ਨਵੀਂ ਦਿੱਲੀ : ਇੰਦਰਾ ਗਾਂਧੀ ਤੋਂ ਲੈ ਕੇ ਰਾਹੁਲ ਗਾਂਧੀ ਦੇ ਦੌਰ ਤੱਕ ਕਾਂਗਰਸ ਤੇ ਸਰਕਾਰ ਵਿਚ ਅਹਿਮ ਅਹੁਦਿਆਂ ‘ਤੇ ਰਹੇ ਗੁਲਾਮ ਨਬੀ ਆਜ਼ਾਦ ਨੇ ਸ਼ੁੱਕਰਵਾਰ ਇਹ ਕਹਿ ਕੇ ਪਾਰਟੀ ਛੱਡ ਦਿੱਤੀ ਕਿ ਰਾਹੁਲ ਦੇ ਦੌਰ ਵਿਚ ਪਾਰਟੀ ਬਰਬਾਦ ਹੋ ਗਈ | ਆਜ਼ਾਦ, ਜਿਹੜੇ ਕੇਂਦਰੀ ਮੰਤਰੀ ਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵੀ ਰਹੇ, ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਪੰਜ ਸਫਿਆਂ ਦੀ ਚਿੱਠੀ ਵਿਚ ਕਿਹਾ ਹੈ ਕਿ ਉਹ ਬਹੁਤ ਭਾਰੀ ਮਨ ਨਾਲ ਅਜਿਹਾ ਕਰ ਰਹੇ ਹਨ | ਕੁਝ ਲੋਕਾਂ ਦੇ ਕੰਟਰੋਲ ਹੇਠਲੀ ਕਾਂਗਰਸ ਨੇ ਇੱਛਾ ਸ਼ਕਤੀ ਅਤੇ ਸਮਰੱਥਾ ਗੁਆ ਦਿੱਤੀ ਹੈ | ਲੀਡਰਸ਼ਿਪ ਨੂੰ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰਨ ਤੋਂ ਪਹਿਲਾਂ ‘ਕਾਂਗਰਸ ਜੋੜੋ ਯਾਤਰਾ’ ਕਰਨੀ ਚਾਹੀਦੀ ਸੀ |
73 ਸਾਲਾ ਆਜ਼ਾਦ ਨੇ ਚਿੱਠੀ ਵਿਚ ਸੋਨੀਆ ਬਾਰੇ ਲਿਖਿਆ ਹੈ-ਬਿਨਾਂ ਸ਼ੱਕ ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਤੁਸੀਂ ਯੂ ਪੀ ਏ-1 ਤੇ ਯੂ ਪੀ ਏ-2 ਦੇ ਗਠਨ ਵਿਚ ਸ਼ਾਨਦਾਰ ਕੰਮ ਕੀਤਾ | ਇਸ ਸਫਲਤਾ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਤੁਸੀਂ ਪ੍ਰਧਾਨ ਦੇ ਤੌਰ ‘ਤੇ ਬੁੱਧੀਮਾਨ ਸਲਾਹਕਾਰਾਂ ਤੇ ਸੀਨੀਅਰ ਆਗੂਆਂ ਦੇ ਫੈਸਲਿਆਂ ‘ਤੇ ਭਰੋਸਾ ਕੀਤਾ, ਉਨ੍ਹਾਂ ਨੂੰ ਤਾਕਤ ਦਿੱਤੀ ਤੇ ਉਨ੍ਹਾਂ ਦਾ ਖਿਆਲ ਰੱਖਿਆ | ਬਦਕਿਸਮਤੀ ਨਾਲ ਜਦੋਂ ਰਾਹੁਲ ਦੀ ਸਿਆਸਤ ਵਿਚ ਐਂਟਰੀ ਹੋਈ ਤੇ ਤੁਸੀਂ ਉਸ ਨੂੰ ਜਨਵਰੀ 2013 ਵਿਚ ਉਪ ਪ੍ਰਧਾਨ ਬਣਾਇਆ, ਤਦ ਰਾਹੁਲ ਨੇ ਪਾਰਟੀ ਵਿਚ ਚਲੇ ਆ ਰਹੇ ਸਲਾਹ ਦੇ ਸਿਸਟਮ ਨੂੰ ਤਬਾਹ ਕਰ ਦਿੱਤਾ | ਸਾਰੇ ਸੀਨੀਅਰ ਤੇ ਤਜਰਬੇਕਾਰ ਆਗੂਆਂ ਨੂੰ ਗੁੱਠੇ ਲਾ ਦਿੱਤਾ ਗਿਆ ਤੇ ਨਾ ਤਜਰਬੇਕਾਰ ਚਾਪਲੂਸਾਂ ਦਾ ਨਵਾਂ ਗਰੁੱਪ ਬਣ ਗਿਆ, ਜਿਹੜਾ ਪਾਰਟੀ ਚਲਾਉਣ ਲੱਗਾ |
ਆਜ਼ਾਦ ਨੇ ਆਪਣੇ ਬਾਰੇ ਲਿਖਿਆ ਹੈ-ਮੈਂ ਲਗਾਤਾਰ ਚਾਰ ਦਹਾਕੇ ਤਕ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਰਿਹਾ | 35 ਸਾਲ ਤੱਕ ਮੈਂ ਦੇਸ਼ ਦੇ ਹਰ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਪਾਰਟੀ ਦਾ ਜਨਰਲ ਸਕੱਤਰ ਇੰਚਾਰਜ ਰਿਹਾ | ਮੈਂ ਇਹ ਦੱਸਦਿਆਂ ਖੁਸ਼ ਹਾਂ ਕਿ ਜਿਨ੍ਹਾਂ ਰਾਜਾਂ ਵਿਚ ਮੈਂ ਇੰਚਾਰਜ ਰਿਹਾ, ਉਨ੍ਹਾਂ ਵਿਚ 90 ਫੀਸਦੀ ਵਿਚ ਕਾਂਗਰਸ ਨੂੰ ਜਿੱਤ ਨਸੀਬ ਹੋਈ |
ਆਜ਼ਾਦ ਨੇ ਇਹ ਵੀ ਲਿਖਿਆ ਹੈ-ਯੂ ਪੀ ਏ ਸਰਕਾਰ ਦੀ ਅਖੰਡਤਾ ਨੂੰ ਤਬਾਹ ਕਰਨ ਵਾਲਾ ਰਿਮੋਟ ਕੰਟਰੋਲ ਸਿਸਟਮ ਹੁਣ ਕਾਂਗਰਸ ਉੱਤੇ ਲਾਗੂ ਹੋ ਰਿਹਾ ਹੈ | ਤੁਸੀਂ (ਸੋਨੀਆ) ਬੱਸ ਨਾਂਅ ਲਈ ਇਸ ਅਹੁਦੇ ‘ਤੇ ਬੈਠੇ ਹੋ | ਸਾਰੇ ਜ਼ਰੂਰੀ ਫੈਸਲੇ ਰਾਹੁਲ ਲੈ ਰਹੇ ਹਨ, ਉਸਤੋਂ ਵੀ ਬਦਤਰ ਇਹ ਹੈ ਕਿ ਉਨ੍ਹਾ ਦੇ ਸਕਿਉਰਟੀ ਗਾਰਡ ਤੇ ਪੀ ਏ ਇਹ ਫੈਸਲੇ ਲੈ ਰਹੇ ਹਨ | ਆਜ਼ਾਦ ਨੇ ਇੰਦਰਾ ਗਾਂਧੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ-1977 ਦੇ ਬਾਅਦ ਸੰਜੇ ਗਾਂਧੀ ਦੀ ਅਗਵਾਈ ਵਿਚ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੇ ਤੌਰ ‘ਤੇ ਮੈਂ ਹਜ਼ਾਰਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਗਿਆ | ਤਿਹਾੜ ਜੇਲ੍ਹ ਵਿਚ ਮੇਰਾ ਲੰਬਾ ਸਮਾਂ 20 ਦਸੰਬਰ 1978 ਤੋਂ ਜਨਵਰੀ 1979 ਤੱਕ ਸੀ | ਉਦੋਂ ਮੈਂ ਇੰਦਰਾ ਗਾਂਧੀ ਜੀ ਦੀ ਗਿ੍ਫਤਾਰੀ ਵਿਰੁੱਧ ਜਾਮਾ ਮਸਜਿਦ ਤੋਂ ਸੰਸਦ ਭਵਨ ਤੱਕ ਪ੍ਰੋਟੈੱਸਟ ਮਾਰਚ ਕੀਤਾ ਸੀ | ਅਸੀਂ ਜਨਤਾ ਪਾਰਟੀ ਦਾ ਵਿਰੋਧ ਕੀਤਾ ਸੀ ਤੇ ਉਸ ਪਾਰਟੀ ਦੇ ਕਾਇਆਕਲਪ ਦਾ ਰਾਹ ਬਣਾਇਆ, ਜਿਸ ਦੀ ਨੀਂਹ 1978 ਵਿਚ ਇੰਦਰਾ ਗਾਂਧੀ ਜੀ ਨੇ ਰੱਖੀ ਸੀ | ਤਿੰਨ ਸਾਲ ਦੇ ਮਹਾਨ ਸੰਘਰਸ਼ ਦੇ ਬਾਅਦ 1980 ਵਿਚ ਕਾਂਗਰਸ ਪਾਰਟੀ ਦੁਬਾਰਾ ਸੱਤਾ ਵਿਚ ਪਰਤੀ |
ਆਜ਼ਾਦ ਨੇ ਸੰਜੇ ਗਾਂਧੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ-ਵਿਦਿਆਰਥੀ ਜੀਵਨ ਤੋਂ ਹੀ ਮੈਂ ਆਜ਼ਾਦੀ ਦੀ ਅਲਖ ਜਗਾਉਣ ਵਾਲੇ ਗਾਂਧੀ, ਨਹਿਰੂ, ਪਟੇਲ, ਅਬੁਲ ਕਲਾਮ ਆਜ਼ਾਦ ਤੇ ਸੁਭਾਸ਼ ਚੰਦਰ ਬੋਸ ਦੇ ਵਿਚਾਰਾਂ ਤੋਂ ਪ੍ਰਭਾਵਤ ਹੋਇਆ ਸੀ | ਸੰਜੇ ਗਾਂਧੀ ਦੇ ਕਹਿਣ ‘ਤੇ ਮੈਂ 1975-76 ਵਿਚ ਜੰਮੂ-ਕਸ਼ਮੀਰ ਯੂਥ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ | ਕਸ਼ਮੀਰ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰਨ ਦੇ ਬਾਅਦ 1973-75 ਤੱਕ ਮੈਂ ਕਾਂਗਰਸ ਦੇ ਬਲਾਕ ਜਨਰਲ ਸਕੱਤਰ ਦੀ ਜ਼ਿੰਮੇਦਾਰੀ ਵੀ ਨਿਭਾਈ | ਸੰਜੇ ਗਾਂਧੀ ਦੀ ਦੁਖਦ ਮੌਤ ਤੋਂ ਬਾਅਦ 1980 ਵਿਚ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ | ਰਾਜੀਵ ਬਾਰੇ ਗੱਲ ਕਰਦਿਆਂ ਆਜ਼ਾਦ ਨੇ ਲਿਖਿਆ ਹੈ-ਯੂਥ ਕਾਂਗਰਸ ਦਾ ਪ੍ਰਧਾਨ ਰਹਿੰਦਿਆਂ ਮੈਨੂੰ ਤੁਹਾਡੇ (ਸੋਨੀਆ) ਪਤੀ ਰਾਜੀਵ ਗਾਂਧੀ ਨੂੰ ਯੂਥ ਕਾਂਗਰਸ ਦੀ ਕੌਮੀ ਕੌਂਸਲ ਦਾ ਮੈਂਬਰ ਬਣਾਉਣ ਦਾ ਸੁਭਾਗ ਮਿਲਿਆ | 1981 ਵਿਚ ਕਾਂਗਰਸ ਦੇ ਸਪੈਸ਼ਲ ਸੈਸ਼ਨ ਵਿਚ ਰਾਜੀਵ ਗਾਂਧੀ ਯੂਥ ਕਾਂਗਰਸ ਦੇ ਪ੍ਰਧਾਨ ਬਣਾਏ ਗਏ | ਇਹ ਵੀ ਮੇਰੀ ਪ੍ਰਧਾਨਗੀ ਵਿਚ ਹੋਇਆ | ਮੈਂ ਰਾਜੀਵ ਗਾਂਧੀ ਦੇ ਕਾਂਗਰਸ ਸੰਸਦੀ ਬੋਰਡ ਦਾ ਪ੍ਰਧਾਨ ਬਣਨ ਤੋਂ ਲੈ ਕੇ ਉਨ੍ਹਾ ਦੀ ਦੁਖਦ ਹੱਤਿਆ ਤੱਕ ਬੋਰਡ ਦਾ ਮੈਂਬਰ ਰਿਹਾ | 2014 ਦੀਆਂ ਲੋਕਸਭਾ ਚੋਣਾਂ ਵਿਚ ਹਾਰ ਦਾ ਜ਼ਿਕਰ ਕਰਦਿਆਂ ਆਜ਼ਾਦ ਨੇ ਲਿਖਿਆ ਹੈ-ਕਾਂਗਰਸ ਦੀ ਬਰਬਾਦੀ ਦੀ ਸਭ ਤੋਂ ਉਭਰਵੀਂ ਮਿਸਾਲ ਉਹ ਹੈ, ਜਦੋਂ ਰਾਹੁਲ ਗਾਂਧੀ ਨੇ ਸਰਕਾਰ ਦੇ ਆਰਡੀਨੈਂਸ ਨੂੰ ਪੂਰੇ ਮੀਡੀਆ ਦੇ ਸਾਹਮਣੇ ਟੁਕੜੇ-ਟੁਕੜੇ ਕਰ ਦਿੱਤਾ | ਕਾਂਗਰਸ ਕੋਰ ਗਰੁੱਪ ਨੇ ਹੀ ਇਹ ਆਰਡੀਨੈਂਸ ਤਿਆਰ ਕੀਤਾ ਸੀ | ਕੈਬਨਿਟ ਤੇ ਰਾਸ਼ਟਰਪਤੀ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ | ਇਸ ਬਚਕਾਨਾ ਹਰਕਤ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਹਸਤੀ ਨੂੰ ਖਤਮ ਕਰ ਦਿੱਤਾ | ਕਿਸੇ ਵੀ ਚੀਜ਼ ਤੋਂ ਵੱਧ ਇਹ ਇਕਲੌਤੀ ਹਰਕਤ 2014 ਵਿਚ ਯੂ ਪੀ ਏ ਸਰਕਾਰ ਦੀ ਹਾਰ ਦਾ ਵੱਡਾ ਕਾਰਨ ਬਣੀ | 2014 ਵਿਚ ਤੁਹਾਡੀ ਤੇ ਉਸ ਦੇ ਬਾਅਦ ਰਾਹੁਲ ਦੀ ਅਗਵਾਈ ਵਿਚ ਕਾਂਗਰਸ ਸ਼ਰਮਨਾਕ ਤਰੀਕੇ ਨਾਲ ਦੋ ਲੋਕਸਭਾ ਚੋਣਾਂ ਹਾਰੀ | 2014 