ਰਾਏਕੋਟ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਬੁਰਜ ਹਰੀ ਸਿੰਘ ਦੇ ਕਥਿਤ ਨਸ਼ਾ ਤਸਕਰ ਅਮਰਜੀਤ ਸਿੰਘ ਪੱਪਾ ਦੀ ਪਿੰਡ ਦੀ ਪੰਚਾਇਤੀ ਸ਼ਾਮਲਾਤ (ਛੱਪੜ) ਦੀ ਥਾਂ ’ਤੇ ਬਣੀ ਤਿੰਨ ਮੰਜ਼ਲਾ ਕੋਠੀ ਨੂੰ ਢਾਹੁਣ ਲਈ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾਇਆ।
ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੁਲਜ਼ਮ ਪੱਪਾ ਦੀ ਮਾਤਾ ਅਵਤਾਰ ਕੌਰ ਤੋਂ ਡਿਊਟੀ ਮੈਜਿਸਟਰੇਟ ਰਾਕੇਸ਼ ਕੁਮਾਰ ਅਤੇ ਬੀ ਡੀ ਪੀ ਓ ਜਸਵਿੰਦਰ ਸਿੰਘ ਨੇ ਪੁਲਸ ਦੀ ਮੌਜੂਦਗੀ ਵਿੱਚ ਕੋਈ ਅਦਾਲਤੀ ਸਟੇਅ ਜਾਂ ਹੋਰ ਆਦੇਸ਼ ਬਾਰੇ ਜਾਣਕਾਰੀ ਮੰਗੀ, ਪਰ ਅਵਤਾਰ ਕੌਰ ਵੱਲੋਂ ਅਜਿਹਾ ਕੋਈ ਆਦੇਸ਼ ਨਾ ਹੋਣ ਬਾਰੇ ਕਹਿਣ ਤੋਂ ਬਾਅਦ ਬੁਲਡੋਜ਼ਰ ਨਾਲ ਘਰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੁਲਸ ਅਧਿਕਾਰੀਆਂ ਅਨੁਸਾਰ ਅਮਰਜੀਤ ਸਿੰਘ ਪੱਪਾ ਮਫਰੂਰ ਹੈ। ਉਸ ਦੀ ਪਤਨੀ ਸੋਨੀ ਕੌਰ ਪੁਲਸ ਕਾਰਵਾਈ ਤੋਂ ਪਹਿਲਾਂ ਹੀ ਉਥੋਂ ਖਿਸਕ ਗਈ ਸੀ। ਐੱਸ ਐੱਸ ਪੀ ਅੰਕੁਰ ਗੁਪਤਾ ਅਨੁਸਾਰ ਪੱਪਾ ਦੇ ਪਰਵਾਰਕ ਮੈਂਬਰਾਂ ਉਪਰ ਨਸ਼ਾ ਤਸਕਰੀ ਦੇ 26 ਕੇਸ ਦਰਜ ਹਨ।




