ਪ੍ਰੇਮ ਚੰਦ ਨੇ ਕਿਹਾ ਸੀ, ‘ਫਿਰਕਾਪ੍ਰਸਤੀ ਹਮੇਸ਼ਾ ਸੰਸ�ਿਤੀ ਦੀ ਖੱਲ ਪਾ ਕੇ ਸਾਹਮਣੇ ਆਉਦੀ ਹੈ।’ ਇਸ ਦੇ ਨਾਲ ਹੀ ਅੱਜ ਦਾ ਸੱਚ ਇਹ ਵੀ ਹੈ ਕਿ ਫਿਰਕਾਪ੍ਰਸਤੀ ਇਤਿਹਾਸ ਦਾ ਮਿਥਿਆਸੀਕਰਨ ਕਰਦੀ ਹੈ ਅਤੇ ਮਿੱਥਕਾਂ ਨੂੰ ਇਤਿਹਾਸ ਦੇ ਰੂਪ ਵਿੱਚ ਪੇਸ਼ ਕਰਦੀ ਹੈ। ਅੱਜ ਭਾਜਪਾ-ਸੰਘ ਪੁਰਾਣਾਂ ਵਿੱਚ ਵਿਮਾਨ ਵਿਗਿਆਨ ਤੋਂ ਲੈ ਕੇ ਅੰਗ ਬਦਲਣ ਅਤੇ ਆਈ ਵੀ ਐੱਫ ਡਾਕਟਰੀ ਤੱਕ ਦੇ ਤੱਥ ਲੱਭਣ ਵਿੱਚ ਲੱਗੇ ਹੋਏ ਹਨ ਅਤੇ ਮਿੱਥਹਾਸਕ ਕਹਾਣੀਆਂ ਨੂੰ ਇਸ ਦੇ ਸਬੂਤ ਦੱਸ ਰਹੇ ਹਨ। ਉਨ੍ਹਾਂ ਲਈ ਤਾਜ ਮਹਿਲ ਤੇ ਤਮਾਮ ਮਸਜਿਦਾਂ ਹਿੰਦੂ ਮੰਦਰ ਹਨ ਤੇ ਇਸ ਲਈ ਉਹ ਮੁਗਲ ਬਾਦਸ਼ਾਹਾਂ ਵੱਲੋਂ ਕੁਝ ਮੰਦਰਾਂ ਨੂੰ ਲੁੱਟਣ ਤੇ ਤਬਾਹ ਕਰਨ ਨੂੰ ਸਬੂਤ ਵਜੋਂ ਪੇਸ਼ ਕਰ ਰਹੇ ਹਨ। ਇਤਿਹਾਸ ਵਿੱਚ ਇੱਕ-ਦੂਜੇ ਦੇ ਧਰਮ ਅਸਥਾਨਾਂ ਨੂੰ ਤੋੜਨ ਦੀਆਂ ਅਨੇਕਾਂ ਮਿਸਾਲਾਂ ਹਨ, ਪਰ ਇਨ੍ਹਾਂ ਸਭ ਵਿਗਾੜਾਂ ਦੇ ਬਾਵਜੂਦ ਸਾਡਾ ਸਮਾਜ ਅੱਗੇ ਵਧਿਆ ਹੈ, ਪਹਿਲਾਂ ਨਾਲੋਂ ਵੱਧ ਸਭਿਆ ਹੋਇਆ ਹੈ ਤੇ ਸਦਭਾਵਨਾ ਦੀ ਪਰੰਪਰਾ ਗੰਗਾ-ਜਮਨੀ ਤਹਿਜ਼ੀਬ ਵਿਕਸਤ ਹੋਈ ਹੈ। ਇਤਿਹਾਸ ਤੋਂ ਸਬਕ ਤਾਂ ਲਿਆ ਜਾ ਸਕਦਾ ਹੈ, ਪਰ ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਫਿਰਕੂ ਤਾਕਤਾਂ ਇਤਿਹਾਸ ਤੋਂ ਸਬਕ ਨਹੀਂ ਲੈਣਾ ਚਾਹੁੰਦੀਆਂ, ਉਹ ਇਤਿਹਾਸ ਦੀ ਬਰਬਰੀਅਤ ਨੂੰ ਆਧਾਰ ਬਣਾ ਕੇ ਬਦਲੇ ਦੀ ਸਿਆਸਤ ਕਰਨਾ ਚਾਹੁੰਦੀਆਂ ਹਨ ਅਤੇ ਭਾਰਤੀ ਸਮਾਜ ਨੂੰ ਪਿੱਛੇ ਧੱਕਦਿਆਂ ਮੁੜ ਬਰਬਰੀਅਤ ਵਾਲੇ ਯੁੱਗ ਵਿੱਚ ਪਹੁੰਚਾਉਣਾ ਚਾਹੁੰਦੀਆਂ ਹਨ। ਭਾਜਪਾ ਮੁਸਲਮਾਨਾਂ ਨੂੰ ਅਜਿਹੇ ਕਾਲਪਨਿਕ ਦੁਸ਼ਮਣ ਵਜੋਂ ਪੇਸ਼ ਕਰਦੀ ਹੈ ਕਿ ਉਨ੍ਹਾਂ ਦਾ ਇੱਥੇ ਰਹਿਣਾ ਹੀ ਇਸ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। 1857 ਤੋਂ ਪਹਿਲਾਂ ਇਸ ਦੇਸ਼ ਵਿੱਚ ਕਈ ਰਾਜਿਆਂ-ਬਾਦਸ਼ਾਹਾਂ, ਸਮਰਾਟਾਂ ਤੇ ਸ਼ਹਿਨਸ਼ਾਹਾਂ ਨੇ ਰਾਜ ਕੀਤਾ, ਆਪਣੇ ਰਾਜ ਦੌਰਾਨ ਉਨ੍ਹਾਂ ਮੰਦਰ ਤੇ ਮਸਜਿਦਾਂ ਤੋੜੀਆਂ ਤੇ ਲੁੱਟੀਆਂ, ਪਰ ਕਿਸੇ ਨੇ ਵੀ ਆਪਣੇ ਰਾਜ ਨੂੰ ਪੱਕਾ ਕਰਨ ਲਈ ਧਰਮ ਦੇ ਆਧਾਰ ’ਤੇ ਫੁੱਟ ਪਾਉਣ ਦਾ ਕੰਮ ਨਹੀਂ ਕੀਤਾ। ਇਹੀ ਕਾਰਨ ਹੈ ਕਿ ਦੁਸ਼ਮਣੀ ਦੇ ਬਾਵਜੂਦ ਨਾ ਮਹਾਰਾਣਾ ਪ੍ਰਤਾਪ ਖਿਲਾਫ ਅਕਬਰ ਦੇ ਮਨ ਵਿੱਚ ਕੋਈ ਨਫਰਤ ਸੀ ਤੇ ਨਾ ਔਰੰਗਜ਼ੇਬ ਦੇ ਖਿਲਾਫ ਸ਼ਿਵਾਜੀ ਮਹਾਰਾਜ ਦੇ ਮਨ ’ਚ। ਰਾਜ-ਪਾਟ ਦੀ ਦੁਸ਼ਮਣੀ ਨੂੰ ਧਾਰਮਕ ਦੁਸ਼ਮਣੀ ਦੇ ਰੂਪ ਵਿੱਚ ਪੇਸ਼ ਕਰਕੇ ਇਤਿਹਾਸ ਨੂੰ ਨਕਾਰਨ ਦਾ ਕੰਮ ਅੱਜ ਸੰਘ-ਭਾਜਪਾ ਕਰ ਰਹੇ ਹਨ ਤਾਂ ਯਕੀਨ ਮੰਨਿਓ ਉਨ੍ਹਾਂ ਦੇ ਮਨ ਵਿੱਚ ਨਾ ਤਾਂ ਮਹਾਰਾਣਾ ਪ੍ਰਤਾਪ ਲਈ ਕੋਈ ਇੱਜ਼ਤ ਹੈ ਤੇ ਨਾ ਹੀ ਸ਼ਿਵਾਜੀ ਮਹਾਰਾਜ ਲਈ ਕੋਈ ਸਨਮਾਨ। ਇਨ੍ਹਾਂ ਨੂੰ ਉਨ੍ਹਾਂ ਨੇ ਆਪਣੀ ਸਿਆਸਤ ਦੇ ਹਥਿਆਰ ਬਣਾ ਲਿਆ ਹੈ।
