ਭਾਗਲਪੁਰ : ਬਿਹਾਰ ਦੇ ਪਿੰਡ ਵਿੱਚ ਵੀਰਵਾਰ ਨੂੰ ਟੂਟੀ ਦਾ ਪਾਣੀ ਲੈਣ ਦੇ ਮਾਮਲੇ ’ਤੇ ਹੋਇਆ ਝਗੜਾ ਭਿਆਨਕ ਲੜਾਈ ਤੇ ਗੋਲੀਬਾਰੀ ਵਿੱਚ ਬਦਲ ਗਿਆ, ਜਿਸ ਕਾਰਨ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਦੇ ਭਾਣਜੇ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਗੋਲੀਬਾਰੀ ਵਿੱਚ ਮਿ੍ਰਤਕ ਦੀ ਮਾਂ ਅਤੇ ਭਰਾ ਗੰਭੀਰ ਜ਼ਖਮੀ ਹੋ ਗਏ।
ਨੌਗਾਚੀਆ ਦੇ ਐੱਸ ਪੀ ਪ੍ਰੇਰਨਾ ਕੁਮਾਰ ਨੇ ਕਿਹਾ ਕਿ ਇਹ ਘਟਨਾ ਭਾਗਲਪੁਰ ਦੇ ਨਾਲ ਲੱਗਦੇ ਨੌਗਾਚੀਆ ਪੁਲਸ ਜ਼ਿਲ੍ਹੇ ਦੇ ਜਗਤਪੁਰ ਪਿੰਡ ਵਿੱਚ ਵਾਪਰੀ, ਜਿੱਥੇ ਦੋ ਭਰਾਵਾਂ ਵਿਸ਼ਵਜੀਤ ਅਤੇ ਜੈਜੀਤ ਯਾਦਵ ਦਾ ਇੱਕ ਟੂਟੀ ਤੋਂ ਪਾਣੀ ਲੈਣ ਨੂੰ ਲੈ ਕੇ ਝਗੜਾ ਹੋ ਗਿਆ। ਜਿਉਂ ਹੀ ਭਰਾਵਾਂ ਵਿੱਚ ਝਗੜਾ ਹੋਇਆ, ਉਨ੍ਹਾਂ ਦੀ ਮਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਸ਼ਵਜੀਤ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੇ ਭਰਾ ਅਤੇ ਮਾਂ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਜਦੋਂ ਉਨ੍ਹਾ ਤੋਂ ਪੁੱਛਿਆ ਗਿਆ ਕਿ ਕੀ ਮਿ੍ਰਤਕ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦਾ ‘ਭਾਣਜਾ’ (ਭੈਣ ਦਾ ਪੁੱਤਰ) ਸੀ, ਜੋ ਕਿ ਵੈਸ਼ਾਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਤਾਂ ਉਨ੍ਹਾ ਨੇ ‘ਹਾਂ’ ਵਿੱਚ ਜਵਾਬ ਦਿੱਤਾ।