ਗੈਰਕਾਨੂੰਨੀ ਅਮਰੀਕਾ ਭੇਜਣ ਵਾਲਾ ਗਿ੍ਰਫਤਾਰ

0
13

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਏ ਐੱਨ ਆਈ) ਨੇ ਇੱਕ ਵਿਅਕਤੀ ਨੂੰ ਬਦਨਾਮ ‘ਡੰਕੀ’ ਰੂਟ ਰਾਹੀਂ ਗੈਰਕਾਨੂੰਨੀ ਤੌਰ ’ਤੇ ਅਮਰੀਕਾ ਭੇਜਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਗਗਨਦੀਪ ਸਿੰਘ ਉਰਫ ਗੋਲਡੀ ਨੂੰ ਐਤਵਾਰ ਗਿ੍ਰਫਤਾਰ ਕਰ ਲਿਆ।
ਐੱਨ ਆਈ ਏ ਨੇ ਦੱਸਿਆ ਹੈ ਕਿ ਗੋਲਡੀ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਇੱਕ ਪੀੜਤ ਨੇ ਲੱਗਭੱਗ 45 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਪੀੜਤ ਨੂੰ ਦਸੰਬਰ 2024 ਵਿੱਚ ‘ਡੰਕੀ’ ਰਸਤੇ ਅਮਰੀਕਾ ਭੇਜਿਆ ਗਿਆ ਸੀ। ਉਸ ਨੂੰ ਅਮਰੀਕੀ ਅਧਿਕਾਰੀਆਂ ਨੇ 15 ਫਰਵਰੀ ਨੂੰ ਭਾਰਤ ਡਿਪੋਰਟ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਏਜੰਟ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਹ ਮਾਮਲਾ ਅਸਲ ਵਿੱਚ ਪੰਜਾਬ ਪੁਲਸ ਵੱਲੋਂ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ 13 ਮਾਰਚ ਨੂੰ ਏ ਐੱਨ ਆਈ ਨੇ ਇਸ ਨੂੰ ਆਪਣੇ ਹੱਥ ਵਿੱਚ ਲੈ ਲਿਆ। ਜਾਂਚ ਤੋਂ ਪਤਾ ਲੱਗਿਆ ਕਿ ਗੋਲਡੀ, ਜਿਸ ਕੋਲ ਲੋਕਾਂ ਨੂੰ ਵਿਦੇਸ਼ ਭੇਜਣ ਲਈ ਕੋਈ ਲਾਇਸੈਂਸ ਜਾਂ ਕਾਨੂੰਨੀ ਪਰਮਿਟ ਜਾਂ ਰਜਿਸਟਰੇਸ਼ਨ ਨਹੀਂ ਸੀ, ਨੇ ‘ਡੰਕੀ’ ਰਸਤੇ ਦੀ ਵਰਤੋਂ ਕੀਤੀ ਸੀ ਅਤੇ ਪੀੜਤ ਨੂੰ ਸਪੇਨ, ਅਲ ਸਲਵਾਡੋਰ, ਗੁਆਟੇਮਾਲਾ ਤੇ ਮੈਕਸੀਕੋ ਆਦਿ ਰਾਹੀਂ ਅਮਰੀਕਾ ਭੇਜਿਆ ਸੀ।
ਗੋਲਡੀ ਦੇ ਸਹਿਯੋਗੀਆਂ ਨੇ ਪੀੜਤ ਨੂੰ ਕੁੱਟਿਆ-ਮਾਰਿਆ ਅਤੇ ਸ਼ੋਸ਼ਣ ਵੀ ਕੀਤਾ, ਇਸ ਤੋਂ ਇਲਾਵਾ ਉਹ ਜੋ ਡਾਲਰ ਲੈ ਕੇ ਜਾ ਰਿਹਾ ਸੀ, ਉਨ੍ਹਾਂ ਨੂੰ ਰਸਤੇ ਵਿੱਚ ਖੋਹ ਲਿਆ ਗਿਆ।