ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਮੰਗਲਵਾਰ ਨੂੰ ਪੂਜਾ ਸਥਾਨ (ਵਿਸ਼ੇਸ਼ ਉਪਬੰਧ) ਐਕਟ, 1991 ਦੀਆਂ ਵਿਵਸਥਾਵਾਂ ਦੀ ਵਾਜਬੀਅਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗੀ। ਇਹ ਐਕਟ ਪੂਜਾ ਦੇ ਕਿਸੇ ਵੀ ਸਥਾਨ ਦੇ ਚਰਿੱਤਰ ਨੂੰ ਲਾਜ਼ਮੀ ਤੌਰ ’ਤੇ 15 ਅਗਸਤ, 1947 ਦੀ ਹਾਲਤ ਮੁਤਾਬਕ ਬਣਾਈ ਰੱਖਣ ਦੇ ਆਦੇਸ਼ ਦਿੰਦਾ ਹੈ। ਹਾਲਾਂਕਿ, ਅਯੁੱਧਿਆ ਵਿਖੇ ਰਾਮ ਜਨਮਭੂਮੀ-ਬਾਬਰੀ ਮਸਜਿਦ ਨਾਲ ਸੰਬੰਧਤ ਵਿਵਾਦ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ।
ਪਟੀਸ਼ਨ ਵਿੱਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਅਦਾਲਤਾਂ ਨੂੰ ਪੂਜਾ ਸਥਾਨ ਦੇ ਅਸਲ ਧਾਰਮਿਕ ਚਰਿੱਤਰ ਦਾ ਪਤਾ ਲਗਾਉਣ ਲਈ ਢੁੱਕਵੇਂ ਆਦੇਸ਼ ਪਾਸ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਇਸ ਤਹਿਤ ਕਾਨੂੰਨ ਦੀ ਧਾਰਾ 4(2) ਨੂੰ ਚੁਣੌਤੀ ਦਿੱਤੀ ਗਈ ਹੈ, ਜੋ ਧਾਰਮਿਕ ਚਰਿੱਤਰ ਨੂੰ ਬਦਲਣ ਦੀ ਕਾਰਵਾਈ ’ਤੇ ਰੋਕ ਲਗਾਉਂਦੀ ਹੈ। ਇਸ ਤੋਂ ਇਲਾਵਾ ਇਸ ਲਈ ਨਵੇਂ ਕੇਸ ਦਾਇਰ ਕਰਨ ’ਤੇ ਵੀ ਪਾਬੰਦੀ ਲਗਾਉਂਦੀ ਹੈ।