284 ਜਣੇ ਦੇਸ਼ ਦੀ ਇੱਕ-ਤਿਹਾਈ ਦੌਲਤ ਦੇ ਮਾਲਕ

0
15

ਨਵੀਂ ਦਿੱਲੀ : 284 ਭਾਰਤੀ ਅਰਬਪਤੀਆਂ ਕੋਲ ਦੇਸ਼ ਦੀ ਕੁਲ ਘਰੇਲੂ ਪੈਦਾਵਾਰ (ਜੀ ਡੀ ਪੀ) ਦੇ ਇੱਕ-ਤਿਹਾਈ ਜਿੰਨੀ ਦੌਲਤ ਹੈ। ਹੁਰੂਨ ਗਲੋਬਲ ਰਿਚ ਲਿਸਟ ਮੁਤਾਬਕ ਗੌਤਮ ਅਡਾਨੀ, ਜਿਹੜਾ ਗੁਜਰਾਤ ਦੇ ਅਹਿਮਦਾਬਾਦ ਸਥਿਤ ਹੈੱਡਕੁਆਰਟਰ ਵਾਲੇ ਸਨਅਤੀ ਘਰਾਣੇ ਦਾ ਮੁਖੀ ਹੈ, ਦੀ ਦੌਲਤ ਇੱਕ ਲੱਖ ਕਰੋੜ ਰੁਪਏ ਵਧ ਕੇ 8.4 ਲੱਖ ਕਰੋੜ ਹੋ ਗਈ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਮੁਕੇਸ਼ ਅੰਬਾਨੀ ਦੀ ਦੌਲਤ 13 ਫੀਸਦੀ ਘਟ ਕੇ 8.6 ਲੱਖ ਕਰੋੜ ’ਤੇ ਆ ਗਈ ਹੈ, ਪਰ ਉਹ ਏਸ਼ੀਆ ਦਾ ਨੰਬਰ ਵਨ ਅਮੀਰ ਦਾ ਰੁਤਬਾ ਕਾਇਮ ਰੱਖਣ ਵਿੱਚ ਕਾਇਮ ਰਿਹਾ ਹੈ। ਅਡਾਨੀ, ਜਿਸ ਨੂੰ ਹਿੰਡਨਬਰਗ ਰਿਪੋਰਟ ਕਾਰਨ ਧੱਕਾ ਲੱਗਾ ਸੀ, ਪਿਛਲੇ ਸਾਲ 13 ਫੀਸਦੀ ਦੌਲਤ ਵਧਾਉਣ ਵਿੱਚ ਸਫਲ ਰਿਹਾ ਹੈ। ਭਾਰਤ ਵਿੱਚ 284 ਅਰਬਪਤੀ ਹਨ, ਜਿਨ੍ਹਾਂ ਦੀ ਦੌਲਤ ਵਿੱਚ 10 ਫੀਸਦੀ (98 ਲੱਖ ਕਰੋੜ) ਦਾ ਵਾਧਾ ਹੋਇਆ ਹੈ। ਇਹ ਦੇਸ਼ ਦੀ ਜੀ ਡੀ ਪੀ ਦਾ ਇੱਕ-ਤਿਹਾਈ ਬਣਦਾ ਹੈ। ਭਾਰਤ ਹਰੇਕ ਅਰਬਪਤੀ ਦੀ ਔਸਤ ਦੌਲਤ ਦੇ ਮਾਮਲੇ ਵਿੱਚ ਚੀਨ ਨੂੰ ਟੱਪ ਗਿਆ ਹੈ। ਭਾਰਤ ਵਿੱਚ ਅਰਬਪਤੀ ਕੋਲ ਔਸਤਨ 34514 ਕਰੋੜ ਦੀ ਦੌਲਤ ਹੈ, ਜਦਕਿ ਚੀਨ ਵਿੱਚ 29027 ਕਰੋੜ ਦੀ।
15 ਜਨਵਰੀ ਤੱਕ ਹਿਸਾਬ ਲਾਉਣ ਵਾਲੀ ਰਿਪੋਰਟ ਮੁਤਾਬਕ 175 ਅਰਬਪਤੀ ਭਾਰਤੀਆਂ ਦੀ ਦੌਲਤ ਵਿੱਚ ਪਿਛਲੇ ਇੱਕ ਸਾਲ ਦੌਰਾਨ ਵਾਧਾ ਹੋਇਆ, ਜਦਕਿ 109 ਅਰਬਪਤੀਆਂ ਦੀ ਦੌਲਤ ਘਟੀ ਜਾਂ ਸਾਵੀਂ ਰਹੀ। ਰੋਸ਼ਨੀ ਨਾਡਾਰ ਸਾਢੇ ਤਿੰਨ ਲੱਖ ਕਰੋੜ ਦੀ ਦੌਲਤ ਨਾਲ ਸਭ ਤੋਂ ਅਮੀਰ ਭਾਰਤੀ ਮਹਿਲਾ ਬਣ ਗਈ ਹੈ। ਦੁਨੀਆ ਦੀਆਂ ਅਮੀਰ ਮਹਿਲਾਵਾਂ ਵਿੱਚ ਪੰਜਵੇਂ ਨੰਬਰ ’ਤੇ ਪੁੱਜ ਗਈ ਹੈ। ਅਜਿਹਾ ਉਸ ਦੇ ਪਿਤਾ ਵੱਲੋਂ ਐੱਚ ਸੀ ਐੱਲ ਵਿੱਚ ਆਪਣੀ 47 ਫੀਸਦੀ ਹਿੱਸੇਦਾਰੀ ਉਸ ਨੂੰ ਟਰਾਂਸਫਰ ਕਰਨ ਨਾਲ ਹੋਇਆ ਹੈ। ਸ਼ਹਿਰਾਂ ਦੇ ਹਿਸਾਬ ਨਾਲ ਮੁੰਬਈ ਵਿੱਚ 11 ਅਰਬਪਤੀ ਸੁਪਰ-ਰਿਚ ਲੋਕਾਂ ਵਿੱਚ ਸ਼ਾਮਲ ਹੋਏ ਹਨ। ਹੁਣ ਸ਼ਹਿਰ ਵਿੱਚ ਅਰਬਪਤੀਆਂ ਦੀ ਗਿਣਤੀ 90 ਹੋ ਗਈ ਹੈ, ਪਰ ਮੁੰਬਈ ਏਸ਼ੀਆ ਵਿੱਚ ਸਭ ਤੋਂ ਵੱਧ ਅਰਬਪਤੀਆਂ ਦੀ ਰਾਜਧਾਨੀ ਵਜੋਂ ਆਪਣਾ ਰੁਤਬਾ ਚੀਨ ਦੇ ਸ਼ੰਘਾਈ ਨੂੰ ਗੁਆ ਬੈਠੀ ਹੈ। ਉੱਥੇ 92 ਅਰਬਪਤੀ ਹੋ ਗਏ ਹਨ। ਭਾਰਤ ਵਿੱਚ ਸਭ ਤੋਂ ਵੱਧ 53 ਅਰਬਪਤੀ ਹੈੱਲਥ ਕੇਅਰ ਸੈਕਟਰ ਦੇ ਹਨ। ਇਸ ਤੋਂ ਬਾਅਦ ਕੰਜ਼ਿਊਮਰ ਗੁਡਜ਼ ’ਚ 35 ਤੇ ਸਨਅਤੀ ਉਤਪਾਦਨ ਵਿੱਚ 32 ਨਵੇਂ ਅਰਬਪਤੀ ਸ਼ਾਮਲ ਹੋਏ ਹਨ। ਭਾਰਤੀ ਅਰਬਪਤੀਆਂ ਦੀ ਔਸਤ ਉਮਰ 68 ਸਾਲ ਹੈ। ਇਹ ਸੰਸਾਰ ਔਸਤ ਨਾਲੋਂ ਦੋ ਸਾਲ ਵੱਧ ਹੈ। 34 ਸਾਲਾ ਸ਼ੰਸ਼ਾਕ ਕੁਮਾਰ ਤੇ ਰਾਜ਼ੋਪੇ ਦਾ ਹਰਸ਼ਿਲ ਮਾਥੁਰ 8643 ਕਰੋੜ ਦੀ ਦੌਲਤ ਨਾਲ ਸਭ ਤੋਂ ਛੋਟੀ ਉਮਰ ਦੇ ਹਨ।
ਟੈਸਲਾ ਤੇ ਸਪੇਸਐੱਕਸ ਵਰਗੀਆਂ ਕੰਪਨੀਆਂ ਦਾ ਮਾਲਕ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਿਆ ਹੋਇਆ ਹੈ। ਡੋਨਾਲਡ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਉਸ ਦੀ ਦੌਲਤ 82 ਫੀਸਦੀ (189 ਅਰਬ ਡਾਲਰ) ਵਧੀ ਹੈ। ਉਸ ਦੀ ਦੌਲਤ 34.32 ਲੱਖ ਕਰੋੜ ਹੈ। ਐਮਾਜ਼ੋਨ ਦਾ ਬਾਨੀ ਜੈਫ ਬੇਜੋਸ 22.83 ਲੱਖ ਕਰੋੜ ਨਾਲ ਦੂਜੇ ਨੰਬਰ ’ਤੇ ਹੈ। ਇਸ ਰਿਪੋਰਟ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਰਕਰਾਂ ਦੀਆਂ ਉਜਰਤਾਂ ਦੀ ਗੰਭੀਰ ਹਾਲਤ ਦਾ ਮੁੱਦਾ ਚੁੱਕਿਆ ਸੀ। ਉਨ੍ਹਾ ਕੌਮਾਂਤਰੀ ਕਿਰਤ ਜਥੇਬੰਦੀ (ਆਈ ਐੱਲ ਓ) ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਸੀ ਕਿ ਭਾਰਤ ਵਿੱਚ ਉਜਰਤ ਵਾਧਾ 2006 ਵਿੱਚ 9.3 ਫੀਸਦੀ ਤੋਂ ਘਟ ਕੇ 2023 ਵਿੱਚ 0.1 ਫੀਸਦੀ ’ਤੇ ਆ ਗਿਆ ਸੀ।
ਖੜਗੇ ਨੇ ਮੋਦੀ ਸਰਕਾਰ ’ਤੇ ਆਰਥਕ ਨਾਬਰਾਬਰੀ ਨੂੰ ਮੁਢਲੇ ਬਸਤੀਵਾਦੀ ਦੌਰਾਂ ਵਰਗੀ ਕਰ ਦੇਣ ਦਾ ਦੋਸ਼ ਲਾਇਆ ਸੀ। ਉਨ੍ਹਾ ਕਿਹਾ ਸੀ ਕਿ ਪਿਛਲੇ 78 ਸਾਲਾਂ ਵਿੱਚ ਆਮ ਲੋਕਾਂ ਨੂੰ ਆਰਥਕ ਤੌਰ ’ਤੇ ਕਿਸੇ ਸਰਕਾਰ ਨੇ ਏਨਾ ਕਮਜ਼ੋਰ ਨਹੀਂ ਕੀਤਾ, ਜਿੰਨਾ ਮੋੋਦੀ ਸਰਕਾਰ ਨੇ ਕੀਤਾ ਹੈ। ਜੇ ਕਿਸੇ ਕੋਲ ਚੰਗੀ ਡਿਗਰੀ ਜਾਂ ਸਕਿੱਲ ਜੌਬ ਹੈ, ਉਸ ਨੂੰ ਵੀ ਦੁਨੀਆ ਵਿੱਚ ਸੱਤਵੀਂ ਸਭ ਤੋਂ ਹੇਠਲੀ ਉਜਰਤ ਮਿਲ ਰਹੀ ਹੈ। ਸਰਕਾਰ ਨੇ ਟੈਕਸ, ਨੋਟ ਪਸਾਰਾ ਵਧਾ ਕੇ ਤੇ ਆਰਥਕ ਕੁਪ੍ਰਬੰਧ ਨਾਲ ਦਰਮਿਆਨੇ ਤਬਕੇ ਦਾ ਕਚੂੰਬਰ ਕੱਢ ਦਿੱਤਾ ਹੈ, ਜਦਕਿ ਸਰਕਾਰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਢੋਲ ਪਿੱਟ ਰਹੀ ਹੈ।