ਪਟਿਆਲਾ (ਧਾਲੀਵਾਲ) -ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨਿਰਮਲ ਸਿੰਘ ਧਾਲੀਵਾਲ, ਕਨਵੀਨਰ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਬਿਕਰਮਜੀਤ ਸ਼ਰਮਾ, ਨਸੀਬ ਚੰਦ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਾਪਦਾ ਹੈ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਸਕੱਤਰੇਤ ਵਿੱਚ ਬੈਠੀ ਆਈ ਏ ਐੱਸ ਅਫਸਰਾਂ ਦੀ ਤਾਕਤਵਰ ਲਾਬੀ ਕੋਈ ਪ੍ਰਵਾਹ ਨਹੀਂ ਕਰਦੀ | ਹੋਰ ਅਨੇਕਾਂ ਮਿਸਾਲਾਂ ਹਨ ਪਰ ਇੱਕ ਆਈ ਏ ਐੱਸ ਅਫਸਰ ਪੀ ਆਰ ਟੀ ਸੀ ਦੇ 10000 ਕਰਮਚਾਰੀਆਂ ਨੂੰ ਭੁੱਖੇ ਮਾਰਨ ਦੀਆਂ ਕਾਰਵਾਈਆਂ ਕਰ ਰਿਹਾ ਹੈ | ਜਿਸ ਨੇ ਪੀ.ਆਰ.ਟੀ.ਸੀ. ਨੂੰ ਔਰਤਾਂ ਦੇ ਮੁਫ਼ਤ ਸਫਰ ਦੇ ਸਰਕਾਰ ਤੋਂ ਮਿਲਣ ਵਾਲੇ ਪੈਸਿਆਂ ‘ਤੇ ਬੇਲੋੜੇ ਇਤਰਾਜ਼ ਲਾ ਕੇ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਤੋਂ ਵਾਂਝੇ ਕਰ ਦਿੱਤਾ ਹੈ | 26 ਤਾਰੀਖ ਤੱਕ ਵੀ ਤਨਖਾਹ-ਪੈਨਸ਼ਨ ਨਹੀਂ ਮਿਲੀ | ਕਰਮਚਾਰੀਆਂ ਵਿੱਚ ਘਰ ਦੇ ਗੁਜ਼ਾਰੇ ਮੁਸ਼ਕਲ ਹੋ ਜਾਣ ਕਾਰਨ ਹਾਹਾਕਾਰ ਮਚੀ ਪਈ ਹੈ | ਖੁਦ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਨੂੰ ਪਤਾ ਵੀ ਹੈ ਕਿ ਪੰਜਾਬ ਸਰਕਾਰ ਨੇ ਮੁਫਤ ਸਫਰ ਬਦਲੇ ਪੀ.ਆਰ.ਟੀ.ਸੀ. ਦੇ 250 ਕਰੋੜ ਰੁਪਏ ਦੇਣੇ ਹਨ, ਪਰ ਇਹ ਬੇਦਰਦ ਅਫਸਰਸ਼ਾਹੀ ਆਪਣੇ ਗਰੂਰ ਵਿੱਚ ਅੜਿੱਕੇ ਡਾਹੁਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕਰਦੀ |
ਪੀ.ਆਰ.ਟੀ.ਸੀ. ਦੇ ਮੁੱਖ ਦਫਤਰ ਵਿਖੇ ਦਫਤਰਾਂ ਅਤੇ ਵਰਕਸ਼ਾਪ ਦੇ ਸੈਂਕੜੇ ਕਰਮਚਾਰੀ ਆਪਣਾ ਕੰਮ ਛੱਡ ਕੇ ਬਾਹਰ ਖੜੇ ਹੋ ਕੇ ਮੰਗ ਕਰ ਰਹੇ ਸਨ ਕਿ ਸਾਡੀ ਤਨਖਾਹ ਦੱਸੋ ਕਦੋਂ ਦਿਉਗੇ | ਵਰਕਰਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਵੀ ਸੀ ਅਤੇ ਨਿਰਾਸ਼ਤਾ ਵੀ ਸੀ | ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂਆਂ ਨੇ ਵਰਕਰਾਂ ਕੋਲ ਪਹੁੰਚ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਅਤੇ ਐਕਸ਼ਨ ਕਮੇਟੀ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ-ਧਰਨੇ ਹੋਰ ਤੇਜ਼ ਕਰਨ ਦੀ ਅਤੇ ਸਖਤ ਕਦਮ ਚੁੱਕਣ ਦੀ ਗੱਲ ਆਖੀ | ਬਾਅਦ ਵਿੱਚ ਐਕਸ਼ਨ ਕਮੇਟੀ ਦੇ ਆਗੂਆਂ ਨੇ ਫੈਸਲਾ ਕੀਤਾ ਕਿ 29 ਅਗਸਤ ਸੋਮਵਾਰ ਨੂੰ ਬੱਸ ਸਟੈਂਡ ਪਟਿਆਲਾ ਦੇ ਨੇੜੇ ਚੌਂਕ ਵਿੱਚ ਇੱਕ ਹਜ਼ਾਰ ਤੋਂ ਵੱਧ ਕਰਮਚਾਰੀ ਅਤੇ ਪੈਨਸ਼ਨਰ ਜ਼ੋਰਦਾਰ ਰੋਸ ਮੁਜ਼ਾਹਰਾ ਕਰਕੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਬੇਲੋੜੇ ਇਤਰਾਜ਼ ਲਾਉਣ ਵਾਲੇ ਆਈ.ਏ.ਐੱਸ. ਅਧਿਕਾਰੀ ਸੁਮੇਰ ਗੁਰਜਰ, ਸਕੱਤਰ ਸੋਸ਼ਲ ਸਕਿਉਰਟੀ, ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਅਗਲੇ ਸਖਤ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ | ਜਿਸ ਵਿੱਚ ਮੁਫ਼ਤ ਸਫਰ ਸਹੂਲਤਾਂ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਬੰਦ ਕਰਨਾ ਹੋਵੇਗਾ | ਆਗੂਆਂ ਨੇ ਕਿਹਾ ਕਿ ਸਾਨੂੰ ਇਹ ਵੀ ਪਤਾ ਹੈ ਕਿ ਸਰਕਾਰ ਅੰਦਰ ਕੰਮ ਕਰਦੀ ਪ੍ਰਾਈਵੇਟ ਬੱਸ ਮਾਫੀਏ ਦੀ ਲਾਬੀ ਇਹ ਸਫਰ ਸਹੂਲਤਾਂ ਪ੍ਰਾਈਵੇਟ ਮਾਫੀਏ ਰਾਹੀਂ ਸ਼ੁਰੂ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਵੱਡੇ ਪੱਧਰ ‘ਤੇ ਭਿ੍ਸ਼ਟਾਚਾਰ ਦਾ ਰਾਹ ਖੋਲਿ੍ਹਆ ਜਾ ਸਕੇ | ਇਸੇ ਮਕਸਦ ਕਾਰਨ ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਨੂੰ ਵਿੱਤੀ ਤੌਰ ‘ਤੇ ਤੰਗ ਕਰਕੇ ਅਜਿਹੇ ਕਦਮ ਚੁੱਕਣ ਲਈ ਉਕਸਾਇਆ ਜਾ ਰਿਹਾ ਹੈ |