ਨਵੀਂ ਦਿੱਲੀ : ਅਮਰੀਕਾ ਤੋਂ ਪੰਜਾਬ ਆ ਰਹੇ ਪੱਤਰਕਾਰ ਅੰਗਦ ਸਿੰਘ ਨੂੰ ਬੁੱਧਵਾਰ ਰਾਤ ਦਿੱਲੀ ਹਵਾਈ ਅੱਡੇ ਤੋਂ ਹੀ ਵਾਪਸ ਕਰ ਦਿੱਤਾ ਗਿਆ। ਅੰਗਦ ਦੀ ਮਾਂ ਲੇਖਕਾ ਗੁਰਮੀਤ ਕੌਰ ਨੇ ਫੇਸਬੁਕ ਪੋਸਟ ਵਿਚ ਦੱਸਿਆ ਕਿ ਅੰਗਦ ਅਮਰੀਕੀ ਨਾਗਰਿਕ ਹੈ, ਉਸ ਨੂੰ ਕੁਝ ਦੇਰ ਤਕ ਹਵਾਈ ਅੱਡੇ ’ਤੇ ਰੋਕ ਕੇ ਰੱਖਿਆ ਗਿਆ ਤੇ ਫਿਰ ਨਿਊ ਯਾਰਕ ਜਾਣ ਵਾਲੀ ਅਗਲੀ ਫਲਾਈਟ ਵਿਚ ਬਿਠਾ ਕੇ ਵਾਪਸ ਭੇਜ ਦਿੱਤਾ ਗਿਆ। ਇਮੀਗਰੇਸ਼ਨ ਅਧਿਕਾਰੀਆਂ ਨੇ ਕੋਈ ਕਾਰਨ ਵੀ ਨਹੀਂ ਦੱਸਿਆ। ਸਭ ਜਾਣਦੇ ਹਨ ਕਿ ਸਰਕਾਰ ਨੂੰ ਉਸ ਦੀ ਐਵਾਰਡ ਜੇਤੂ ਪੱਤਰਕਾਰੀ ਡਰਾਉਦੀ ਹੈ। ਉਸ ਨੇ ਆਪਣੀਆਂ ਰਿਪੋਰਟਾਂ ਵਿਚ ਦਿਖਾਇਆ ਹੈ ਕਿ ਉਸ ਨੂੰ ਆਪਣੀ ਮਾਂ ਭੂਮੀ ਨਾਲ ਕਿੰਨਾ ਪਿਆਰ ਹੈ, ਜਿਹੜਾ ਹਾਕਮ ਬਰਦਾਸ਼ਤ ਨਹੀਂ ਕਰ ਸਕਦੇ। ਗੁਰਮੀਤ ਕੌਰ ਨੇ ਲਿਖਿਆ ਹੈਅੰਗਦ ਦਾ ਕੱਦ 6 ਫੁੱਟ 5 ਇੰਚ ਹੈ। ਜਹਾਜ਼ ਵਿਚ ਛੋਟੀ ਥਾਂ ਕਰਕੇ ਲੰਮੀ ਉਡਾਵ ਕਾਰਨ ਉਸ ਦੀ ਪਿੱਠ ਵਿਚ ਦਰਦ ਹੋ ਰਿਹਾ ਹੋਵੇਗਾ, ਜਿਸ ਕਾਰਨ ਉਹ ਲੇਟਣਾ ਚਾਹੁੰਦਾ ਰਿਹਾ ਹੋਵੇਗਾ। ਇਸ ਦੇ ਬਾਵਜੂਦ ਮੈਂ ਚਾਹੁੰਦੀ ਹਾਂ ਕਿ ਮੇਰਾ ਬੇਟਾ ਹੋਰ ਮਜ਼ਬੂਤ ਬਣੇ। ਸੱਚ ਤੇ ਨਿਆਂ ਲਈ ਲੜਨ ਵਾਲਾ ਸਿੱਖ ਪੱਤਰਕਾਰ ਬਣਨਾ ਆਸਾਨ ਨਹੀਂ ਹੈ। ਸੱਚ ਬੋਲਣ ਦੀ ਕੀਮਤ ਸਾਨੂੰ ਚੁਕਾਉਣੀ ਪੈਂਦੀ ਹੈ। ਅੰਗਦ ਦਾ ਜਨਮ ਤੇ ਪਰਵਰਿਸ਼ ਅਮਰੀਕਾ ਵਿਚ ਹੋਈ ਹੈ, ਪਰ ਉਹ ਅਕਸਰ ਪੰਜਾਬ ਆਉਦਾ ਰਹਿੰਦਾ ਹੈ। ਨਿਊਜ਼ ਇੰਟਰਟੇਨਮੈਂਟ ਕੰਪਨੀ ‘ਵਾਈਸ’ ਲਈ ਦੱਖਣੀ ਏਸ਼ੀਆ ਕਵਰ ਕਰਨ ਵਾਲੇ ਅੰਗਦ ਦੀ ਸ਼ਾਹੀਨ ਬਾਗ ਦੇ ਪ੍ਰੋਟੈੱਸਟ ਉਤੇ ਡਾਕੂਮੈਂਟਰੀ ਦੀ ਕਾਫੀ ਚਰਚਾ ਹੋਈ ਸੀ।
ਕੁਝ ਦਿਨ ਪਹਿਲਾਂ ਦਲਿਤਾਂ ’ਤੇ ਡਾਕੂਮੈਂਟਰੀ ਬਣਾਉਣ ਲਈ ਉਹ ਭਾਰਤ ਆਉਣ ਵਾਲਾ ਸੀ, ਪਰ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ ਸੀ। ਹੁਣ ਉਹ ਪਰਵਾਰ ਨੂੰ ਮਿਲਣ ਆ ਰਿਹਾ ਸੀ।