ਦੇਹਰਾਦੂਨ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰਾ ਮਾਰਗ ਵਿੱਚ ਗੁਰਦੁਆਰਾ ਗੋਬਿੰਦ ਘਾਟ ਕੋਲ ਟੁੱਟਿਆ ਪੁਲ 10 ਅਪਰੈਲ ਤੋਂ ਪਹਿਲਾਂ ਨਵਾਂ ਬਣ ਜਾਵੇਗਾ। ਗੁਰਦੁਆਰਾ ਹੇਮਕੁੰਟ ਸਾਹਿਬ ਦੇ ਆਲੇ-ਦੁਆਲੇ ਜੰਮੀ ਬਰਫ ਨੂੰ ਹਟਾਉਣ ਅਤੇ ਹੋਰ ਕਾਰਜ ਵਿਸਾਖੀ ਤੋਂ ਬਾਅਦ ਆਰੰਭ ਹੋ ਜਾਣਗੇ। ਲਕਸ਼ਮਣ ਗੰਗਾ ਨਦੀ ’ਤੇ ਬਣਿਆ ਪੁਲ ਪੰਜ ਮਾਰਚ ਨੂੰ ਵੱਡੀਆਂ ਢਿੱਗਾਂ ਡਿੱਗਣ ਕਾਰਨ ਟੁੱਟ ਗਿਆ ਸੀ। ਪੁਲ ਦਾ ਨਿਰਮਾਣ ਕਾਰਜ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਅੱਗ ਨਾਲ ਭੈਣ-ਭਰਾ ਦੀ ਮੌਤ
ਨਵੀਂ ਦਿੱਲੀ : ਇੱਥੇ ਪੂਰਬੀ ਪੰਜਾਬੀ ਬਾਗ ਦੇ ਮਨੋਹਰ ਪਾਰਕ ਇਲਾਕੇ ਦੇ ਘਰ ’ਚ ਐਤਵਾਰ ਰਾਤ ਐੱਲ ਪੀ ਜੀ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਲੱਗੀ ਭਿਆਨਕ ਅੱਗ ਵਿੱਚ ਭੈਣ-ਭਰਾ ਸਾਕਸ਼ੀ (14) ਤੇ ਆਕਾਸ਼ (7) ਦੀ ਮੌਤ ਹੋ ਗਈ। ਘਟਨਾ ਉਸ ਸਮੇਂ ਵਾਪਰੀ, ਜਦੋਂ ਸਵਿਤਾ (34) ਖਾਣਾ ਬਣਾ ਰਹੀ ਸੀ। ਸਵਿਤਾ ਤੇ ਉਸ ਦੀ 11 ਸਾਲਾ ਧੀ ਮਿਨਾਕਸ਼ੀ ਵਾਲ-ਵਾਲ ਬਚ ਗਏ, ਪਰ ਬੇਟਾ ਆਕਾਸ਼ ਅਤੇ ਬੇਟੀ ਸਾਕਸ਼ੀ ਕਮਰੇ ਵਿੱਚ ਫਸ ਗਏ।
ਹੌਲਨਾਕ ਹਾਦਸੇ ’ਚ 3 ਨੌਜਵਾਨਾਂ ਦੀ ਮੌਤ
ਮੁਹਾਲੀ : ਸੋਮਵਾਰ ਤੜਕੇ ਕੁਰਾਲੀ-ਬੱਦੀ ਸੜਕ ਉਤੇ ਬੂਥਗੜ੍ਹ ਲਾਈਟ ਪੁਆਇੰਟ ’ਤੇ ਕਾਰ ਅਤੇ ਅਣਪਛਾਤੇ ਵਾਹਨ ਵਿਚਕਾਰ ਟੱਕਰ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਮਿ੍ਰਤਕਾਂ ਦੀ ਪਛਾਣ ਸ਼ੁਭਮ ਜਟਵਾਲ, ਜੋ ਕਿ ਪੰਜਾਬ ਯੂਨੀਵਰਸਿਟੀ ਵਿੱਚ ਫੋਰੈਂਸਿਕ ਸਾਇੰਸ ਵਿੱਚ ਪੀ ਐੱਚ ਡੀ ਦਾ ਵਿਦਿਆਰਥੀ ਸੀ ਅਤੇ ਮੁੰਡਿਆਂ ਦੇ ਹੋਸਟਲ ਨੰਬਰ 3 ਵਿਚ ਰਹਿੰਦਾ ਸੀ; ਸੌਰਭ ਪਾਂਡੇ, ਜੋ ਕਿ ਹਿਊਮਨ ਜੀਨੋਮ ਵਿਭਾਗ ਦਾ ਸਾਬਕਾ ਪੀ ਯੂ ਵਿਦਿਆਰਥੀ ਸੀ ਅਤੇ ਇੱਕ ਮੁਟਿਆਰ ਰੁਬੀਨਾ ਵਜੋਂ ਹੋਈ ਹੈ। ਜ਼ਖਮੀ ਦੀ ਪਛਾਣ ਮਾਨਵੇਂਦਰ ਵਜੋਂ ਹੋਈ ਹੈ ਅਤੇ ਉਹ ਵੀ ਪੀ ਯੂ ਵਿੱਚ ਫੋਰੈਂਸਿਕ ਸਾਇੰਸ ਵਿੱਚ ਇੱਕ ਖੋਜਾਰਥੀ ਹੈ। ਹਾਦਸੇ ਵਿੱਚ ਸ਼ਾਮਲ ਦੂਜੀ ਗੱਡੀ ਦਾ ਪਤਾ ਨਹੀਂ ਲੱਗਾ। ਪੁਲਸ ਸੀ ਸੀ ਟੀ ਵੀ ਫੁਟੇਜ ਦੀ ਘੋਖ ਕਰ ਰਹੀ ਹੈ।