13.8 C
Jalandhar
Monday, December 23, 2024
spot_img

ਗ਼ਦਰ ਲਹਿਰ ਅੱਜ ਵੀ ਪ੍ਰਸੰਗਕ, ਪੂੰਜੀਵਾਦ ਦਾ ਆਧਾਰ ਲੁੱਟ ‘ਤੇ ਟਿਕਿਆ

ਜਲੰਧਰ :  ਆਜ਼ਾਦੀ ਦੀ ਜੱਦੋਜਹਿਦ ਦੀ ਮਹਾਨ ਸੰਗਰਾਮਣ ਦੁਰਗਾ ਭਾਬੀ ਨੂੰ ਸਮਰਪਤ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਸ਼ੁੱਕਰਵਾਰ ਦੇਸ਼ ਭਗਤ ਯਾਦਗਾਰ ਹਾਲ ‘ਚ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋਇਆ | ਪੰਜਾਬ ਦੇ ਕੋਨੇ-ਕੋਨੇ ਤੋਂ ਵਿਦਿਆਰਥੀਆਂ ਦੇ ਕਾਫ਼ਲੇ ਚੇਤਨਾ ਕੈਂਪ ‘ਚ ਪੂਰੀ ਉਤਸ਼ਾਹ ਨਾਲ ਜੁੜੇ | ਦੁਰਗਾ ਭਾਬੀ ਅਤੇ ਸਮੂਹ ਆਜ਼ਾਦੀ ਸੰਗਰਾਮੀਆਂ ਨੂੰ ਸਿਜਦਾ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ | ਸਮੂਹ ਸਿਖਿਆਰਥੀਆਂ ਨੇ ਜਦੋਂ ਖੜ੍ਹੇ ਹੋ ਕੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਅਤੇ ਅਣਥੱਕ ਕਾਮਿਆਂ ਨੂੰ ਪ੍ਰਣਾਮ ਕੀਤਾ ਤਾਂ ਉਸ ਵੇਲੇ ਪਿੱਠ-ਭੂਮੀ ‘ਚੋਂ ਉੱਠੇ ਸਰਫ਼ਰੋਸੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ | ਦੇਖਨਾ ਹੈ ਜ਼ੋਰ ਕਿਤਨਾ, ਬਾਜ਼ੂ-ਏ-ਕਾਤਲ ਮੇਂ ਹੈ ਗੀਤ ਨੇ ਫਾਂਸੀ ਦੇ ਰੱਸੇ ਚੁੰਮਣ, ਕਾਲ਼ੇ ਪਾਣੀਆਂ ‘ਚ ਜ਼ਿੰਦਗੀ ਭਰ ਤਿਲ-ਤਿਲ ਕਰਕੇ ਕੁਰਬਾਨ ਹੋਇਆਂ ਦੀ ਅਦੁੱਤੀ ਦੇਣ ਦੇ ਦਿ੍ਸ਼ ਸਿਖਿਆਰਥੀਆਂ ਦੇ ਅੱਖਾਂ ਵਿੱਚ ਉਤਾਰ ਦਿੱਤੇ | ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਐਕਟਿੰਗ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕੈਂਪ ‘ਚ ਬੋਲਦਿਆਂ ਕਿਹਾ ਕਿ ਸਿਖਿਆਰਥੀ ਚੇਤਨਾ ਕੈਂਪ ਦੀ ਸਾਰਥਕਤਾ ਅਤੇ ਸਫ਼ਲਤਾ ਇਸ ਗੱਲ ਵਿੱਚ ਸਮੋਈ ਹੈ ਕਿ ਤੁਸੀਂ ਸੁਆਲ ਕਰਨਾ ਸਿੱਖੋ | ਜ਼ਿੰਦਗੀ ‘ਚ ਗਹਿਰੀ ਘੋਖ-ਪੜਤਾਲ ਕਰਦਿਆਂ ਵਿਗਿਆਨਕ ਨਜ਼ਰੀਏ ਰਾਹੀਂ ਅਤੇ ਸਮਾਜ ਦੇ ਦਰੜੇ ਲੋਕ-ਹਿੱਸਿਆਂ ਲਈ ਚੇਤਨਾ ਵੰਡਣਾ ਆਪਣੇ ਜੀਵਨ ਦਾ ਆਦਰਸ਼ ਬਣਾ ਸਕੋ | ਦੇਸ਼ ਭਗਤ ਯਾਦਗਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਇਤਿਹਾਸਕ ਵਿਰਾਸਤ ਤੋਂ ਰੌਸ਼ਨੀ ਲੈਂਦਿਆਂ, ਸਾਡੇ ਸਮੇਂ ਨਾਲ ਪ੍ਰਸੰਗਕਤਾ ਸਮਝਦਿਆਂ ਭਵਿੱਖ਼ਮੁਈ ਹੋ ਕੇ ਤੁਰਨ ਦੀ ਜਾਂਚ ਸਿੱਖਣ ਦੀ ਲੋੜ ਹੈ | ਚੇਤਨਾ ਕੈਂਪ ਇਸ ਦਿਸ਼ਾ ‘ਚ ਹੀ ਇੱਕ ਯਤਨ ਹੈ, ਜੋ ਸਿਖਿਆਰਥੀਆਂ ਨੂੰ ਨਵੀਂ ਸੇਧ ਦੇਣ ਦਾ ਕੰਮ ਕਰੇਗਾ |
ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ ਦੀ ਕਲਮ ਤੋਂ ਲਿਖੀ ਪੁਸਤਕ ‘ਮਹਾਨ ਵੀਰਾਂਗਣਾ ਬੀਬੀ ਗੁਲਾਬ ਕੌਰ’ ਲੋਕ ਅਰਪਣ ਕੀਤੀ ਗਈ | ਇਸ ਉਪਰੰਤ ਉਨ੍ਹਾ ਨੇ ਚੇਤਨਾ ਕੈਂਪ ਦੇ ਪਹਿਲੇ ਸੈਸ਼ਨ ‘ਚ ਆਪਣੀ ਤਕਰੀਰ ਰਾਹੀਂ ਅਮਰੀਕਾ ਦੀ ਧਰਤੀ ‘ਤੇ ਗ਼ਦਰ ਪਾਰਟੀ ਅਤੇ ‘ਗ਼ਦਰ’ ਅਖ਼ਬਾਰ ਦੀ ਆਧਾਰਸ਼ਿਲਾ, ਪ੍ਰੋਗਰਾਮ ਅਤੇ ਮੁਲਕ ਦੀ ਆਜ਼ਾਦੀ ਲਈ ‘ਦੇਸ਼ ਨੂੰ ਚੱਲੋ’ ਦੇ ਬਿਰਤਾਂਤ ਬਾਰੇ ਚਾਨਣਾ ਪਾਇਆ | ‘ਗ਼ਦਰ ਲਹਿਰ ਅਤੇ ਦੇਸ਼ ਭਗਤ ਯਾਦਗਾਰ ਹਾਲ’ ਵਿਸ਼ੇ ‘ਤੇ ਬੋਲਦਿਆਂ ਚਰੰਜੀ ਲਾਲ ਕੰਗਣੀਵਾਲ ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਇਤਿਹਾਸਕਤਾ, ਅਗਲੀਆਂ ਪੀੜ੍ਹੀਆਂ ਨੂੰ ਦੇਣ ਅਤੇ ਲੋਕ ਸਰੋਕਾਰਾਂ ਨਾਲ ਕਦਮ ਤਾਲ ਕਰਕੇ ਹੋ ਰਹੀਆਂ ਨਿਰੰਤਰ ਸਰਗਰਮੀਆਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਕੈਂਪ ਦੇ ਦੂਜੇ ਸੈਸ਼ਨ ਦਾ ਆਗਾਜ਼ ਦਰਸ਼ਨ ਖਟਕੜ ਦੀ ਲਿਖੀ ਪੁਸਤਕ ‘ਪੂੰਜੀ ਨੂੰ ਪੜ੍ਹਦੇ ਪੜ੍ਹਦੇ’ ਲੋਕ ਅਰਪਣ ਕਰਨ ਨਾਲ ਹੋਇਆ | ਇਸ ਉਪਰੰਤ ਦਰਸ਼ਨ ਖਟਕੜ ਨੇ ‘ਸੰਸਾਰ ਵਿਆਪੀ ਆਰਥਕ ਸੰਕਟ’ ਵਿਸ਼ੇ ਉਪਰ ਬੋਲਦੇ ਹੋਏ ਕਿਹਾ ਕਿ ਕੁਦਰਤੀ ਅਨਮੋਲ ਖਜ਼ਾਨਿਆਂ ਅਤੇ ਮਨੁੱਖੀ ਕਿਰਤ ਉਪਰ ਧਾਵੇ ਬੋਲਕੇ ਜੱਫਾ ਮਾਰਕੇ, ਧਾੜਵੀ ਮੁਲਕਾਂ ਦੇ ਹੁਕਮਰਾਨਾਂ ਨੇ ਧਨ ਦੇ ਅੰਬਾਰ ਲਗਾ ਲਏ | ਅਜਿਹੀ ਕਿਰਿਆ ਦਾ ਨਤੀਜਾ ਦੁਨੀਆਂ ਭਰ ਦੇ ਲੋਕਾਂ ਦੀ ਕੰਗਾਲੀ, ਮੰਦਹਾਲੀ ਅਤੇ ਜਬਰ ਜ਼ੁਲਮ ਦੀ ਮਾਰ ‘ਚ ਨਿਕਲਿਆ | ਪੂੰਜੀਵਾਦੀ ਪ੍ਰਬੰਧ ਲੁੱਟ-ਖੋਹ ਦੀ ਅੰਨ੍ਹੀ ਦੌੜ ‘ਚ ਐਨਾ ਗ਼ਲਤਾਨ ਹੋਇਆ ਕਿ ਦੋ ਵਿਸ਼ਵ ਜੰਗਾਂ ਦੇ ਜਬਾੜਿ੍ਹਆਂ ਵਿੱਚ ਵਿਸ਼ਵ ਭਰ ਦੇ ਲੋਕਾਂ ਨੂੰ ਧੱਕ ਦਿੱਤਾ | ਪੂਰੀ ਦੁਨੀਆਂ ਨੂੰ ਲੁੱਟਣ, ਕੁੱਟਣ, ਵੰਡਣ ਅਤੇ ਜਬਰ ਦੇ ਭੱਠ ਝੋਕਣ ਲਈ ਮਜਬੂਰ ਕਰਕੇ ਵਾਲੇ ਵਿਸ਼ਵ ਦੇ ਪੂੰਜੀਪਤੀ ਖ਼ਿਲਾਫ਼ ਦੁਨੀਆਂ ਅੰਦਰ ਇੱਕ ਤੀਜੀ ਚੁਣੌਤੀ ਬਣ ਕੇ ਮਜ਼ਦੂਰ ਜਮਾਤ ਦੀ ਕਰਾਂਤੀ ਦਾ ਉਠਾਣ ਉੱਠ ਖੜ੍ਹਾ ਹੋਇਆ | ਇਸ ਇਨਕਲਾਬੀ ਸਮਾਜਕ ਤਬਦੀਲੀ ਨੇ ਦੁਨੀਆਂ ਭਰ ਦੀ ਲੋਟੂ ਜਮਾਤ ਨੂੰ ਕਾਂਬਾ ਛੇੜ ਦਿੱਤਾ | ਉਨ੍ਹਾ ਕਿਹਾ ਕਿ ਪੂੰਜੀਵਾਦ ਦਾ ਆਧਾਰ ਹੀ ਲੁੱਟ ਉਪਰ ਟਿਕਿਆ ਹੋਇਆ ਹੈ | ਇਸ ਕਰਕੇ ਇਸ ਦਾ ਬੁਨਿਆਦੀ ਚਰਿਤਰ ਹੀ ਅਮਾਨਵੀ ਹੈ | ਚੇਤਨਾ ਕੈਂਪ ‘ਚ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਰਮਿੰਦਰ ਪਟਿਆਲਾ, ਵਿਜੈ ਬੰਬੇਲੀ, ਪ੍ਰੋ. ਗੋਪਾਲ ਬੁੱਟਰ ਆਦਿ ਸ਼ਾਮਲ ਸਨ | ਸਿਖਿਆਰਥੀਆਂ ਨੇ ਬਹੁਤ ਮਹੱਤਵਪੂਰਣ ਸੁਆਲ ਖੜ੍ਹੇ ਕੀਤੇ, ਜਿਨ੍ਹਾਂ ਦੇ ਬਹੁਤ ਹੀ ਸਾਰਥਕ ਅਤੇ ਪ੍ਰਭਾਵਸ਼ਾਲੀ ਅੰਦਾਜ਼ ‘ਚ ਦਰਸ਼ਨ ਖਟਕੜ ਨੇ ਜੁਆਬ ਦਿੱਤੇ | ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ‘ਚ ਸਮੂਹ ਸਿਖਿਆਰਥੀਆਂ ਨੇ ਲਾਇਬ੍ਰੇਰੀ, ਮਿਊਜ਼ੀਅਮ, ਹੋਮ ਥੀਏਟਰ, ਵੱਖ-ਵੱਖ ਹਾਲ ਅਤੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੁੰਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਬਹੁਤ ਹੀ ਨੀਝ ਨਾਲ ਮਿਊਜ਼ੀਅਮ ਅਤੇ ਲਾਇਬੇ੍ਰਰੀ ਤੋਂ ਪੇ੍ਰਰਨਾ ਲਈ | ਜਨਤਾ ਅਤੇ ਔਕਸਫੋਰਡ ਹਸਪਤਾਲ ਵੱਲੋਂ ਲਗਾਏ ਮੈਡੀਕਲ ਕੈਂਪ ਦਾ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ | ਮੰਚ ਸੰਚਾਲਕ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਨਿਭਾਈ |

Related Articles

LEAVE A REPLY

Please enter your comment!
Please enter your name here

Latest Articles