ਸੁਨੀਤਾ ਤੇ ਵਿਲਮੋਰ ਦੀ ਵਾਪਸੀ

0
115

ਕੇਪ ਕੈਨਵੇਰਲ : 9 ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਫਸੇ ਨਾਸਾ ਦੇ ਦੋ ਪੁਲਾੜ ਯਾਤਰੀਆਂ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁੱਚ ਵਿਲਮੋਰ ਨੂੰ ਲੈ ਕੇ ਸਪੇਸਐੱਕਸ ਦਾ ਕੈਪਸੂਲ ਧਰਤੀ ਲਈ ਰਵਾਨਾ ਹੋ ਗਿਆ ਹੈ। ਵਿਲਮੋਰ ਤੇ ਵਿਲੀਅਮਜ਼ ਨੇ ‘ਸਪੇਸਐੱਕਸ’ ਵਿਚ ਸਵਾਰ ਹੋ ਕੇ ਕੌਮਾਂਤਰੀ ਪੁਲਾੜ ਸਟੇਸ਼ਨ ਨੂੰ ਅਲਵਿਦਾ ਆਖੀ। ਸਪੇਸਐੱਕਸ ਦਾ ਇਹ ਕੈਪਸੂਲ ਭਾਰਤੀ ਸਮੇਂ ਅਨੁਸਾਰ ਸਵੇਰੇ 10:35 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਨਿਕਲਿਆ ਤੇ ਇਸ ਦੇ ਬੁੱਧਵਾਰ ਵੱਡੇ ਤੜਕੇ 3:27 ਵਜੇ ਫਲੋਰੀਡਾ ਦੇ ਸਾਹਿਲ ’ਤੇ ਸਮੁੰਦਰ ਵਿੱਚ ਉਤਰਨ ਦੀ ਉਮੀਦ ਹੈ।
ਸੁਨੀਤਾ ਭਾਰਤ ਦੀ ਧੀ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਭਾਰਤ ਦੀ ਧੀ ਦੱਸਦੇ ਹੋਏ ਕਿਹਾ ਕਿ ਭਾਰਤ ਜਲਦੀ ਹੀ ਉਸ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹੈ। ਉਨ੍ਹਾ ਵਿਲੀਅਮਜ਼ ਦੇ ਪੁਰਖਿਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਭਾਰਤ ਤੋਂ ਹਨ। ਉਸ ਦੇ ਪਰਵਾਰ ਦੀਆਂ ਜੜ੍ਹਾਂ ਗੁਜਰਾਤ ਦੇ ਝੂਲਾਸਨ ਪਿੰਡ ਤੋਂ ਹਨ। ਸੁਨੀਤਾ ਵਿਲੀਅਮਜ਼ ਨੂੰ ਲਿਖੇ ਇੱਕ ਪੱਤਰ ਵਿੱਚ ਮੋਦੀ ਨੇ ਕਿਹਾ, “ਮੈਂ ਤੁਹਾਨੂੰ ਭਾਰਤ ਦੇ ਲੋਕਾਂ ਵੱਲੋਂ ਸ਼ੁੱਭਕਾਮਨਾਵਾਂ ਦਿੰਦਾ ਹਾਂ। 1.4 ਅਰਬ ਭਾਰਤੀਆਂ ਨੇ ਹਮੇਸ਼ਾ ਤੁਹਾਡੀਆ ਪ੍ਰਾਪਤੀਆਂ ’ਤੇ ਬਹੁਤ ਮਾਣ ਕੀਤਾ ਹੈ। ਭਾਵੇਂ ਤੁਸੀਂ ਹਜ਼ਾਰਾਂ ਮੀਲ ਦੂਰ ਹੋ, ਤੁਸੀਂ ਸਾਡੇ ਦਿਲਾਂ ਦੇ ਨੇੜੇ ਰਹਿੰਦੇ ਹੋ। ਭਾਰਤ ਦੇ ਲੋਕ ਤੁਹਾਡੀ ਚੰਗੀ ਸਿਹਤ ਅਤੇ ਤੁਹਾਡੇ ਮਿਸ਼ਨ ਵਿੱਚ ਸਫਲਤਾ ਲਈ ਪ੍ਰਾਰਥਨਾ ਕਰ ਰਹੇ ਹਨ।’’
80 ਕਰੋੜ ਦੀਆਂ ਸੋਨੇ ਦੀਆਂ ਛੜਾਂ ਬਰਾਮਦ
ਨਵੀਂ ਦਿੱਲੀ : ਡੀ ਆਰ ਆਈ ਨੇ ਬੀਤੇ ਦਿਨ ਗੁਜਰਾਤ ’ਚ ਅਹਿਮਦਾਬਾਦ ਦੇ ਪਾਲਦੀ ’ਚ ਇਕ ਰਿਹਾਇਸ਼ੀ ਫਲੈਟ ਦੀ ਤਲਾਸ਼ੀ ਦੌਰਾਨ 87.92 ਕਿੱਲੋ ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਕੀਮਤ ਲੱਗਭੱਗ 80 ਕਰੋੜ ਰੁਪਏ ਹੈ। ਜ਼ਿਆਦਾਤਰ ਸੋਨੇ ਦੀਆਂ ਛੜਾਂ ’ਤੇ ਵਿਦੇਸ਼ੀ ਨਿਸ਼ਾਨ ਹਨ, ਜੋ ਦਰਸਾਉਂਦੇ ਹਨ ਕਿ ਇਹ ਭਾਰਤ ਵਿੱਚ ਤਸਕਰੀ ਕੀਤੀਆਂ ਗਈਆਂ ਸਨ। ਇਸ ਕਾਰਵਾਈ ਵਿੱਚ 11 ਲਗਜ਼ਰੀ ਘੜੀਆਂ ਅਤੇ 19.66 ਕਿੱਲੋ ਗਹਿਣੇ ਵੀ ਬਰਾਮਦ ਕੀਤੇ, ਜਿਹੜੇ ਹੀਰਿਆਂ ਅਤੇ ਹੋਰ ਕੀਮਤੀ ਪੱਥਰਾਂ ਨਾਲ ਜੜੇ ਹੋਏ ਹਨ। 1.37 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਜੰਮੂ-ਕਸ਼ਮੀਰ ’ਚ ਹਾਈ ਅਲਰਟ
