇ ਮਾਪਿਆਂ ਨੂੰ ਫੋਨ ਲਾ ਲਿਆ। ਠੰਢ ਤੋਂ ਬਚਣ ਲਈ ਕਾਰ ਦਾ ਇੰਜਣ ਬੰਦ ਨਾ ਕੀਤਾ। ਗੱਲ ਲੰਮੀ ਹੋ ਗਈ ਤੇ ਗੈਰਾਜ ਦਾ ਗੇਟ ਬੰਦ ਹੋਣ ਕਾਰਨ ਸਟਾਰਟ ਕਾਰ ’ਚੋਂ ਨਿਕਲਦੀ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਕਾਰ ਦੇ ਅੰਦਰ ਤੱਕ ਫੈਲ ਗਈ। ਸਾਹ ਬੰਦ ਹੋਣ ਕਰਕੇ ਉਸ ਦੀ ਕਾਰ ਵਿੱਚ ਹੀ ਮੌਤ ਹੋ ਗਈ।
ਹਰਿਆਣਾ ’ਚ ਭਾਜਪਾ ਆਗੂ ਦੀ ਹੱਤਿਆ
ਸੋਨੀਪਤ : ਗੋਹਾਨਾ ਖੇਤਰ ਦੇ ਜਵਾਹਰਾ ਪਿੰਡ ਵਿੱਚ ਹੋਲੀ ਵਾਲੇ ਦਿਨ ਭਾਜਪਾ ਦੇ ਮੁੰਡਾਲਾਨਾ ਮੰਡਲ ਦੇ ਪ੍ਰਧਾਨ ਤੇ ਨੰਬਰਦਾਰ 42 ਸਾਲਾ ਸੁਰਿੰਦਰ ਕੁਮਾਰ ਦੀ ਗੁਆਂਢੀ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੁਰਿੰਦਰ ਬਚਣ ਲਈ ਦੁਕਾਨ ਵਿੱਚ ਵੜਿਆ, ਪਰ ਹਮਲਾਵਰ ਨੇ ਪਿੱਛਾ ਕਰਕੇ ਉਸ ਨਾਲ ਹੱਥੋਪਾਈ ਦੌਰਾਨ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਪੁਲਸ ਮੁਤਾਬਕ ਮਾਮਲਾ ਜ਼ਮੀਨ ਸੰਬੰਧੀ ਵਿਵਾਦ ਦਾ ਦੱਸਿਆ ਗਿਆ ਹੈ।