ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਖੇਡੇ ਤਿੰਨ ਨਾਟਕਾਂ ਨੇ ਬੁਲੰਦ ਆਵਾਜ਼ ਵਿੱਚ ਸੁਨੇਹਾ ਦਿੱਤਾ ਕਿ ਸਾਮਰਾਜੀ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਦੁਆਰਾ ਲੋਕਾਂ ਖਿਲਾਫ਼ ਬੋਲਿਆ ਆਰਥਕ ਅਤੇ ਫਾਸ਼ੀ ਹੱਲਾ ਲੋਕਾਂ ਨੂੰ ਉੱਠ ਖੜ੍ਹੇ ਹੋਣ ਅਤੇ ਲੋਕ ਤਾਕਤ ਨਾਲ਼ ਹੱਲਾ ਪਛਾੜਨ ਲਈ ਸੰਘਰਸ਼ ਦੇ ਰਾਹ ਤੁਰਨ ਦਾ ਸੁਨੇਹਾ ਦਿੰਦਾ ਹੈ।ਦੇਸ਼ ਭਗਤ ਯਾਦਗਾਰ ਹਾਲ ’ਚ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿਚ ਸ਼ਮ੍ਹਾ ਰੌਸ਼ਨ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਤਲ ਸਿੰਘ ਸੰਘਾ ਵਿੱਤ ਸਕੱਤਰ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ, ਹਾਜ਼ਰ ਕਮੇਟੀ ਮੈਂਬਰ ਤਿੰਨਾਂ ਨਾਟਕ ਟੀਮਾਂ ਦੇ ਨਿਰਦੇਸ਼ਕ ਹਰਜੀਤ ਸਿੰਘ, ਨੀਰਜ ਕੌਸ਼ਿਕ ਅਤੇ ਅਸ਼ੋਕ ਕਲਿਆਣ ਨੇ ਰੰਗਮੰਚ, ਜ਼ਿੰਦਗੀ ਅਤੇ ਸੰਗਰਾਮ ਦੀ ਜੋਟੀ ਮਜ਼ਬੂਤ ਕਰਨ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ।
ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗ਼ਦਰੀ ਦੇਸ਼ ਭਗਤਾਂ ਅਤੇ ਉਹਨਾਂ ਦਾ ਫ਼ਰੇਰਾ ਉਠਾ ਕੇ ਤੁਰਦੀਆਂ ਸਭਨਾਂ ਲਹਿਰਾਂ ਨੇ ਲੋਕ ਪੱਖੀ- ਰੰਗਮੰਚ ਨੂੰ ਹਮੇਸ਼ਾ ਹੀ ਮਾਣਮੱਤਾ ਸਥਾਨ ਦਿੱਤਾ ਹੈ। ਦੇਸ਼ ਭਗਤ ਯਾਦਗਾਰ ਹਾਲ ਦੇ ਦਰਵਾਜ਼ੇ ਲੋਕ-ਪੱਖੀ ਰੰਗਮੰਚ ਲਈ ਸਦਾ ਹੀ ਖੁੱਲ੍ਹੇ ਹਨ।
ਅਮੋਲਕ ਸਿੰਘ ਨੇ ਕਿਹਾ ਕਿ ਜ਼ਿੰੰਦਗੀ ਦੇ ਰੰਗਮੰਚ ਦਾ ਇਕ ਹੀ ਦਿਹਾੜਾ ਨਹੀਂ ਹੁੰਦਾ, ਰੰਗਮੰਚ ਹਰ ਰੋਜ਼ ਦਰਿਆਵਾਂ ਦੀ ਤਰ੍ਹਾਂ ਵਗਦਾ ਹੈ ਅਤੇ ਸਮਾਜ ਅੰਦਰ ਨਵੀਂ ਖੁਸ਼ਹਾਲ ਅਤੇ ਸਾਂਝੀਵਾਲਤਾ ਭਰੀ ਜ਼ਿੰਦਗੀ ਦੇ ਰੰਗ ਭਰਦਾ ਹੈ। ਉਹਨਾ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਰੰਗਮੰਚ ਨਿਰਦੇਸ਼ਕ, ਲੇਖਕ ਜਿਓਡੋਰਸ ਟੇਰਜੋਪੋਲੋਸ ਦੇ ਵਿਸ਼ਵ ਭਰ ਦੀਆਂ ਭਾਸ਼ਾਵਾਂ ਵਿਚ ਆਏ ਪੈਗ਼ਾਮ ਦਾ ਸਾਰ-ਤੱਤ ਸਾਂਝਾ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਰੰਗਮੰਚ ਪਿੰਜਰੇ ਵਿਚ ਕੈਦ ਜ਼ਿੰਦਗੀ ਨੂੰ ਸੰਵਾਦ ਕਰਨ ਅਤੇ ਪਰਵਾਜ਼ ਭਰਨ ਲਈ ਪ੍ਰੇਰਦਾ ਹੈ। ਅਣਸੁਲਝੇ ਸਵਾਲਾਂ ਦੇ ਜਵਾਬ ਲੱਭਣ ਦੀ ਚੇਤਨਾ ਪੈਦਾ ਕਰਦਾ ਹੈ। ਵਿਸ਼ਵ ਰੰਗਮੰਚ ਦਿਹਾੜਾ ਸਮਾਗਮ ਮੌਕੇ ਦਵਿੰਦਰ ਗਿੱਲ ਦਾ ਲਿਖਿਆ ਹਰਜੀਤ ਦੁਆਰਾ ਨਿਰਦੇਸ਼ਤ ‘ਇੱਕ ਬਟਾ ਜ਼ੀਰੋ’ ਨਾਟਕ ਚਿਹਰੇ ਰੰਗਮੰਚ ਟੀਮ ਵੱਲੋਂ ਖੇਡਿਆ ਗਿਆ।ਇਹ ਨਾਟਕ ਨਵੇਂ ਵਰਕੇ ਖੋਲ੍ਹ ਗਿਆ ਕਿ ਕਿਵੇਂ ਅਮਰੀਕੀ ਸਾਮਰਾਜਵਾਦ ਅਤੇ ਵਿਸ਼ਵ ਵਪਾਰ ਸੰਗਠਨ ਵਰਗੀਆਂ ਸੰਸਥਾਵਾਂ ਆਪ ਹੀ ਖੇਤੀ ਨੂੰ ਤਬਾਹ ਕਰਨ ਲਈ ਨਵੀਆਂ ਨੀਤੀਆਂ ਤੇ ਕਾਲ਼ੇ ਕਾਨੂੰਨ ਲਾਗੂ ਕਰ ਰਹੀਆਂ ਹਨ ਅਤੇ ਉਲਟਾ ਕਿਸਾਨਾਂ, ਮਜ਼ਦੂਰਾਂ ਦੀ ਮੰਦਹਾਲੀ ਲਈ ਜ਼ਿੰਮੇਵਾਰ ਵੀ ਇਹਨਾਂ ਖੇਤਾਂ ਦੇ ਪੁੱਤਾਂ ਨੂੰ ਠਹਿਰਾ ਰਹੀਆਂ ਹਨ। ਅਦਾਕਾਰਾਂ ਦੀ ਜਾਣ-ਪਹਿਚਾਣ ਮੈਡਮ ਬਲਜੀਤ ਬੱਲ ਨੇ ਬਾਖ਼ੂਬੀ ਭਰੇ ਅੰਦਾਜ਼ ਵਿਚ ਕਰਵਾਈ।ਨੀਰਜ ਕੌਸ਼ਿਕ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਜ਼ੰਜੀਰੇਂ’ ਸਟਾਈਲ ਆਰਟਸ ਐਸੋਸੀਏਸ਼ਨ ਇਹ ਸੁਨੇਹਾ ਦੇ ਗਿਆ ਕਿ ਸਾਡਾ ਇਤਿਹਾਸਕ ਵਿਰਸਾ ਤਾਂ ਆਪਣੇ ਮੁਲਕ ਦੀ ਆਜ਼ਾਦੀ ਲਈ ਪ੍ਰਦੇਸ਼ ਤੋਂ ਵੀ ਵਹੀਰਾਂ ਘੱਤ ਕੇ ਆਉਣ ਦਾ ਹੈ। ਅੱਜ ਸਾਡੀ ਦੁਰਦਸ਼ਾ ਅਜਿਹੀ ਬਣਾ ਧਰੀ ਹੈ ਕਿ ਸਾਡੀ ਜੁਆਨੀ ਨੂੰ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਜ਼ਲੀਲ ਕਰਦੇ ਹੋਏ ਡੰਗਰਾਂ ਵਾਂਗ ਨੂੜ ਕੇ ਵਾਪਸ ਭੇਜਿਆ ਜਾ ਰਿਹਾ ਹੈ। ਨਾਟਕ ਆਪਣੇ ਗੌਰਵਸ਼ਾਲੀ ਇਤਿਹਾਸ ਦੀ ਮਸ਼ਾਲ ਜਗਦੀ ਰੱਖਣ ਦਾ ਪੈਗ਼ਾਮ ਸਫ਼ਲਤਾ ਨਾਲ਼ ਦੇ ਗਿਆ। ਗੁਰਸ਼ਰਨ ਭਾਅ ਜੀ ਦਾ ਲਿਖਿਆ ਅਤੇ ਅਸ਼ੋਕ ਕਲਿਆਣ ਦਾ ਨਿਰਦੇਸ਼ਤ ਨਾਟਕ ‘ਇਨਕਲਾਬ ਜ਼ਿੰਦਾਬਾਦ’ ਫਰੈਂਡਜ਼ ਥੀਏਟਰ ਗਰੁੱਪ ਵੱਲੋਂ ਖੇਡਿਆ ਗਿਆ।ਇਸ ਨਾਟਕ ਨੇ ਦਰਸਾਇਆ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੁਪਨਿਆਂ ਦਾ ਨਿਜ਼ਾਮ ਸਿਰਜਣ ਲਈ ਅਜੇ ਲੰਮੀਆਂ ਵਾਟਾਂ ਤੈਅ ਕਰਨਾ ਜ਼ਰੂਰੀ ਹੈ।





