ਸ਼ਾਹਕੋਟ (ਗਿਆਨ ਸੈਦਪੁਰੀ)-ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਅਤੁਲ ਕੁਮਾਰ ਅਨਜਾਨ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭੁਪਿੰਦਰ ਸਾਂਬਰ ਨੇ ਕਿਸਾਨਾਂ ਅਤੇ ਪੇਂਡੂ ਭਾਰਤੀਆਂ ਨੂੰ ਪਹਿਲੀ ਸਤੰਬਰ ਨੂੰ ਕੌਮੀ ਪੱਧਰ ‘ਤੇ ਕਿਸਾਨ ਮੰਗ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ | ਇੱਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਹਰ ਸਾਲ ਇੱੱਕ ਸਤੰਬਰ ਨੂੰ ਕਿਸਾਨ ਮੰਗ ਦਿਵਸ ਮਨਾਉਂਦੀ ਆ ਰਹੀ ਹੈ | ਇਸ ਸਾਲ ਵੀ ਆਉਣ ਵਾਲੇ ਇੱਕ ਸਤੰਬਰ ਨੂੰ ਦੇਸ਼ ਪੱਧਰੀ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ | ਖੇਤੀ ਲਾਗਤ ਮੁੱਲ ਘਟਾਉਣਾ, ਡੀਜ਼ਲ, ਪੈਟਰੋਲ ਅਤੇ ਪੈਟਰੋਲੀਅਮ ਵਸਤਾਂ ਦਾ ਰੇਟ ਘੱਟ ਕਰਵਾਉਣਾ, ਕਿਸਾਨਾਂ ਨੂੰ ਸਬਸਿਡੀ ਦੇਣ, ਵਧ ਰਹੀ ਮਹਿੰਗਾਈ ਨੂੰ ਰੋਕਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ, ਸੰਸਦ ਵਿੱਚ ਪੇਸ਼ ਬਿਜਲੀ ਬਿੱਲ ਨੂੰ ਮੁਕੰਮਲ ਰੂਪ ਵਿੱਚ ਵਾਪਸ ਕਰਨ, ਸਹਿਕਾਰੀ ਤੇ ਸਰਕਾਰੀ ਕਰਜ਼ਿਆਂ ਦੀ ਮਾਫੀ, ਅਵਾਰਾ ਪਸ਼ੂਆਂ ਤੋਂ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਰੋਕਣ, ਕਿਸਾਨਾਂ ‘ਤੇ ਚੱਲ ਰਹੇ ਮੁਕੱਦਮੇ ਵਾਪਸ ਕਰਾਉਣ, ਲਖੀਮਪੁਰ ਖੀਰੀ ਦੇ ਕਿਸਾਨਾਂ ਦੀ ਹੱਤਿਆ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਆਦਿ ਮੰਗਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਮਸ਼ਾਲ ਮਾਰਚ, ਰੋਸ ਪ੍ਰਦਰਸ਼ਨ ਅਤੇ ਮੀਟਿੰਗਾਂ ਕਰਨ ਉਪਰੰਤ ਭਾਰਤ ਦੀ ਨਵ-ਨਿਯੁਕਤ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਦੇ ਨਾਂਅ ਮੰਗ ਪੱਤਰ ਦਿੱਤੇ ਜਾਣਗੇ | ਇਹ ਮੰਗ ਪੱਤਰ ਗਵਰਨਰਾਂ ਅਤੇ ਡਿਪਟੀ ਕਮਿਸ਼ਨਰਾਂ ਰਾਹੀਂ ਦਿੱਤੇ ਜਾਣਗੇ | ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਸਰਕਾਰੀ ਕਰਮਚਾਰੀਆਂ, ਵਪਾਰੀਆਂ ਅਤੇ ਪੇਂਡੂ ਭਾਰਤ ਦੇ ਹੋਰ ਵੱਖ-ਵੱਖ ਹਿੱਸਿਆਂ ਦੇ ਸਹਿਯੋਗ ਨਾਲ ਪਹਿਲੀ ਸਤੰਬਰ ਦੇ ਰੋਸ ਦਿਵਸ ਨੂੰ ਸਫਲ ਬਣਾਇਆ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਭਾਰਤ ਦੇ ਕਿਸਾਨ ਸੰਘਰਸ਼ ਦੇ ਰਾਹ ਪਏ ਹੋਏ ਹਨ | ਵੱਖ-ਵੱਖ ਸੂਬਿਆਂ ਵਿੱਚ ਕੁਲ ਹਿੰਦ ਕਿਸਾਨ ਸੰਘਰਸ਼ ਸੰਮਤੀ, ਸੰਯੁਕਤ ਕਿਸਾਨ ਮੋਰਚਾ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਬੈਨਰਾਂ ਹੇਠ ਸੰਘਰਸ਼ ਦਾ ਸਿਲਸਿਲਾ ਜਾਰੀ ਹੈ | ਲੱਗਭੱਗ 13 ਮਹੀਨੇ ਤੱਕ ਕਿਸਾਨਾਂ ਨੇ ਦਿੱਲੀ ਦੇ ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ, ਦਿੱਲੀ ਜੈਪੁਰ ਮਾਰਗ, ਸ਼ਾਹਜਹਾਂਪੁਰ ਬਾਰਡਰ ਅਤੇ ਪਲਵਲ ‘ਤੇ ਕਿਸਾਨਾਂ ਨੇ ਪੱਕੇ ਮੋਰਚੇ ਲਾਈ ਰੱਖੇ | ਨਤੀਜੇ ਦੇ ਤੌਰ ‘ਤੇ ਕੇਂਦਰ ਸਰਕਾਰ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣੇ ਪਏ | ਕੇਂਦਰ ਸਰਕਾਰ ਨੇ ਇਹ ਵੀ ਮੰਨਿਆ ਸੀ ਕਿ ਘੱਟ ਤੋਂ ਘੱਟ ਸਮੱਰਥਨ ਮੁੱਲ ਅਤੇ ਹੋਰ ਮੰਗਾਂ ‘ਤੇ ਕਿਸਾਨਾਂ ਨਾਲ ਜਲਦੀ ਗੱਲਬਾਤ ਕੀਤੀ ਜਾਵੇਗੀ | ਸੰਯਕੁਤ ਕਿਸਾਨ ਮੋਰਚੇ ਨਾਲ ਕੇਂਦਰ ਸਰਕਾਰ ਨੇ ਇੱਕ ਲਿਖਤੀ ਐਗਰੀਮੈਂਟ ਵੀ ਕੀਤਾ ਸੀ | ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਲਿਖਤੀ ਰੂਪ ਵਿੱਚ ਮੰਨੀਆਂ ਗਈਆਂ ਮੰਗਾਂ ਵਿੱਚੋਂ ਇੱਕ ‘ਤੇ ਵੀ ਅਮਲ ਨਹੀਂ ਕੀਤਾ ਗਿਆ | ਕਿਸਾਨਾਂ ਨਾਲ ਸਰਕਾਰ ਨੇ ਧੋਖਾ ਕੀਤਾ ਹੈ | ਅਜਿਹੀਆਂ ਪ੍ਰਸਥਿਤੀਆਂ ਵਿੱਚ ਕਿਸਾਨਾਂ ਨੂੰ ਵੱਡੇ ਸੰਘਰਸ਼ ਲਈ ਕਮਰ ਕੱਸਣੀ ਹੋਵੇਗੀ | ਪਹਿਲੀ ਸਤੰਬਰ ਦਾ ਰੋਸ ਦਿਵਸ ਵੀ ਇਸੇ ਕੜ੍ਹੀ ਦਾ ਹਿੱਸਾ ਹੋਵੇਗਾ |