ਤੋਂ 2022 ਤੱਕ 49 ਅਸੰਬਲੀ ਚੋਣਾਂ ਵਿੱਚੋਂ 39 ਹਾਰ ਗਏ | ਪਾਰਟੀ ਨੇ ਸਿਰਫ ਚਾਰ ਰਾਜਾਂ ਵਿਚ ਚੋਣ ਜਿੱਤੀ ਤੇ 6 ਮੌਕਿਆਂ ‘ਤੇ ਉਸ ਨੂੰ ਗੱਠਜੋੜ ਵਿਚ ਸ਼ਾਮਲ ਹੋਣਾ ਪਿਆ | ਹੁਣ ਕਾਂਗਰਸ ਸਿਰਫ 2 ਰਾਜਾਂ ਵਿਚ ਰਾਜ ਕਰ ਰਹੀ ਹੈ ਤੇ 2 ਰਾਜਾਂ ਵਿਚ ਗੱਠਜੋੜ ਵਿਚ ਉਸ ਦੀ ਮਾਮੂਲੀ ਹਿੱਸੇਦਾਰੀ ਹੈ | ਹਾਰ ਦੇ ਬਾਅਦ ਰਾਹੁਲ ਨੇ ਪ੍ਰਧਾਨਗੀ ਛੱਡ ਦਿੱਤੀ | ਉਸ ਤੋਂ ਪਹਿਲਾਂ ਉਨ੍ਹਾ ਕਾਂਗਰਸ ਵਰਕਿੰਗ ਕਮੇਟੀ ਵਿਚ ਹਰ ਸੀਨੀਅਰ ਆਗੂ ਦੀ ਬੇਇੱਜ਼ਤੀ ਕੀਤੀ, ਜਿਨ੍ਹਾਂ ਪਾਰਟੀ ਲਈ ਆਪਣੀਆਂ ਜ਼ਿੰਦਗੀਆਂ ਲਾਈਆਂ | ਫਿਰ ਤੁਸੀਂ (ਸੋਨੀਆ) ਅੰਤਰਮ ਪ੍ਰਧਾਨ ਬਣੇ | ਪਿਛਲੇ ਤਿੰਨ ਸਾਲ ਤੋਂ ਤੁਸੀਂ ਇਹ ਜ਼ਿੰਮੇਦਾਰੀ ਸੰਭਾਲ ਰਹੇ ਹੋ | ਇਹ ਨੋਟ ਕਰਨਾ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ ਕਿ ਆਜ਼ਾਦ ਦਾ ਰਾਜਸਭਾ ਦਾ ਕਾਰਜਕਾਲ 15 ਫਰਵਰੀ 2021 ਨੂੰ ਖਤਮ ਹੋ ਗਿਆ ਸੀ | ਉਨ੍ਹਾ ਨੂੰ ਉਮੀਦ ਸੀ ਕਿ ਪਾਰਟੀ ਕਿਸੇ ਰਾਜ ਤੋਂ ਉਨ੍ਹਾ ਨੂੰ ਮੁੜ ਰਾਜਸਭਾ ਭੇਜੇਗੀ, ਪਰ ਕਾਂਗਰਸ ਨੇ ਨਹੀਂ ਭੇਜਿਆ | ਆਜ਼ਾਦ ਦਾ ਕਾਰਜਕਾਲ ਖਤਮ ਹੋਣ ਵਾਲੇ ਦਿਨ ਉਨ੍ਹਾ ਨੂੰ ਵਿਦਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਹੋ ਗਏ ਸਨ | 2022 ਵਿਚ ਮੋਦੀ ਸਰਕਾਰ ਨੇ ਆਜ਼ਾਦ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ | ਕਾਂਗਰਸ ਦੇ ਕਈ ਆਗੂਆਂ ਨੂੰ ਇਹ ਪਸੰਦ ਨਹੀਂ ਆਇਆ | ਉਨ੍ਹਾਂ ਮੁਤਾਬਕ ਆਜ਼ਾਦ ਨੂੰ ਇਹ ਸਨਮਾਨ ਨਹੀਂ ਲੈਣਾ ਚਾਹੀਦਾ ਸੀ |