ਜੰਮੂ : ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਏ ਦਹਿਸ਼ਤੀ ਹਮਲਿਆਂ ਦੇ ਮੱਦੇਨਜ਼ਰ ਪੂਰੇ ਜੰਮੂ-ਕਸ਼ਮੀਰ ਵਿੱਚ ਉੱਚ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ ਹੈ। ਸਿਆਸਤਦਾਨਾਂ ਸਮੇਤ ਸਾਰੇ ਵਿਅਕਤੀਆਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਸੁਰੱਖਿਆ ਪ੍ਰਾਪਤ ਵਿਅਕਤੀਆਂ ਨੂੰ ਆਪਣੇ ਪ੍ਰੋਗਰਾਮਾਂ ਨੂੰ ਗੁਪਤ ਰੱਖਣ ਅਤੇ ਆਪਣੇ ਨਿੱਜੀ ਸੁਰੱਖਿਆ ਅਧਿਕਾਰੀਆਂ ਨਾਲ ਘੁੰਮਣ-ਫਿਰਨ ਲਈ ਕਿਹਾ ਗਿਆ ਹੈ। ਫੌਜਾਂ ਨੂੰ ਗਸ਼ਤ ਅਤੇ ਤਲਾਸ਼ੀ ਮੁਹਿੰਮਾਂ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਕਾਰੋਬਾਰੀ ਤੋਂ 80 ਲੱਖ ਲੁੱਟੇ
ਨਵੀਂ ਦਿੱਲੀ : ਕੌਮੀ ਰਾਜਧਾਨੀ ਦੇ ਲਾਹੌਰੀ ਗੇਟ ਥਾਣਾ ਖੇਤਰ ਦੇ ਹਵੇਲੀ ਹੈਦਰ ਕੁਲੀ ਚਾਂਦਨੀ ਚੌਕ ’ਚ ਇੱਕ ਕਾਰੋਬਾਰੀ ਤੋਂ ਕਰੀਬ 80 ਲੱਖ ਰੁਪਏ ਲੁੱਟ ਲਏ ਗਏ। ਬਦਮਾਸ਼ ਨੇ ਕਾਰੋਬਾਰੀ ਦੇ ਢਿੱਡ ’ਚ ਪਿਸਤੌਲ ਰੱਖ ਕੇ ਪੈਸਿਆਂ ਨਾਲ ਭਰਿਆ ਬੈਗ ਖੋਹਿਆ। ਸੋਮਵਾਰ ਸ਼ਾਮ ਨੂੰ ਵਾਪਰੀ ਘਟਨਾ ਦੀ ਵਾਇਰਲ ਵੀਡੀਓ ਅਨੁਸਾਰ ਚਹਿਲ-ਪਹਿਲ ਵਾਲੇ ਇਲਾਕੇ ਵਿੱਚ ਵਾਰਦਾਤ ਵਾਲੀ ਥਾਂ ਨੇੜੇ ਦੁਕਾਨਦਾਰ ਅਤੇ ਰਾਹਗੀਰ ਵੀ ਮੌਜੂਦ ਸਨ, ਪਰ ਡਰ ਕਾਰਨ ਕਿਸੇ ਨੇ ਵੀ ਬਦਮਾਸ਼ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ।
ਸਭ ਕੁਝ ਤਬਾਹ
ਨਵੀਂ ਦਿੱਲੀ : ਇੱਥੇ ਦਵਾਰਕਾ ਮੋੜ ਇਲਾਕੇ ਵਿੱਚ ਮੰਗਲਵਾਰ ਵੱਡੇ ਤੜਕੇ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 30 ਝੌਂਪੜੀਆਂ, ਦੋ ਅਸਥਾਈ ਆਈਸ ਕਰੀਮ ਫੈਕਟਰੀਆਂ, ਕਾਰ ਉਪਕਰਣ, ਕਰਿਆਨੇ ਦੀਆਂ ਦੁਕਾਨਾਂ ਸੜ ਗਈਆਂ। ਇੱਥੇ ਲਗਭਗ 150 ਝੌਂਪੜੀਆਂ ਵਿੱਚ ਮਜ਼ਦੂਰ ਰਹਿੰਦੇ ਹਨ ਅਤੇ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਪੀੜਤਾਂ ਨੇ ਭਰੇ ਮਨ ਨਾਲ ਕਿਹਾਹੁਣ ਸਾਡੇ ਕੋਲ ਸੌਣ ਲਈ ਘਰ ਵੀ ਨਹੀਂ ਹੈ, ਖਾਣ ਲਈ ਵੀ ਕੁਝ ਨਹੀਂ ਬਚਿਆ। ਦਸਤਾਵੇਜ਼ ਵੀ ਸੜ ਗਏ ਹਨ।