15 ਕਿਲੋ ਹੈਰੋਇਨ ਸਣੇ ਗਿ੍ਰਫਤਾਰ

0
153

ਝਬਾਲ/ਚੰਡੀਗੜ੍ਹ (ਹਰਜਿੰਦਰ ਸੋਨੀ/
ਗੁਰਜੀਤ ਬਿੱਲਾ)
ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਕਰਾਰਾ ਝਟਕਾ ਦਿੰਦਿਆਂ ਤਰਨ ਤਾਰਨ ਪੁਲਸ ਨੇ ਪਾਕਿਸਤਾਨ ਅਤੇ ਅਮਰੀਕਾ ਅਧਾਰਤ ਡਰੱਗ ਸਿੰਡੀਕੇਟ ਨਾਲ ਸੰਬੰਧਤ ਨਸ਼ਾ ਤਸਕਰ ਨੂੰ 15 ਕਿਲੋ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਹੈ।ਡੀ ਜੀ ਪੀ ਗੌਰਵ ਯਾਦਵ ਮੁਤਾਬਕ ਮੁਲਜ਼ਮ ਦੀ ਪਛਾਣ ਹਰਸ਼ਪ੍ਰੀਤ ਸਿੰਘ ਵਾਸੀ ਰੋੜਾਂਵਾਲਾ, ਅੰਮਿ੍ਰਤਸਰ ਵਜੋਂ ਹੋਈ ਹੈ। ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਸ ਨੇੇ ਮੁਲਜ਼ਮ ਵੱਲੋਂ ਨਸ਼ਾ ਤਸਕਰੀ ਲਈ ਵਰਤੀ ਜਾ ਰਹੀ ਚਿੱਟੇ ਰੰਗ ਦੀ ਐਕਟਿਵਾ ਵੀ ਜ਼ਬਤ ਕੀਤੀ ਹੈ। ਇਹ ਸਫਲਤਾ ਤਰਨ ਤਾਰਨ ਪੁਲਸ ਵੱਲੋਂ 6 ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਗਿ੍ਰਫ਼ਤਾਰ ਕਰਕੇ ਨਸ਼ਾ ਤਸਕਰੀ ਗਰੋਹ ਦਾ ਪਰਦਾ ਫਾਸ਼ ਕਰਨ ਦੇ ਇੱਕ ਦਿਨ ਬਾਅਦ ਪ੍ਰਾਪਤ ਹੋਈ ਹੈ।ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਖੇਪ ਅਮਰੀਕਾ ਅਧਾਰਤ ਤਸਕਰ ਗੁਰਨਾਮ ਕਾਲੋਵਾਲ, ਜੋ ਪਾਕਿਸਤਾਨ ਅਧਾਰਤ ਨਸ਼ਾ ਤਸਕਰ ਪਹਿਲਵਾਨ ਨਾਲ ਜੁੜਿਆ ਹੋਇਆ ਹੈ, ਵੱਲੋਂ ਚਲਾਏ ਜਾ ਰਹੇ ਤਸਕਰੀ ਨੈੱਟਵਰਕ ਨਾਲ ਸੰਬੰਧਤ ਹੈ। ਉਹ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਖੇਪ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਿਹਾ ਸੀ। ਉਨ੍ਹਾ ਦੱਸਿਆ ਕਿ ਹਰਸ਼ਪ੍ਰੀਤ ਸਰਹੱਦੀ ਖੇਤਰ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਕੇ ਇਸ ਨੂੰ ਸਥਾਨਕ ਨਸ਼ਾ ਤਸਕਰਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ ਅਤੇ ਅਮਰੀਕਾ ਅਧਾਰਤ ਆਪਣੇ ਹੈਂਡਲਰ ਦੇ ਇਸ਼ਾਰੇ ’ਤੇ ਨਸ਼ੀਲੇ ਪਦਾਰਥਾਂ ਦੇ ਪੈਸੇ ਹਵਾਲਾ ਚੈਨਲਾਂ ਰਾਹੀਂ ਭੇਜ ਰਿਹਾ ਸੀ। ਹਰਸ਼ਪ੍ਰੀਤ ਨੂੰ ਰੱਖ ਸਰਾਏ ਅਮਾਨਤ ਖਾਂ ਖੇਤਰ ਤੋਂ ਉਸ ਸਮੇਂ ਗਿ੍ਰਫਤਾਰ ਕਰ ਲਿਆ, ਜਦੋਂ ਉਹ ਆਪਣੀ ਐਕਟਿਵਾ ’ਤੇ ਕਿਸੇ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਜਾ ਰਿਹਾ ਸੀ।