ਇਤਿਹਾਸ ਨੂੰ ਹਥਿਆਰ ਬਣਾ ਕੇ ਕਿੰਝ ਸਿਆਸੀ ਲਾਭ ਉਠਾਇਆ ਜਾਂਦਾ ਹੈ, ਇਸ ਦੀ ਸਭ ਤੋਂ ਵੱਡੀ ਮਿਸਾਲ ਔਰੰਗਜ਼ੇਬ ਦੀ ਕਬਰ ਨੂੰ ਲੈ ਕੇ ਹਾਲ ਹੀ ਵਿੱਚ ਖੜ੍ਹਾ ਕੀਤਾ ਗਿਆ ਵਿਵਾਦ ਹੈ। ਇਹ ਸਧਾਰਨ ਜਿਹੀ ਕਬਰ, ਜੋ ਸਦੀਆਂ ਤੱਕ ਕਿਸੇ ਲਈ ਮਾਅਨੇ ਨਹੀਂ ਰੱਖਦੀ ਸੀ, ਅਚਾਨਕ ਇੱਕ ਕੌਮੀ ਮੁੱਦਾ ਬਣਾ ਦਿੱਤੀ ਗਈ ਹੈ। ਟੀ ਵੀ ਚੈਨਲਾਂ ਦੀਆਂ ਬਹਿਸਾਂ ਤੇ ਸੋਸ਼ਲ ਮੀਡੀਆ ਦੀ ਮੁਹਿੰਮ ਨਾਲ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਕਬਰ ਕੌਮੀ ਆਨ ਲਈ ਖਤਰਾ ਹੈ, ਪਰ ਇਹ ਸਵਾਲ ਕੋਈ ਨਹੀਂ ਪੁੱਛਦਾ ਕਿ ਜੇ ਇਹ ਕਬਰ ਏਨੀ ਹੀ ਖਤਰਨਾਕ ਸੀ ਤਾਂ ਪਿਛਲੇ 300 ਸਾਲਾਂ ਤੱਕ ਇਹ ਮੁੱਦਾ ਕਿਉ ਨਾ ਬਣੀ? ਜੇ ਕਬਰਾਂ ਰਾਸ਼ਟਰ ਲਈ ਖਤਰਾ ਹੁੰਦੀਆਂ ਤਾਂ ਕਿਤੇ ਵੀ ਸਭਿਆ ਦੇਸ਼ ਆਪਣੇ ਇਤਿਹਾਸਕ ਸਥੱਲਾਂ ਨੂੰ ਸੰਭਾਲ ਕੇ ਨਾ ਰੱਖਦੇ। ਕੀ ਜਰਮਨੀ ਨੇ ਹਿਟਲਰ ਦੇ ਬੰਕਰ ਨੂੰ ਮਿਟਾ ਦਿੱਤਾ? ਕੀ ਰੂਸ ਨੇ ਜ਼ਾਰ ਨਿਕੋਲਸ ਦੂਜੇ ਦੀ ਕਬਰ ਨੂੰ ਢਾਹਿਆ? ਕੀ ਅਮਰੀਕਾ ਨੇ ਆਪਣੇ ਜ਼ਾਲਮ ਅਤੀਤ ਨਾਲ ਜੁੜੀਆਂ ਯਾਦਗਾਰਾਂ ਨੂੰ ਹਟਾਇਆ? ਨਹੀਂ, ਕਿਉਕਿ ਇਤਿਹਾਸ ਨੂੰ ਮਿਟਾਉਣ ਨਾਲ ਇਤਿਹਾਸ ਨਹੀਂ ਬਦਲਦਾ, ਪਰ ਇੱਥੇ ਇੱਕ ਕਬਰ ਨੂੰ ਮੁੱਦਾ ਬਣਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਦੁਸ਼ਮਣੀ ਅੱਜ ਵੀ ਓਨੀ ਹੈ, ਜਿੰਨੀ ਮੁਗਲ ਕਾਲ ਵੇਲੇ ਸੀ। ਸਵਾਲ ਇਹ ਉੱਠਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਔਰੰਗਜ਼ੇਬ ਨਾਲ ਏਨੀ ਨਫਰਤ ਹੈ, ਉਹ ਅੰਗਰੇਜ਼ਾਂ ਦੇ ਅੱਤਿਆਚਾਰਾਂ ’ਤੇ ਵੀ ਏਨੇ ਹਮਲਾਵਰ ਕਿਉ ਨਹੀਂ ਹੁੰਦੇ? ਭਾਰਤ ’ਤੇ ਸਭ ਤੋਂ ਵੱਧ ਅੱਤਿਆਚਾਰ ਬਿ੍ਰਟਿਸ਼ ਹਕੂਮਤ ਨੇ ਕੀਤਾ। ਉਸ ਨੇ ਭਾਰਤੀ ਕਿਸਾਨਾਂ ਤੋਂ ਜਬਰੀ ਨੀਲ ਦੀ ਖੇਤੀ ਕਰਵਾਈ, ਕਾਲ ਵੇਲੇ ਅਨਾਜ ਬਿ੍ਰਟੇਨ ਭੇਜ ਦਿੱਤਾ, ਜਲ੍ਹਿਆਂਵਾਲਾ ਬਾਗ ਵਿੱਚ ਕਤਲੇਆਮ ਕੀਤਾ, ਪਰ ਅੰਗਰੇਜ਼ਾਂ ਵਿਰੁੱਧ ਕੋਈ ਅੰਦੋਲਨ ਨਹੀਂ ਚੱਲਦਾ। ਲਾਰਡ ਕਰਜ਼ਨ ਦੇ ਬੁੱਤ ਹਟਾਉਣ ਦੀ ਮੰਗ ਨਹੀਂ ਉੱਠਦੀ। ਲਾਰਡ ਮਾਊਂਟਬੇਟਨ ਦੇ ਨਾਂਅ ’ਤੇ ਬਣੀਆਂ ਇਮਾਰਤਾਂ ਨੂੰ ਡੇਗਣ ਦੀ ਗੱਲ ਨਹੀਂ ਹੁੰਦੀ। ਜੇ ਸੱਚ ਵਿੱਚ ਇਤਿਹਾਸਕ ਬੇਇਨਸਾਫੀ ਦਾ ਹਿਸਾਬ ਬਰਾਬਰ ਕਰਨਾ ਹੈ ਤਾਂ ਕੀ ਅੰਗਰੇਜ਼ਾਂ ਤੋਂ ਬਦਲਾ ਲਿਆ ਜਾਵੇਗਾ, ਜਿਨ੍ਹਾਂ ਸਾਨੂੰ ਏਨੇ ਸਾਲ ਗੁਲਾਮ ਬਣਾਈ ਰੱਖਿਆ। ਕੀ ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ ਤੇ ਸਿਹਤ ਦੇ ਮੁੱਦਿਆਂ ’ਤੇ ਵੀ ਏਨਾ ਰੋਹ ਦਿਖਾਇਆ ਜਾਵੇਗਾ? ਹਕੀਕਤ ਇਹ ਹੈ ਕਿ ਸੱਤਾ ਵਿੱਚ ਬੈਠੇ ਲੋਕ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੇ, ਇਸ ਕਰਕੇ ਉਹ ਲੋਕਾਂ ਦਾ ਧਿਆਨ ਵੰਡਣ ਲਈ ਅਜਿਹੇ ਮੁੱਦੇ ਉਛਾਲਦੇ ਹਨ, ਜਿਨ੍ਹਾਂ ਨਾਲ ਜਜ਼ਬਾਤ ਭੜਕਦੇ ਹਨ। ਉਹ ਚਾਹੁੰਦੇ ਹਨ ਕਿ ਲੋਕ ਬੇਰੁਜ਼ਗਾਰੀ ’ਤੇ ਨਹੀਂ, ਇਤਿਹਾਸ ’ਤੇ ਬਹਿਸ ਕਰਨ। ਸਿੱਖਿਆ ਦੀ ਕਮੀ ’ਤੇ ਨਹੀਂ, ਸਗੋਂ ਮੰਦਰ-ਮਸਜਿਦ ’ਤੇ ਝਗੜਨ। ਮੀਡੀਆ ਇਸ ਵਿੱਚ ਸਭ ਤੋਂ ਵੱਡਾ ਹਥਿਆਰ ਬਣ ਜਾਂਦਾ ਹੈ। ਪਹਿਲਾਂ ਭੀੜ ਤਿਆਰ ਕੀਤੀ ਜਾਂਦੀ ਹੈ, ਫਿਰ ਉਨ੍ਹਾਂ ਦੀਆਂ ਮੰਗਾਂ ਨੂੰ ਵਧਾ-ਚੜ੍ਹਾ ਕੇ ਦਿਖਾਇਆ ਜਾਂਦਾ ਹੈ ਅਤੇ ਜਦ ਕੋਈ ਪ੍ਰਤੀਕਿਰਿਆ ਦਿੰਦਾ ਹੈ ਤਾਂ ਉਸ ਨੂੰ ‘ਕੱਟੜਤਾ’ ਦਾ ਨਾਂਅ ਦੇ ਦਿੱਤਾ ਜਾਂਦਾ ਹੈ। ਇਹ ਖੇਡ ਵਾਰ-ਵਾਰ ਦੁਹਰਾਈ ਜਾਂਦੀ ਹੈ। ਭੀੜ ਇਹ ਸੋਚ ਕੇ ਖੁਸ਼ ਹੋ ਜਾਂਦੀ ਹੈ ਕਿ ਉਹ ਕੋਈ ਮਹਾਨ ਕੰਮ ਕਰ ਰਹੀ ਹੈ, ਜਦਕਿ ਅਸਲ ਵਿੱਚ ਉਹ ਕਿਸੇ ਹੋਰ ਦੇ ਇਸ਼ਾਰਿਆਂ ’ਤੇ ਨੱਚ ਰਹੀ ਹੁੰਦੀ ਹੈ। ਟੀ ਵੀ ਚੈਨਲ ਦਿਨ-ਰਾਤ ਇਹ ਨੈਰੇਟਿਵ ਚਲਾਉਂਦੇ ਹਨ ਕਿ ਔਰੰਗਜ਼ੇਬ ਅੱਤਿਆਚਾਰੀ ਸੀ, ਇਸ ਲਈ ਉਸ ਦੀ ਕਬਰ ਮਿਟਾ ਦੇਣੀ ਚਾਹੀਦੀ ਹੈ, ਪਰ ਉਹ ਇਹ ਨਹੀਂ ਦੱਸਦੇ ਕਿ ਕਬਰ ਤੋੜਨ ਨਾਲ ਕਿਸੇ ਬੇਰੁਜ਼ਗਾਰ ਨੂੰ ਨੌਕਰੀ ਨਹੀਂ ਮਿਲੇਗੀ, ਕਿਸੇ ਗਰੀਬ ਦਾ ਇਲਾਜ ਨਹੀਂ ਹੋਵੇਗਾ, ਕਿਸੇ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਹੋਵੇਗਾ।
ਇਤਿਹਾਸ ਦਾ ਉਦੇਸ਼ ਇਹ ਨਹੀਂ ਕਿ ਅਸੀਂ ਪੁਰਾਣੀਆਂ ਦੁਸ਼ਮਣੀਆਂ ਨੂੰ ਜ਼ਿੰਦਾ ਕਰੀਏ, ਸਗੋਂ ਇਹ ਹੈ ਕਿ ਅਸੀਂ ਉਨ੍ਹਾਂ ਤੋਂ ਸਿੱਖੀਏ। ਇਹ ਦੇਖੀਏ ਕਿ ਉਸ ਸਮੇਂ ਦੀਆਂ ਗਲਤੀਆਂ ਤੋਂ ਸਿੱਖ ਕੇ ਅਸੀਂ ਅੱਜ ਕੀ ਸੁਧਾਰ ਕਰ ਸਕਦੇ ਹਾਂ। ਜੇ ਇਤਿਹਾਸ ਨੂੰ ਸਿਰਫ ਬਦਲਾ ਲੈਣ ਲਈ ਇਸਤੇਮਾਲ ਕੀਤਾ ਜਾਵੇਗਾ ਤਾਂ ਭਾਰਤ ਕਦੇ ਅੱਗੇ ਨਹੀਂ ਵਧ ਸਕੇਗਾ। ਭਾਰਤ ਦਾ ਇਤਿਹਾਸ ਸਿਰਫ ਹਿੰਦੂ-ਮੁਸਲਿਮ ਸੰਘਰਸ਼ਾਂ ਦਾ ਇਤਿਹਾਸ ਨਹੀਂ ਹੈ। ਇਹ ਸਹਿਹੋਂਦ, ਸੰਸ�ਿਤੀ, ਕਲਾ, ਵਿਗਿਆਨ ਤੇ ਖੁਸ਼ਹਾਲੀ ਦਾ ਇਤਿਹਾਸ ਵੀ ਹੈ। ਇਹ ਗੰਗਾ-ਜਮਨੀ ਤਹਿਜ਼ੀਬ ਦਾ ਇਤਿਹਾਸ ਹੈ, ਜਿਸ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੋਹਾਂ ਨੇ ਮਿਲ ਕੇ ਇਸ ਦੇਸ਼ ਦੀ ਵਿਰਾਸਤ ਬਣਾਈ ਹੈ, ਪਰ ਸੱਤਾ ਲਈ ਇਸ ਸਾਂਝੇ ਇਤਿਹਾਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਅਸੀਂ ਅੱਜ ਵੀ ਨਾ ਸਮਝੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਸੇ ਇਤਿਹਾਸ ਦੇ ਝੂਠੇ ਨਾਇਕਾਂ ਤੇ ਨਫਰਤ ਦੀ ਸਿਆਸਤ ਵਿੱਚ ਗੰੁਮ ਹੁੰਦਾ ਹੋਇਆ ਪਾਉਣਗੀਆਂ।