ਲੋਕ ਹਿੱਤ ਵਿਚ ਸਕੀਮਾਂ ਲਾਗੂ ਕਰਨ ਵਾਲੀ ਕੇਰਲਾ ਸਰਕਾਰ ਨੇ ਪਿਛਲੇ ਦਿਨੀਂ ਸੁਰੱਖਿਅਤ ਤੇ ਸਰਕਾਰ ਵੱਲੋਂ ਤੈਅ ਵਾਜਬ ਕਿਰਾਏ ‘ਤੇ ਸਫਰ ਯਕੀਨੀ ਬਣਾਉਣ ਲਈ ‘ਕੇਰਲਾ ਸਵਾਰੀ’ ਦੀ ਰਾਜਧਾਨੀ ਤਿਰੁਅਨੰਤਪੁਰਮ ਤੋਂ ਸ਼ੁਰੂਆਤ ਕੀਤੀ | ਇਹ ਪਹਿਲਕਦਮੀ ਸਰਕਾਰੀ ਅਦਾਰੇ ਮੋਟਰ ਵਰਕਰਜ਼ ਵੈਲਫੇਅਰ ਬੋਰਡ ਨੇ ਕਿਰਤ ਵਿਭਾਗ ਦੀ ਛਤਰ-ਛਾਇਆ ਵਿਚ ਕੀਤੀ ਹੈ | ਇਸ ਨੂੰ ਨਿੱਜੀ ਆਟੋ ਤੇ ਕਾਰਾਂ ਵਾਲੇ ਚਲਾਉਣਗੇ | ਹੋਰ ਨਿੱਜੀ ਕੈਬ ਕੰਪਨੀਆਂ ਸਵੇਰੇ ਡਿਊਟੀ ਜਾਣ ਤੇ ਸ਼ਾਮ ਨੂੰ ਡਿਊਟੀ ਤੋਂ ਛੁੱਟੀ ਦੇ ਸਮੇਂ ਜਾਂ ਮੇਲਿਆਂ-ਤਿਉਹਾਰਾਂ ‘ਤੇ ਕਈ ਵਾਰ ਡੇਢ ਗੁਣਾ ਤੱਕ ਕਿਰਾਏ ਵਧਾ ਦਿੰਦੀਆਂ ਹਨ, ਪਰ ਕੇਰਲਾ ਸਵਾਰੀ ਦਾ ਕਿਰਾਇਆ ਇੱਕੋ ਰਹੇਗਾ | ਆਨਲਾਈਨ ਟੈਕਸੀ ਕੰਪਨੀਆਂ 20 ਤੋਂ 30 ਫੀਸਦੀ ਤੱਕ ਸਰਵਿਸ ਚਾਰਜ ਲੈਂਦੀਆਂ ਹਨ, ਪਰ ਕੇਰਲਾ ਸਵਾਰੀ ਸਿਰਫ 8 ਫੀਸਦੀ ਸਰਵਿਸ ਚਾਰਜ ਲਏਗੀ | ਇਸ ਤੋਂ ਵੀ ਵਧ ਕੇ ਸਰਵਿਸ ਚਾਰਜ ਵਜੋਂ ਇਕੱਤਰ ਰਕਮ ਮੁਸਾਫਰਾਂ ਤੇ ਡਰਾਈਵਰਾਂ ਨੂੰ ਉਤਸ਼ਾਹਤ ਕਰਨ ‘ਤੇ ਖਰਚੀ ਜਾਏਗੀ |
ਕੇਰਲਾ ਸਵਾਰੀ ਵਿਚ ਬੱਚਿਆਂ, ਮਹਿਲਾਵਾਂ ਤੇ ਬਜ਼ੁਰਗਾਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਗਿਆ ਹੈ | ਇਸ ਸਕੀਮ ਤਹਿਤ ਆਟੋ ਜਾਂ ਕਾਰ ਚਲਾਉਣ ਵਾਲੇ ਡਰਾਈਵਰ ਲਈ ਪੁਲਸ ਕਲੀਅਰੈਂਸ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ | ਕਿਸੇ ਖਤਰੇ ਵੇਲੇ ਬਚਾਅ ਕਰਨ ਲਈ ਆਨਲਾਈਨ ਐਪ ਵਿਚ ਪੈਨਿਕ ਬਟਨ ਦੀ ਵਿਵਸਥਾ ਕੀਤੀ ਗਈ ਹੈ | ਕਾਰ ਹਾਦਸੇ ਦੀ ਸੂਰਤ ਵਿਚ ਜਾਂ ਕਿਸੇ ਹੋਰ ਖਤਰੇ ਕਾਰਨ ਬਟਨ ਦਬਾਇਆ ਜਾ ਸਕਦਾ ਹੈ | ਇਸਤੋਂ ਇਲਾਵਾ ਇਸ ਦੀ ਇਕ ਖੂਬੀ ਇਹ ਹੈ ਕਿ ਜੇ ਡਰਾਈਵਰ ਬਟਨ ਦੱਬੇਗਾ ਤਾਂ ਮੁਸਾਫਰ ਨੂੰ ਨਹੀਂ ਪਤਾ ਲੱਗੇਗਾ ਤੇ ਜੇ ਮੁਸਾਫਰ ਦੱਬੇਗਾ ਤਾਂ ਡਰਾਈਵਰ ਨੂੰ ਨਹੀਂ ਪਤਾ ਲੱਗੇਗਾ | ਅਜੇ ਇਸ ਤਰ੍ਹਾਂ ਹੁੰਦਾ ਹੈ ਕਿ ਖਤਰੇ ਵੇਲੇ ਬਟਨ ਦੱਬਣ ‘ਤੇ ਪੁਲਸ, ਫਾਇਰ ਫੋਰਸ ਜਾਂ ਮੋਟਰ ਵਹੀਕਲ ਡਿਪਾਰਟਮੈਂਟ ਦੀ ਆਪਸ਼ਨ ਆਉਂਦੀ ਹੈ | ਕਈ ਵਾਰ ਬੰਦਾ ਏਨਾ ਡਰ ਜਾਂਦਾ ਹੈ ਕਿ ਉਸ ਕੋਲ ਆਪਸ਼ਨ ਲੱਭਣ ਦਾ ਸਮਾਂ ਨਹੀਂ ਹੁੰਦਾ | ਕੇਰਲਾ ਸਵਾਰੀ ਵਿਚ ਬਟਨ ਦੱਬਣ ਨਾਲ ਸਿੱਧਾ ਪੁਲਸ ਕੰਟਰੋਲ ਰੂਮ ਨਾਲ ਸੰਪਰਕ ਹੋ ਜਾਵੇਗਾ | ਆਟੋ ਤੇ ਕਾਰ ਵਿਚ ਸਬਸਿਡੀ ਦੇ ਕੇ ਪੜਾਅਵਾਰ ਜੀ ਪੀ ਐੱਸ ਸਿਸਟਮ ਵੀ ਫਿੱਟ ਕੀਤਾ ਜਾਵੇਗਾ | ਇਸ ਲਈ 24 ਘੰਟੇ ਕੰਮ ਕਰਨ ਵਾਲਾ ਕਾਲ ਸੈਂਟਰ ਕਾਇਮ ਕੀਤਾ ਗਿਆ ਹੈ | ਇਹ ਮੋਟਰ ਵਰਕਰਜ਼ ਵੈੱਲਫੇਅਰ ਬੋਰਡ ਦੇ ਜ਼ਿਲ੍ਹਾ ਦਫਤਰ ਤੋਂ ਕੰਮ ਕਰੇਗਾ | ਇਹ ਕਾਲ ਸੈਂਟਰ ਸਰਵਿਸ ਨਾਲ ਸੰਬੰਧਤ ਸਾਰੇ ਮੁੱਦੇ ਤੁਰੰਤ ਹੱਲ ਕਰੇਗਾ | ਸਕੀਮ ਦੀ ਸ਼ੁਰੂਆਤ ਮੌਕੇ ਤਿਰੁਅਨੰਤਪੁਰਮ ਨਗਰ ਨਿਗਮ ਵਿਚ 321 ਆਟੋ ਰਿਕਸ਼ਾ ਤੇ 228 ਕਾਰਾਂ ਵਾਲਿਆਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਸੀ | ਇਹ ਪ੍ਰੋਜੈਕਟ ਹੌਲੀ-ਹੌਲੀ ਸਾਰੇ ਸੂਬੇ ਵਿਚ ਲਾਗੂ ਕੀਤਾ ਜਾਣਾ ਹੈ | ਕੋਲਮ, ਕੋਚੀ, ਤਿ੍ਸੂਰ, ਕੋਜ਼ੀਕੋਡ ਤੇ ਕਨੂੰਰ ਨਗਰ ਨਿਗਮਾਂ ਵਿਚ ਤਾਂ ਇਕ ਮਹੀਨੇ ਵਿਚ ਹੀ ਕੇਰਲਾ ਸਵਾਰੀ ਸ਼ੁਰੂ ਹੋ ਜਾਣੀ ਹੈ | ਇਸ ਸਕੀਮ ਦਾ ਇਕ ਖਾਸ ਪਹਿਲੂ ਇਹ ਵੀ ਹੈ ਕਿ ਡਰਾਈਵਰਾਂ ਨੂੰ ਟੂਰਿਸਟ ਗਾਈਡ ਦੀ ਵੀ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਸੈਲਾਨੀਆਂ ਨੂੰ ਬੁਨਿਆਦੀ ਜਾਣਕਾਰੀ ਮੁਹੱਈਆ ਕਰ ਸਕਣ | ਇਸ ਨਾਲ ਸੈਰਸਪਾਟਾ ਵਧਾਉਣ ‘ਚ ਵੀ ਮਦਦ ਮਿਲੇਗੀ | ਇਸ ਸਕੀਮ ਨਾਲ ਜਿੱਥੇ ਮੁਸਾਫਰਾਂ ਨੂੰ ਵਧੀਆ ਟਰਾਂਸਪੋਰਟ ਮਿਲੇਗੀ, ਉਥੇ ਬੇਰੁਜ਼ਗਾਰਾਂ ਨੂੰ ਬੱਝਵਾਂ ਰੁਜ਼ਗਾਰ ਵੀ ਮਿਲੇਗਾ | ਆਮ ਆਟੋ ਨਿਸ਼ਚਿਤ ਰੂਟ ‘ਤੇ ਚਲਦੇ ਹਨ, ਜਦਕਿ ਇਹ ਆਟੋ ਸਵਾਰੀ ਨੂੰ ਘਰ ਤੱਕ ਪਹੁੰਚਾਉਣਗੇ, ਜਿਸ ਨਾਲ ਉਸ ਨੂੰ ਆਟੋ ਬਦਲਣ ਦੀ ਪ੍ਰੇਸ਼ਾਨੀ ਤੋਂ ਮੁਕਤੀ ਮਿਲੇਗੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਕਹਿੰਦੇ ਹਨ ਕਿ ਦੂਜੇ ਸੂਬਿਆਂ ਤੋਂ ਜੇ ਕੋਈ ਚੰਗੀ ਗੱਲ ਸਿੱਖਣ ਨੂੰ ਮਿਲਦੀ ਹੈ ਤਾਂ ਸਿੱਖਣ ਵਿਚ ਕੀ ਹਰਜ਼ ਹੈ | ਉਹ ਵੀ ‘ਪੰਜਾਬ ਸਵਾਰੀ’ ਬਾਰੇ ਸੋਚ ਸਕਦੇ ਹਨ |