ਯੋਗੀ ਬਲੈਕ ਕਮੇਡੀ ਕਰ ਰਹੇ : ਸਟਾਲਿਨ

0
12

ਚੇਨਈ : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਵੀਰਵਾਰ ਯੂ ਪੀ ਦੇ ਆਪਣੇ ਹਮਰੁਤਬਾ ਯੋਗੀ ਅਦਿੱਤਿਆਨਾਥ ਦੀ ਭਾਸ਼ਾ ਵਿਵਾਦ ਬਾਰੇ ਟਿੱਪਣੀ ਨੂੰ ‘ਸਭ ਤੋਂ ਗੂੜ੍ਹੀ ਸਿਆਸੀ ਬਲੈਕ ਕਮੇਡੀ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾ ਦਾ ਸੂਬਾ ਤਾਮਿਲਨਾਡੂ ਕਿਸੇ ਭਾਸ਼ਾ ਦਾ ਵਿਰੋਧ ਨਹੀਂ ਕਰ ਰਿਹਾ, ਸਗੋਂ ਇਸ ਨੂੰ ‘ਥੋਪੇ ਜਾਣ ਅਤੇ ਅੰਧ-ਰਾਸ਼ਟਰਵਾਦ’ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾ ਦਾਅਵਾ ਕੀਤਾ ਕਿ ਦੋ ਭਾਸ਼ਾਵਾਂ ਦੀ ਨੀਤੀ ਅਤੇ ਨਿਰਪੱਖ ਹਲਕਾਬੰਦੀ ’ਤੇ ਤਾਮਿਲਨਾਡੂ ਦੀ ਨਿਰਪੱਖ ਅਤੇ ਦਿ੍ਰੜ੍ਹ ਆਵਾਜ਼ ਦੇਸ਼ ਭਰ ਵਿੱਚ ਗੂੰਜ ਰਹੀ ਹੈ ਅਤੇ ਇਸ ਤੋਂ ਭਾਜਪਾ ਸਪੱਸ਼ਟ ਤੌਰ ’ਤੇ ਪਰੇਸ਼ਾਨ ਹੈ। ਸਟਾਲਿਨ ਨੇ ਇਹ ਟਿੱਪਣੀਆਂ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ਉੱਤੇ ਪਾਈ ਇਕ ਪੋਸਟ ਵਿੱਚ ਕੀਤੀਆਂ ਹਨ। ਉਨ੍ਹਾ ਕਿਹਾ, ‘ਅਤੇ ਹੁਣ ਮਾਣਯੋਗ ਯੋਗੀ ਅਦਿੱਤਿਆਨਾਥ ਸਾਨੂੰ ਨਫਰਤ ’ਤੇ ਭਾਸ਼ਣ ਦੇਣਾ ਚਾਹੁੰਦੇ ਹਨ? ਸਾਨੂੰ ਬਖਸ਼ੋ। ਇਹ ਵਿਡੰਬਨਾ ਨਹੀਂ ਹੈ, ਇਹ ਸਭ ਤੋਂ ਸਿਆਹ ਸਿਆਸੀ ਬਲੈਕ ਕਮੇਡੀ ਹੈ। ਅਸੀਂ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ; ਅਸੀਂ ਕੁਝ ਵੀ ਥੋਪੇ ਜਾਣ ਅਤੇ ਸ਼ਾਵਨਵਾਦ ਦਾ ਵਿਰੋਧ ਕਰਦੇ ਹਾਂ।
ਇਹ ਵੋਟਾਂ ਲਈ ਦੰਗੇ ਦੀ ਰਾਜਨੀਤੀ ਨਹੀਂ, ਇਹ ਸਨਮਾਨ ਅਤੇ ਨਿਆਂ ਦੀ ਲੜਾਈ ਹੈ।’ ਸਟਾਲਿਨ ਯੋਗੀ ਦੇ ਦੋਸ਼ਾਂ ’ਤੇ ਪ੍ਰਤੀਕਿਰਿਆ ਦੇ ਰਹੇ ਸਨ ਕਿ ਡੀ ਐੱਮ ਕੇ ਸਰਕਾਰ ਭਾਸ਼ਾ ਦੇ ਮੁੱਦੇ ਦੀ ਵਰਤੋਂ ਕਰਕੇ ਫੁੱਟ-ਪਾਊ ਚਾਲਾਂ ਚੱਲ ਰਹੀ ਹੈ।
ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਕੇ ਅੰਨਾਮਾਲਾਈ ਨੇ ਸੱਤਾਧਾਰੀ ਡੀ ਐੱਮ ਕੇ ਦੇ ਪ੍ਰਧਾਨ ਸਟਾਲਿਨ ’ਤੇ ਹਮਲਾਵਰ ਹੁੰਦਿਆਂ ਕਿਹਾ ਹੈ, ‘ਪੂਰਾ ਦੇਸ਼ ਹੁਣ ਜਾਣਦਾ ਹੈ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਪਰਵਾਰ ਕੋਲ ਪ੍ਰਾਈਵੇਟ ਸਕੂਲਾਂ ਦੀ ਮਾਲਕੀ ਹੈ, ਜੋ ਤਿੰਨ ਭਾਸ਼ਾਵਾਂ ਅਤੇ ਹੋਰ ਪੜ੍ਹਾਉਂਦੇ ਹਨ, ਪਰ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਉਸੇ ਨੀਤੀ ਦਾ ਵਿਰੋਧ ਕਰਦੇ ਹਨ।’