ਭੱਦਰਵਾਹ (ਜੰਮੂ-ਕਸ਼ਮੀਰ)-ਡੋਡਾ ਜ਼ਿਲ੍ਹੇ ਦੇ ਭਦਰਵਾਹ ਸ਼ਹਿਰ ਵਿੱਚ ਸਨਿੱਚਰਵਾਰ ਇੱਕ ਹਿੰਦੂ ਸਮੂਹ ਦੇ ਆਗੂ ਵੱਲੋਂ ਕਥਿਤ ਤੌਰ ’ਤੇ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟ ਪਾਉਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਸ਼ਹਿਰ ਅੰਸ਼ਕ ਬੰਦ ਹੋ ਗਿਆ। ਇਸ ਕਾਰਨ ਅਧਿਕਾਰੀਆਂ ਨੂੰ ਮੋਬਾਇਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨੀਆਂ ਪਈਆਂ।
ਐੱਸ ਪੀ ਵਿਨੋਦ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਵੀਰੇਂਦਰ ਰਾਜ਼ਦਾਨ ਵਿਰੁੱਧ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾ ਲੋਕਾਂ ਨੂੰ ਅਮਨ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਨਾਤਨ ਧਰਮ ਸਭਾ ਭੱਦਰਵਾਹ ਦੇ ਮੁਖੀ ਰਾਜ਼ਦਾਨ ਨੇ ਕਥਿਤ ਤੌਰ ’ਤੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ ਪੋਸਟ ਕੀਤੀ, ਜਿਸ ਨਾਲ ਹਿੰਦੂ ਅਤੇ ਮੁਸਲਮ ਦੋਵਾਂ ਭਾਈਚਾਰਿਆਂ ਦੇ ਮੈਂਬਰਾਂ ਦਾ ਗੁੱਸਾ ਭੜਕ ਪਿਆ। ਅੰਜੁਮਨ-ਏ-ਇਸਲਾਮੀਆ ਭੱਦਰਵਾਹ ਨੇ ਸਥਾਨਕ ਜਾਮੀਆ ਮਸਜਿਦ ਤੋਂ ਭੱਦਰਵਾਹ ਪੁਲ, ਸਟੇਸ਼ਨ ਤੱਕ ਮਾਰਚ ਕੱਢਿਆ, ਜਿਸ ਵਿੱਚ ਇਤਰਾਜ਼ਯੋਗ ਪੋਸਟ ਰਾਹੀਂ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ੀ ਦੀ ਗਿ੍ਰਫ਼ਤਾਰੀ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਐੱਸ ਪੀ ਵੱਲੋਂ ਕਾਨੂੰਨ ਅਨੁਸਾਰ ਢੁਕਵੀਂ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਪ੍ਰਦਰਸ਼ਨਕਾਰੀ ਖਿੰਡ ਗਏ। ਹਾਲਾਂਕਿ, ਅੰਜੁਮਨ ਦੇ ਸੱਦੇ ’ਤੇ ਸ਼ਹਿਰ ਵਿੱਚ ਦੁਕਾਨਾਂ ਅੰਸ਼ਕ ਤੌਰ ’ਤੇ ਬੰਦ ਰਹੀਆਂ।
ਐੱਸ ਪੀ ਨੇ ਕਿਹਾ ਕਿ ਭਾਰਤੀ ਨਿਆਏ ਸੰਹਿਤਾ (ਬੀ ਐੱਨ ਐੱਸ) ਦੀ ਧਾਰਾ 299 (ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਕੀਤੇ ਗਏ ਅਤੇ ਦੁਰਭਾਵਨਾਪੂਰਨ ਕੰਮ) ਦੇ ਤਹਿਤ ਰਾਜ਼ਦਾਨ ਵਿਰੁੱਧ ਭਦਰਵਾਹ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਗਿ੍ਰਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਨੇ ਕਿਹਾ ਕਿ ਚੌਕਸੀ ਵਜੋਂ ਭੱਦਰਵਾਹ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਮੋਬਾਇਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਭਾਜਪਾ ਦੇ ਸੀਨੀਅਰ ਨੇਤਾ ਅਤੇ ਭੱਦਰਵਾਹ ਪੱਛਮੀ ਤੋਂ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ ਡੀ ਸੀ) ਦੇ ਮੈਂਬਰ ਠਾਕੁਰ ਯੁੱਧਵੀਰ ਸਿੰਘ ਨੇ ਇਸ ਮੰਦਭਾਗੀ ਪੋਸਟ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਰਾਜ਼ਦਾਨ ਨੇ ਆਪਣੀ ਨਿੱਜੀ ਸਮਰੱਥਾ ਵਿੱਚ ਇਹ ਇਤਰਾਜ਼ਯੋਗ ਵੀਡੀਓ ਅਪਲੋਡ ਕੀਤੀ ਹੈ ਅਤੇ ਸਨਾਤਨ ਧਰਮ ਸਭਾ ਭੱਦਰਵਾਹ ਦਾ ਇਸ ਪੋਸਟ ਨਾਲ ਕੋਈ ਤੁਅੱਲਕ ਨਹੀਂ ਹੈ।




