ਚੰਡੀਗੜ੍ਹ : ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਪੁਲਸ ਮੁਲਾਜ਼ਮਾਂ ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾ ਦੇ ਬੇਟੇ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਲੈ ਕੇ ਕਰਨਲ ਦਾ ਪਰਵਾਰ ਸੋਮਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਿਆ। ਜਿੱਥੇ ਪਰਵਾਰ ਨੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਦੁਹਰਾਈ, ਉਥੇ ਮੁੱਖ ਮੰਤਰੀ ਨੇ ਨਿਰਪੱਖ ਜਾਂਚ ਕਰਾਉਣ ਤੇ ਇਨਸਾਫ ਦਿਵਾਉਣ ਦਾ ਯਕੀਨ ਦਿਵਾਇਆ। ਮੁੱਖ ਮੰਤਰੀ ਨਾਲ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ, ਉਨ੍ਹਾ ਦੇ ਪਰਵਾਰਕ ਮੈਂਬਰਾਂ ਤੇ ਹਮਾਇਤੀਆਂ ਨੇ ਮੁਲਾਕਾਤ ਕੀਤੀ।
ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਕੌਰ ਬਾਠ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਚੌਥੀ ਵਾਰ ਸਿੱਟ ਬਦਲੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕਿਵੇਂ ਪੁਲਸ ਮੁਲਾਜ਼ਮਾਂ ਨੂੰ ਬਚਾਉਣ ਲੱਗੀ ਹੋਈ ਹੈ। ਉਨ੍ਹਾ ਮੰਗ ਕੀਤੀ ਕਿ ਐੱਸ ਐੱਸ ਪੀ ਪਟਿਆਲਾ ਡਾ. ਨਾਨਕ ਸਿੰਘ ਨੂੰ ਬਦਲਿਆ ਜਾਵੇ। ਉਨ੍ਹਾ ਨੂੰ ਪੰਜਾਬ ਪੁਲਸ ਤੋਂ ਇਨਸਾਫ ਮਿਲਣ ਦਾ ਭਰੋਸਾ ਨਹੀਂ ਹੈ। ਇਸ ਲਈ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ। ਇਸੇ ਦੌਰਾਨ ਨਵੀਂ ‘ਸਿੱਟ’ ਨੇ ਪਟਿਆਲਾ ਦਾ ਦੌਰਾ ਕਰਕੇ ਲੋੜੀਂਦੇ ਸਬੂਤ ਇਕੱਠੇ ਕੀਤੇ। ਉਸ ਨੇ ਘਟਨਾ ਨਾਲ ਸੰਬੰਧਤ ਸੀ ਸੀ ਟੀ ਵੀ ਫੁਟੇਜ਼ ਵਾਲੀ ਡੀ ਵੀ ਆਰ ਵੀ ਹਾਸਲ ਕੀਤੀ, ਜੋ ਅਗਲੇਰੀ ਜਾਂਚ ਲਈ ਕੇਂਦਰ ਸਰਕਾਰ ਦੀ ਇਕ ਏਜੰਸੀ ਨੂੰ ਭੇਜੀ ਜਾਵੇਗੀ। ਸਿੱਟ ਦੇ ਮੁਖੀ ਵਜੋਂ ਏ ਡੀ ਜੀ ਪੀ ਟਰੈਫਿਕ ਅਮਰਦੀਪ ਸਿੰਘ ਰਾਏ ਦਾ ਕਹਿਣਾ ਸੀ ਕਿ ਐੱਫ ਆਈ ਆਰ ਦਰਜ ਕਰਨ ਵਿੱਚ ਦੇਰੀ ਕਰਨ ਲਈ ਜ਼ਿੰਮੇਵਾਰ ਸਮਝੇ ਜਾਣ ਵਾਲੇ ਪੁਲਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਪੁੱਛ-ਗਿੱਛ ਲਈ ਤਲਬ ਕੀਤਾ ਜਾਵੇਗਾ। ਸਿੱਟ ਵਿੱਚ ਰਾਏ ਦੇ ਨਾਲ ਦੂਜੇ ਮੈਂਬਰ ਹੁਸ਼ਿਆਰਪੁਰ ਦੇ ਐੱਸ ਐੱਸ ਪੀ ਸੰਦੀਪ ਅਤੇ ਮੁਹਾਲੀ ਦੇ ਅੱੈਸ ਪੀ ਮਨਪ੍ਰੀਤ ਸਿੰਘ ਵੀ ਸਨ।




