ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸ਼ੁੱਕਰਵਾਰ ਹਮਲੇ ਕਰਦਿਆਂ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਨੇ ਆਮ ਆਦਮੀ ਪਾਰਟੀ ਖਿਲਾਫ ਸਾਜ਼ਿਸ਼ ਰਚੀ ਹੈ ਤਾਂ ਕਿ ਇਕ ਵਿਅਕਤੀ ਦੀ ‘ਸੱਤਾ ਦੀ ਹਵਸ’ ਨੂੰ ਪੂਰਾ ਕੀਤਾ ਜਾ ਸਕੇ | ਦਿੱਲੀ ਵਿਧਾਨ ਸਭਾ ਵਿਚ ਬਿਆਨ ਦਿੰਦਿਆਂ ਉਨ੍ਹਾ ਭਾਜਪਾ ‘ਤੇ ਦੇਸ਼ ਵਿਰੋਧੀ ਹੋਣ ਦਾ ਦੋਸ਼ ਲਗਾਉਂਦਿਆਂ ‘ਆਪ’ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਖੇਤਰ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ | ਉਨ੍ਹਾ ਨੇ ਮਨੀਸ਼ ਸਿਸੋਦੀਆ ਨੂੰ ਕਲੀਨ ਚਿੱਟ ਦਿੰਦਿਆਂ ਉਨ੍ਹਾ ਖਿਲਾਫ ਸੀ ਬੀ ਆਈ ਵੱਲੋਂ ਮਾਰੇ ਗਏ ਛਾਪੇ ਨੂੰ ‘ਦੇਸ਼ ਵਿਰੋਧੀ’ ਤਾਕਤਾਂ ਵੱਲੋਂ ਕੀਤੀ ਗਈ ਇਕ ਸਾਜ਼ਿਸ਼ ਦੱਸਿਆ | ਉਨ੍ਹਾ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕੋਈ ਘਪਲਾ ਨਹੀਂ ਹੋਇਆ ਹੈ ਤੇ ਸੀ ਬੀ ਆਈ ਵੱਲੋਂ ਇਮਾਨਦਾਰ ਵਿਅਕਤੀਆਂ ਨੂੰ ਨਿਸਾਨਾ ਬਣਾਇਆ ਗਿਆ ਹੈ |
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ 14 ਘੰਟੇ ਦੀ ਛਾਪੇਮਾਰੀ ਦੌਰਾਨ ਸੀ ਬੀ ਆਈ ਦੇ ਅਧਿਕਾਰੀਆਂ ਨੇ ਉਨ੍ਹਾ ਤੇ ਇੱਥੋਂ ਤੱਕ ਕਿ ਉਨ੍ਹਾ ਦੇ ਬੱਚਿਆਂ ਦੇ ਕੱਪੜਿਆਂ ਦੀ ਵੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ | ਉਹ (ਭਾਜਪਾ) ਸੂਬਾ ਸਰਕਾਰਾਂ ਨੂੰ ਡੇਗਣ ਲਈ ‘ਸੀਰੀਅਲ ਕਿਲਰ’ ਵਾਂਗ ਕੰਮ ਕਰ ਰਹੀ ਹੈ |