ਅਜੇ ਔਰੰਗਜ਼ੇਬ ਦਾ ਵਿਵਾਦ ਸ਼ਾਂਤ ਵੀ ਨਹੀਂ ਹੋਇਆ ਹੈ ਕਿ ਤੁਗਲਕ ਨੂੰ ਕਬਰ ਵਿੱਚੋਂ ਕੱਢ ਲਿਆ ਹੈ ਭਾਜਪਾ ਨੇ। ਇਸ ਦੇ ਰਾਜ ਸਭਾ ਦੇ ਮੈਂਬਰ ਡਾ. ਦਿਨੇਸ਼ ਸ਼ਰਮਾ, ਫਰੀਦਾਬਾਦ ਦੇ ਸਾਂਸਦ �ਿਸ਼ਨਪਾਲ ਗੁਰਜਰ ਤੇ ਵਾਈਸ ਐਡਮਿਰਲ ਕਿਰਣ ਦੇਸ਼ਮੁਖ ਨੇ ਆਪਣੇ ਨਿਵਾਸਾਂ ’ਤੇ ਤੁਗਲਕ ਲੇਨ ਦੀ ਥਾਂ ਸਵਾਮੀ ਵਿਵੇਕਾਨੰਦ ਮਾਰਗ ਦੀਆਂ ਨੇਮ ਪਲੇਟਾਂ ਲਗਵਾ ਲਈਆਂ ਹਨ। ਸਵਾਮੀ ਵਿਵੇਕਾਨੰਦ ਦੀ ਆਤਮਾ ਵੀ ਇਸ ਨਾਲ ਬੇਚੈਨ ਹੋ ਗਈ ਹੋਵੇਗੀ, ਕਿਉਕਿ ਸਵਾਮੀ ਜੀ ਭਗਵਾਂਧਾਰੀ ਜ਼ਰੂਰ ਸਨ, ਹਿੰਦੂ ਧਰਮ ਦੇ ਪੈਰੋਕਾਰ ਤੇ ਵੇਦਾਂ ਦੇ ਗਿਆਤਾ ਸਨ, ਪਰ ਸੰਘ-ਭਾਜਪਾ ਦੇ ਭਗਵਾਂ ਵਿਚਾਰਾਂ ਵਾਲੇ ਕਤਈ ਨਹੀਂ ਸਨ। ਮੁਸਲਿਮ ਦਵੈਖ ਨੇ ਤਾਂ ਉਨ੍ਹਾ ਨੂੰ ਛੂਹਿਆ ਵੀ ਨਹੀਂ ਸੀ। ਉਹ ਇਸਲਾਮੀ ਸਰੀਰ ਤੇ ਵੇਦਾਂਤੀ ਦਿਮਾਗ ਦੇ ਕਾਇਲ ਸਨ। ਉਹ ਮਿਹਨਤਕਸ਼ ਸ਼ੂਦਰਾਂ, ਨਿਸਚੇ ਹੀ ਉਨ੍ਹਾ ਦੇ ਜ਼ਮਾਨੇ ਵਿੱਚ ਮਿਹਨਤਕਸ਼ ਹੀ ਸ਼ੂਦਰ ਸਨ, ਦਾ ਰਾਜ ਆਉਣ ਦੀ ਭਵਿੱਖਬਾਣੀ ਕਰ ਰਹੇ ਸਨ। ਇੱਕ ਧਰਮ ਨਿਰਪੱਖ ਸਵਾਮੀ ਵਿਵੇਕਾਨੰਦ ਨੂੰ ਇੱਕ ਫਿਰਕੂ ਭਗਵਾਂਧਾਰੀ ਵਿੱਚ ਬਦਲਣ ਦੀ ਕੋਸ਼ਿਸ਼ ਸੰਘ-ਭਾਜਪਾ ਕਰ ਰਹੇ ਹਨ। ਤੁਗਲਕ ਕੋਈ ਪਹਿਲਾ ਬਾਦਸ਼ਾਹ ਨਹੀਂ ਸੀ, ਜਿਸ ਨੇ ਸਨਕੀ ਫੈਸਲੇ ਲਏ, ਪਰਜਾ ’ਤੇ ਜ਼ੁਲਮ ਕੀਤੇ ਤੇ ਅਯਾਸ਼ੀ ਵਿੱਚ ਡੁੱਬਿਆ। ਅਸਲ ਵਿੱਚ ਰਾਜਤੰਤਰ ਚਲਦਾ ਹੀ ਇਸੇ ਤਰ੍ਹਾਂ ਸੀ, ਕਿਉਕਿ ਰਾਜਾ ਨੂੰ ਈਸ਼ਵਰ ਦਾ ਨੁਮਾਇੰਦਾ ਮੰਨਿਆ ਜਾਂਦਾ ਸੀ ਤੇ ਉਸ ਦੀ ਇੱਛਾ ਹੀ ਫਾਈਨਲ ਹੁੰਦੀ ਸੀ। ਰਾਜਾ ਤੇ ਬਾਦਸ਼ਾਹ ਸਾਮੰਤਵਾਦੀ ਕਦਰਾਂ-ਕੀਮਤਾਂ ਦੇ ਪ੍ਰਤੀਕ ਸਨ, ਪਰ ਕਿਸੇ ਹੁਕਮਰਾਨ ਨੇ ਜਿਊਂਦੇ-ਜੀਅ ਕਿਸੇ ਸੜਕ ਦਾ ਨਾਮਕਰਣ ਆਪਣੇ ਨਾਂਅ ’ਤੇ ਨਹੀਂ ਕੀਤਾ ਹੋਵੇਗਾ। ਆਖਰ ਰਾਜਾ ਤੇ ਬਾਦਸ਼ਾਹ ਵੀ ਨੈਤਿਕਤਾ ਦੇ ਕੁਝ ਨਿਯਮਾਂ ਦੀ ਪਾਲਣਾ ਕਰਦੇ ਹੀ ਹੋਣਗੇ। ਸਾਡੇ ਤਾਂ ਪ੍ਰਧਾਨ ਮੰਤਰੀ ਨੇ ਹੀ ਇੱਕ ਸਟੇਡੀਅਮ ਦਾ ਨਾਂਅ ਆਪਣੇ ਨਾਂਅ ’ਤੇ ਰੱਖ ਲਿਆ ਹੈ ਅਤੇ ਅਜਿਹਾ ਕਰਦੇ ਹੋਏ ਸ਼ਾਇਦ ਉਨ੍ਹਾ ਨੂੰ ਸ਼ਰਮ ਵੀ ਨਹੀਂ ਆਈ। ਇਤਿਹਾਸ ਵਿੱਚ ਨਾਂਅ ਲਿਖਾਉਣ ਦੀ ਜ਼ਿਦ ਜਮਹੂਰੀਅਤ ਵਿੱਚ ਕਿਸੇ ਹੁਕਮਰਾਨ ਨੂੰ ਏਨਾ ਡੇਗ ਸਕਦੀ ਹੈ, ਫਿਰ ਤਾਂ ਤੁਗਲਕ ਦੀ ਜ਼ਿਦ ਰਾਜਤੰਤਰ ਦੀ ਜ਼ਿਦ ਸੀ। ਔਰੰਗਜ਼ੇਬ, ਅਕਬਰ, ਬਾਬਰ ਤੇ ਹੁਣ ਤੁਗਲਕ ਦੀ ਵਾਰੀ ਹੈ, ਕਿਉਕਿ ਸੰਘ-ਭਾਜਪਾ ਦੀ ਫਿਰਕਾਪ੍ਰਸਤੀ ਨਾਲ ਯਾਰੀ ਹੈ। ਸੰਘ-ਭਾਜਪਾ ਦੀ ਇਸ ਮੁਹਿੰਮ ਖਿਲਾਫ ਉੱਠਣ ਦਾ ਵੇਲਾ ਹੈ ਤੇ ਸੁੱਤਿਆਂ ਨੂੰ ਜਗਾਉਣ ਦੀ ਲੋੜ ਹੈ, ਤਾਂ ਕਿ ਆਮ ਲੋਕਾਂ ਦੀ ਬਦਹਾਲੀ ਨਾਲ ਜੁੜੇ ਨੀਤੀਗਤ ਮੁੱਦਿਆਂ ’ਤੇ ਬਹਿਸ ਸ਼ੁਰੂ ਹੋ ਸਕੇ।